ਸੋਨੀਆ ਗਾਂਧੀ ਦੀ ਕਿਤਾਬ ‘ਬਿਲੌਂਗਿੰਗ: ਏ ਜਰਨੀ ਆਫ ਲਵ’ ਹੋਈ ਲਾਂਚ
- ਰਾਜੀਵ ਨਾਲ ਪ੍ਰੇਮ ਕਹਾਣੀ ਤੋਂ ਲੈ ਕੇ PM ਅਹੁਦਾ ਠੁਕਰਾਉਣ ਤੱਕ ਦਾ ਸਫ਼ਰ ਬਿਆਨ
- ਬਿਨਾਂ ਕਿਸੇ ਰਸਮੀ ਸਮਾਗਮ ਦੇ ਕਿਤਾਬ ਦੀ ਵਿਕਰੀ ਸ਼ੁਰੂ
- ਸੋਨੀਆ ਨੇ ਕਿਹਾ- ਇਹ ਸਿਆਸੀ ਨਹੀਂ, ਸਗੋਂ ਮੇਰੀ ਨਿੱਜੀ ਜ਼ਿੰਦਗੀ ਅਤੇ ਪਰਿਵਾਰ ਦੀ ਕਹਾਣੀ ਹੈ
ਨਵੀਂ ਦਿੱਲੀ: ਕਾਂਗਰਸ ਦੀ ਸੀਨੀਅਰ ਆਗੂ ਸੋਨੀਆ ਗਾਂਧੀ ਦੀ ਆਤਮਕਥਾ ‘ਬਿਲੌਂਗਿੰਗ: ਏ ਜਰਨੀ ਆਫ ਲਵ’ 10 ਨਵੰਬਰ ਨੂੰ ਬਾਜ਼ਾਰ ਵਿੱਚ ਆ ਗਈ ਹੈ। ਬਿਨਾਂ ਕਿਸੇ ਰਸਮੀ ਲਾਂਚ ਸਮਾਗਮ ਦੇ ਕਿਤਾਬ ਸਿੱਧੀ ਕਿਤਾਬਾਂ ਦੀਆਂ ਦੁਕਾਨਾਂ ’ਤੇ ਵਿਕਰੀ ਲਈ ਉਪਲਬਧ ਹੋ ਗਈ ਹੈ। ਹਾਰਪਰਕੋਲਿਨਜ਼ ਇੰਡੀਆ ਵੱਲੋਂ ਪ੍ਰਕਾਸ਼ਿਤ ਇਸ ਕਿਤਾਬ ਵਿੱਚ ਸੋਨੀਆ ਨੇ ਆਪਣੀ ਨਿੱਜੀ ਜ਼ਿੰਦਗੀ, ਰਾਜੀਵ ਗਾਂਧੀ ਨਾਲ ਰਿਸ਼ਤੇ, ਗਾਂਧੀ ਪਰਿਵਾਰ ਨਾਲ ਜੁੜੀਆਂ ਤ੍ਰਾਸਦੀਆਂ ਅਤੇ 2004 ਵਿੱਚ ਪ੍ਰਧਾਨ ਮੰਤਰੀ ਦਾ ਅਹੁਦਾ ਠੁਕਰਾਉਣ ਦੇ ਫੈਸਲੇ ਬਾਰੇ ਗੱਲ ਕੀਤੀ ਹੈ। ਸੋਨੀਆ ਨੇ ਇਸ ਕਿਤਾਬ ਨੂੰ ਸਿਆਸੀ ਦਸਤਾਵੇਜ਼ ਦੀ ਬਜਾਏ ਆਪਣੀ ਨਿੱਜੀ ਕਹਾਣੀ ਦੱਸਿਆ ਹੈ। 24 ਅਕਤੂਬਰ ਨੂੰ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਵੀਡੀਓ ਵਿੱਚ ਉਨ੍ਹਾਂ ਕਿਹਾ ਸੀ ਕਿ ਦਹਾਕਿਆਂ ਤੋਂ ਦੂਜੇ ਲੋਕ ਉਨ੍ਹਾਂ ਦੀ ਕਹਾਣੀ ਦੱਸਦੇ ਆ ਰਹੇ ਹਨ, ਹੁਣ ਆਪਣੀ ਕਹਾਣੀ ਖੁਦ ਬਿਆਨ ਕਰਨ ਦੀ ਵਾਰੀ ਉਨ੍ਹਾਂ ਦੀ ਹੈ।
‘ਹੁਣ ਮੈਂ ਆਪਣੀ ਕਹਾਣੀ ਖੁਦ ਦੱਸਣਾ ਚਾਹੁੰਦੀ ਸੀ’
ਸੋਨੀਆ ਮੁਤਾਬਕ ਉਨ੍ਹਾਂ ਨੇ ਜ਼ਿੰਦਗੀ ਦਾ ਵੱਡਾ ਹਿੱਸਾ ਆਪਣੀ ਨਿੱਜੀ ਦੁਨੀਆ ਤੱਕ ਸੀਮਤ ਰੱਖਿਆ। ਉਨ੍ਹਾਂ ਕਿਹਾ ਕਿ ਦੁੱਖ ਨੇ ਉਨ੍ਹਾਂ ਨੂੰ ਰਾਜਨੀਤੀ ਵਿੱਚ ਆਉਣ ਲਈ ਪ੍ਰੇਰਿਤ ਕੀਤਾ, ਪਰ ਇਸ ਦੇ ਬਾਵਜੂਦ ਉਨ੍ਹਾਂ ਨੇ ਨਿੱਜੀ ਜ਼ਿੰਦਗੀ ਨੂੰ ਜਨਤਕ ਹੋਣ ਤੋਂ ਬਚਾਉਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਦੱਸਿਆ ਕਿ ਆਪਣੇ ਬਾਰੇ ਲਿਖਣਾ ਉਨ੍ਹਾਂ ਲਈ ਆਸਾਨ ਨਹੀਂ ਸੀ। ਪਰਿਵਾਰ ਬਾਰੇ ਕਾਫ਼ੀ ਕੁਝ ਲਿਖਿਆ ਗਿਆ ਹੈ, ਪਰ ਸ਼ਾਇਦ ਹੀ ਕਿਸੇ ਨੇ ਇਹ ਸਮਝਣ ਦੀ ਕੋਸ਼ਿਸ਼ ਕੀਤੀ ਕਿ ਪਰਿਵਾਰ ਦੇ ਮੈਂਬਰ ਅਸਲ ਵਿੱਚ ਕਿਹੋ ਜਿਹੇ ਇਨਸਾਨ ਸਨ। ਉਹ ਭਾਰਤ ਵਿੱਚ ਪੰਜ ਦਹਾਕਿਆਂ ਤੋਂ ਵੱਧ ਸਮੇਂ ਦੌਰਾਨ ਆਏ ਬਦਲਾਅ ਨੂੰ ਵੀ ਇਸ ਕਿਤਾਬ ਰਾਹੀਂ ਸਾਂਝਾ ਕਰਨਾ ਚਾਹੁੰਦੀ ਸੀ।
ਰਾਜੀਵ ਨਾਲ ਪ੍ਰੇਮ ਕਹਾਣੀ ਅਤੇ ਭਾਰਤ ਨਾਲ ਜੁੜਾਅ
‘ਦਿ ਹਿੰਦੂ’ ਨੂੰ ਦਿੱਤੇ ਇੰਟਰਵਿਊ ਵਿੱਚ ਸੋਨੀਆ ਨੇ ਰਾਜੀਵ ਗਾਂਧੀ ਨਾਲ ਆਪਣੇ ਰਿਸ਼ਤੇ ਬਾਰੇ ਕਿਹਾ ਕਿ ਇਹ ਸਿਰਫ਼ ਦੋ ਲੋਕਾਂ ਦੀ ਪ੍ਰੇਮ ਕਹਾਣੀ ਨਹੀਂ, ਸਗੋਂ ਉਸ ਪਰਿਵਾਰ ਅਤੇ ਦੇਸ਼ ਨਾਲ ਪਿਆਰ ਦੀ ਕਹਾਣੀ ਵੀ ਹੈ, ਜਿਸ ਨਾਲ ਰਾਜੀਵ ਦਾ ਸਬੰਧ ਸੀ। ਹੌਲੀ-ਹੌਲੀ ਉਹ ਵੀ ਉਸ ਪਰਿਵਾਰ ਅਤੇ ਦੇਸ਼ ਦਾ ਹਿੱਸਾ ਬਣ ਗਈ। ਉਨ੍ਹਾਂ ਕਿਹਾ ਕਿ ਜਦੋਂ ਉਨ੍ਹਾਂ ਨੂੰ ਲੱਗਾ ਕਿ ਪਰਿਵਾਰ ਵੱਲੋਂ ਕੀਤੀਆਂ ਕੁਰਬਾਨੀਆਂ ਦਾ ਮਕਸਦ ਖ਼ਤਰੇ ਵਿੱਚ ਹੈ ਅਤੇ ਕਾਂਗਰਸ ਪਾਰਟੀ ਕਮਜ਼ੋਰ ਹੋ ਰਹੀ ਹੈ, ਤਾਂ ਉਨ੍ਹਾਂ ਨੂੰ ਜਨਤਕ ਜੀਵਨ ਵਿੱਚ ਆਉਣ ਦੀ ਲੋੜ ਮਹਿਸੂਸ ਹੋਈ। ਸੋਨੀਆ ਨੇ ਕਿਹਾ ਕਿ ਰਾਜੀਵ ਨੂੰ ਮਿਲਿਆਂ 60 ਸਾਲ ਹੋ ਗਏ ਹਨ, ਪਰ ਉਹ ਅੱਜ ਵੀ ਮੂਲ ਰੂਪ ਵਿੱਚ ਉਹੀ ਇਨਸਾਨ ਹਨ। ਹਾਲਾਂਕਿ, ਹੁਣ ਉਹ ਪਹਿਲਾਂ ਵਾਂਗ ਜ਼ਿਆਦਾ ਹੱਸਦੇ ਨਹੀਂ ਹਨ।
ਇੰਦਰਾ ਅਤੇ ਰਾਜੀਵ ਤੋਂ ਸਿੱਖੇ ਜ਼ਿੰਦਗੀ ਦੇ ਸਬਕ
ਸੋਨੀਆ ਮੁਤਾਬਕ ਜਦੋਂ ਉਹ ਭਾਰਤ ਆਈ ਸੀ ਤਾਂ ਉਨ੍ਹਾਂ ਨੂੰ ਦੇਸ਼ ਬਾਰੇ ਬਹੁਤ ਘੱਟ ਜਾਣਕਾਰੀ ਸੀ। ਅੱਜ ਉਹ ਜੋ ਕੁਝ ਵੀ ਹਨ ਅਤੇ ਭਾਰਤ ਬਾਰੇ ਜੋ ਕੁਝ ਜਾਣਦੀ ਹੈ, ਉਸ ਵਿੱਚ ਰਾਜੀਵ ਗਾਂਧੀ ਅਤੇ ਇੰਦਰਾ ਗਾਂਧੀ ਦਾ ਵੱਡਾ ਯੋਗਦਾਨ ਹੈ। ਉਨ੍ਹਾਂ ਦੋਵਾਂ ਦੀ ਹਿੰਮਤ, ਦੂਜਿਆਂ ਪ੍ਰਤੀ ਸੰਵੇਦਨਸ਼ੀਲਤਾ, ਧਰਮ ਨਿਰਪੱਖ ਅਤੇ ਲੋਕਤੰਤਰੀ ਭਾਰਤ ਵਿੱਚ ਵਿਸ਼ਵਾਸ ਅਤੇ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਦੀ ਭਾਵਨਾ ਨੂੰ ਆਪਣੀ ਪ੍ਰੇਰਣਾ ਦੱਸਿਆ।
ਐਮਰਜੈਂਸੀ ਬਾਰੇ ਵੀ ਰੱਖਿਆ ਆਪਣਾ ਪੱਖ
ਐਮਰਜੈਂਸੀ ਦੌਰਾਨ ਹੋਈਆਂ ਘਟਨਾਵਾਂ ਬਾਰੇ ਸੋਨੀਆ ਨੇ ਕਿਹਾ ਕਿ ਉਸ ਸਮੇਂ ਅਸਲ ਵਿੱਚ ਕੀ ਹੋ ਰਿਹਾ ਸੀ ਅਤੇ ਹਾਲਾਤ ਕਿੰਨੇ ਗੰਭੀਰ ਸਨ, ਇਸ ਦਾ ਅਹਿਸਾਸ ਉਨ੍ਹਾਂ ਨੂੰ ਐਮਰਜੈਂਸੀ ਖ਼ਤਮ ਹੋਣ ਤੋਂ ਬਾਅਦ ਹੋਇਆ। ਉਨ੍ਹਾਂ ਮੰਨਿਆ ਕਿ ਉਸ ਦੌਰ ਵਿੱਚ ਲੋਕਤੰਤਰੀ ਅਧਿਕਾਰਾਂ ’ਤੇ ਪਾਬੰਦੀਆਂ ਲਗਾਈਆਂ ਗਈਆਂ ਅਤੇ ਬੰਦੀ ਪ੍ਰਤੱਖੀਕਰਨ (Habeas Corpus) ਦਾ ਅਧਿਕਾਰ ਮੁਅੱਤਲ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਇੰਦਰਾ ਗਾਂਧੀ ’ਤੇ ਕੁਝ ਸੀਨੀਅਰ ਸਾਥੀਆਂ ਦਾ ਵੀ ਦਬਾਅ ਸੀ ਅਤੇ ਸਿਰਫ਼ ਸੰਜੇ ਗਾਂਧੀ ਨੂੰ ਹੀ ਉਸ ਸਮੇਂ ਦੀਆਂ ਸਾਰੀਆਂ ਕਾਰਵਾਈਆਂ ਲਈ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ। ਸੋਨੀਆ ਨੇ ਇਹ ਵੀ ਯਾਦ ਕਰਵਾਇਆ ਕਿ ਇੰਦਰਾ ਗਾਂਧੀ ਨੇ ਮਾਰਚ 1977 ਵਿੱਚ ਚੋਣਾਂ ਕਰਵਾਉਣ ਦਾ ਫੈਸਲਾ ਕੀਤਾ ਸੀ ਅਤੇ ਬਾਅਦ ਵਿੱਚ ਐਮਰਜੈਂਸੀ ਦੌਰਾਨ ਹੋਈਆਂ ਵਧੀਕੀਆਂ ’ਤੇ ਅਫ਼ਸੋਸ ਪ੍ਰਗਟਾਉਂਦਿਆਂ ਮੁਆਫ਼ੀ ਵੀ ਮੰਗੀ ਸੀ।
RSS ਅਤੇ ਭਾਜਪਾ ਬਾਰੇ ਕੀ ਕਿਹਾ ?
ਕਿਤਾਬ ਵਿੱਚ ਸੋਨੀਆ ਨੇ RSS, ਭਾਜਪਾ ਅਤੇ ਸੰਘ ਪਰਿਵਾਰ ਨੂੰ ਲੋਕਤੰਤਰ, ਧਰਮ ਨਿਰਪੱਖਤਾ ਅਤੇ ਭਾਈਚਾਰੇ ਵਰਗੀਆਂ ਸੰਵਿਧਾਨਕ ਕਦਰਾਂ-ਕੀਮਤਾਂ ਲਈ ਚੁਣੌਤੀ ਦੱਸਿਆ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦਾ ਅਧਿਕਾਰਤ ਰੁਖ ਹਮੇਸ਼ਾ ਇਹ ਰਿਹਾ ਹੈ ਕਿ ਹਰ ਨਾਗਰਿਕ ਨੂੰ ਬਿਨਾਂ ਕਿਸੇ ਡਰ ਦੇ ਆਪਣੇ ਧਰਮ ਅਤੇ ਆਸਥਾ ਦੀ ਪਾਲਣਾ ਕਰਨ ਦਾ ਸੰਵਿਧਾਨਕ ਹੱਕ ਮਿਲਣਾ ਚਾਹੀਦਾ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਵਿਚਾਰਧਾਰਕ ਅੰਤਰ ਬਾਰੇ ਉਨ੍ਹਾਂ ਕਿਹਾ ਕਿ ਦੋਵਾਂ ਦੀ ਭਾਰਤ ਨੂੰ ਲੈ ਕੇ ਸੋਚ ਵੱਖਰੀ ਹੈ। ਉਨ੍ਹਾਂ ਕਿਹਾ ਕਿ ਮੋਦੀ ਵੱਖਰੀ ਵਿਚਾਰਧਾਰਕ ਦੁਨੀਆ ਤੋਂ ਆਉਂਦੇ ਹਨ ਅਤੇ ਕਾਂਗਰਸ ਵਿੱਚ ਵੀ ਡਾ. ਮਨਮੋਹਨ ਸਿੰਘ ਤੇ ਮੱਲਿਕਾਰਜੁਨ ਖੜਗੇ ਵਰਗੀਆਂ ਉਦਾਹਰਨਾਂ ਮੌਜੂਦ ਹਨ। ਉਨ੍ਹਾਂ ਇਹ ਵੀ ਕਿਹਾ ਕਿ ਕਾਂਗਰਸ ਨੂੰ RSS ਤੋਂ ਕੁਝ ਸਿੱਖਣ ਦੀ ਲੋੜ ਨਹੀਂ ਹੈ।
2004 ਵਿੱਚ PM ਦਾ ਅਹੁਦਾ ਠੁਕਰਾਉਣ ’ਤੇ ਕੀ ਕਿਹਾ ?
ਕਿਤਾਬ ਦੇ ਇੱਕ ਅਧਿਆਇ ਵਿੱਚ 2004 ਵਿੱਚ ਪ੍ਰਧਾਨ ਮੰਤਰੀ ਦਾ ਅਹੁਦਾ ਸਵੀਕਾਰ ਨਾ ਕਰਨ ਦੇ ਫੈਸਲੇ ਦਾ ਵੀ ਜ਼ਿਕਰ ਹੈ। ਸੋਨੀਆ ਨੇ ਦੱਸਿਆ ਕਿ ਰਾਹੁਲ ਅਤੇ ਪ੍ਰਿਯੰਕਾ ਵੀ ਨਹੀਂ ਚਾਹੁੰਦੇ ਸਨ ਕਿ ਉਹ ਪ੍ਰਧਾਨ ਮੰਤਰੀ ਬਣਨ। ਇਹ ਪੁੱਛੇ ਜਾਣ ’ਤੇ ਕਿ ਜੇਕਰ ਉਹ ਪ੍ਰਧਾਨ ਮੰਤਰੀ ਬਣ ਜਾਂਦੇ ਤਾਂ UPA ਸਰਕਾਰ ਦੀਆਂ ਨੀਤੀਆਂ ਅਤੇ ਕਾਂਗਰਸ ਦੀ ਰਣਨੀਤੀ ਕਿਵੇਂ ਵੱਖਰੀ ਹੁੰਦੀ, ਉਨ੍ਹਾਂ ਕਿਹਾ ਕਿ ਇਹ ਸਵਾਲ ਉਨ੍ਹਾਂ ਦੇ ਮਨ ਵਿੱਚ ਕਦੇ ਨਹੀਂ ਆਇਆ। ਉਨ੍ਹਾਂ ਮੁਤਾਬਕ ਡਾ. ਮਨਮੋਹਨ ਸਿੰਘ ਅਤੇ ਉਨ੍ਹਾਂ ਨੇ ਇੱਕ ਟੀਮ ਵਜੋਂ ਕੰਮ ਕੀਤਾ ਅਤੇ ਦੋਵਾਂ ਦੀਆਂ ਭੂਮਿਕਾਵਾਂ ਸਪੱਸ਼ਟ ਤੌਰ ’ਤੇ ਵੱਖਰੀਆਂ ਸਨ। ਮਨਮੋਹਨ ਸਿੰਘ ਸਰਕਾਰ ਦੀ ਅਗਵਾਈ ਕਰ ਰਹੇ ਸਨ, ਜਦਕਿ ਉਹ ਪਾਰਟੀ ਦੀ ਅਗਵਾਈ ਕਰ ਰਹੇ ਸਨ।
ਕਿਤਾਬ ਲਿਖਣ ਵਿੱਚ ਲੱਗੇ ਪੰਜ ਸਾਲ
ਸੋਨੀਆ ਨੇ ਦੱਸਿਆ ਕਿ ਉਨ੍ਹਾਂ ਨੇ ਇੱਕ ਦਹਾਕੇ ਤੋਂ ਵੀ ਪਹਿਲਾਂ ਲਿਖਣਾ ਸ਼ੁਰੂ ਕਰ ਦਿੱਤਾ ਸੀ, ਪਰ ਗੰਭੀਰਤਾ ਨਾਲ ਲਿਖਣ ਦਾ ਕੰਮ ਕਰੀਬ ਪੰਜ ਸਾਲ ਪਹਿਲਾਂ ਸ਼ੁਰੂ ਹੋਇਆ। ਇਹ ਪ੍ਰਕਿਰਿਆ ਲਗਾਤਾਰ ਨਹੀਂ ਚੱਲੀ। ਕਈ ਵਾਰ ਵਿਚਾਰ ਅਤੇ ਸ਼ਬਦ ਆਸਾਨੀ ਨਾਲ ਮਿਲ ਜਾਂਦੇ ਸਨ, ਜਦਕਿ ਕਈ ਵਾਰ ਲਿਖਣਾ ਬਹੁਤ ਮੁਸ਼ਕਲ ਹੋ ਜਾਂਦਾ ਸੀ। ਕਿਤਾਬ ਦੇ ਪ੍ਰਕਾਸ਼ਕ ਪੈਂਗੁਇਨ ਤੋਂ ਹਾਰਪਰਕੋਲਿਨਜ਼ ਹੋਣ ਬਾਰੇ ਉੱਠੇ ਵਿਵਾਦਾਂ ’ਤੇ ਵੀ ਸੋਨੀਆ ਤੋਂ ਸਵਾਲ ਕੀਤਾ ਗਿਆ। ਦਾਅਵੇ ਕੀਤੇ ਗਏ ਸਨ ਕਿ ਮੋਦੀ, RSS, ਫਿਰਕਾਪ੍ਰਸਤੀ ਅਤੇ ਗਲਵਾਨ ਨਾਲ ਜੁੜੇ ਅੰਸ਼ਾਂ ਨੂੰ ਲੈ ਕੇ ਮਤਭੇਦ ਸਨ। ਇਸ ’ਤੇ ਸੋਨੀਆ ਨੇ ਕਿਹਾ ਕਿ ਉਹ ਇਨ੍ਹਾਂ ਵਿਵਾਦਾਂ ਵਿੱਚ ਖੁਦ ਨੂੰ ਸ਼ਾਮਲ ਕਰਨਾ ਪਸੰਦ ਨਹੀਂ ਕਰਨਗੇ।