ਮੁਕਤਸਰ ਸਾਹਿਬ ਪੁਲਿਸ ਦੀ ਵੱਡੀ ਕਾਰਵਾਈ, ਜ਼ਮੀਨੀ ਵਿਵਾਦ ‘ਚ 11 ਮੁਲਜ਼ਮ ਗ੍ਰਿਫ਼ਤਾਰ
ਸ੍ਰੀ ਮੁਕਤਸਰ ਸਾਹਿਬ ਪੁਲਿਸ ਦੀ ਵੱਡੀ ਕਾਰਵਾਈ; ਜਾਨੋਂ ਮਾਰਨ ਦੀ ਨੀਅਤ ਨਾਲ ਕੀਤੀ ਸੀ ਫਾਇਰਿੰਗ, 7-8 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਵੀ ਮਾਮਲਾ ਦਰਜ
Sri Muktsar Sahib News; ਜ਼ਮੀਨੀ ਵਿਵਾਦ ਨੂੰ ਲੈ ਕੇ ਫਾਇਰਿੰਗ ਕਰਨ ਅਤੇ ਇੱਕ ਵਿਅਕਤੀ ‘ਤੇ ਜਾਨਲੇਵਾ ਹਮਲਾ ਕਰਨ ਦੇ ਮਾਮਲੇ ਵਿੱਚ ਸ੍ਰੀ ਮੁਕਤਸਰ ਸਾਹਿਬ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ 11 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਮੁਲਜ਼ਮਾਂ ਕੋਲੋਂ ਚਾਰ ਪਿਸਤੌਲ ਵੀ ਬਰਾਮਦ ਕੀਤੇ ਹਨ। ਇਸ ਮਾਮਲੇ ਵਿੱਚ 7-8 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਵੀ ਕੇਸ ਦਰਜ ਕੀਤਾ ਗਿਆ ਹੈ।
ਪੁਲਿਸ ਵੱਲੋਂ ਜਾਰੀ ਜਾਣਕਾਰੀ ਅਨੁਸਾਰ ਡੀਜੀਪੀ ਪੰਜਾਬ ਅਤੇ ਆਈਜੀ ਫਰੀਦਕੋਟ ਰੇਂਜ ਦੀਆਂ ਹਦਾਇਤਾਂ ‘ਤੇ ਐੱਸਐੱਸਪੀ ਸ੍ਰੀ ਮੁਕਤਸਰ ਸਾਹਿਬ ਅਭਿਮਨਿਊ ਰਾਣਾ ਦੀ ਅਗਵਾਈ ਹੇਠ ਜ਼ਿਲ੍ਹੇ ਵਿੱਚ ਅਪਰਾਧਿਕ ਅਨਸਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ। ਇਸੇ ਤਹਿਤ ਐੱਸਪੀ (ਡੀ) ਅਸ਼ੋਕ ਮੀਨਾ ਅਤੇ ਡੀਐੱਸਪੀ ਬਚਨ ਸਿੰਘ ਦੀ ਨਿਗਰਾਨੀ ਹੇਠ ਥਾਣਾ ਸਦਰ ਦੇ ਮੁੱਖ ਅਫ਼ਸਰ ਇੰਸਪੈਕਟਰ ਹਰਪ੍ਰੀਤ ਸਿੰਘ ਦੀ ਪੁਲਿਸ ਟੀਮ ਨੇ ਇਹ ਕਾਰਵਾਈ ਅਮਲ ਵਿੱਚ ਲਿਆਂਦੀ।
ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਸਦਰਵਾਲਾ ਦੇ ਰਹਿਣ ਵਾਲੇ ਪ੍ਰਗਟ ਸਿੰਘ ਦੀ ਕਰੀਬ 8 ਕਨਾਲ ਜ਼ਮੀਨ ਪਿੰਡ ਕਬਰਵਾਲਾ ਵਿਖੇ ਸਥਿਤ ਹੈ। ਇਸ ਜ਼ਮੀਨ ਨੂੰ ਲੈ ਕੇ ਉਸ ਦਾ ਮਨਜੀਤ ਸਿੰਘ ਵਾਸੀ ਕਬਰਵਾਲਾ ਨਾਲ ਵਿਵਾਦ ਚੱਲ ਰਿਹਾ ਸੀ। ਸ਼ਿਕਾਇਤਕਰਤਾ ਮੁਤਾਬਕ ਮਨਜੀਤ ਸਿੰਘ ਨੇ ਇੱਕ ਕਨਾਲ ਜ਼ਮੀਨ ਖਰੀਦੀ ਸੀ, ਜਦਕਿ ਬਾਕੀ 7 ਕਨਾਲ ਜ਼ਮੀਨ ‘ਤੇ ਵੀ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ।
ਸ਼ਿਕਾਇਤ ਅਨੁਸਾਰ 9 ਨਵੰਬਰ 2026 ਨੂੰ ਦੁਪਹਿਰ ਕਰੀਬ 3 ਵਜੇ ਜਦੋਂ ਪ੍ਰਗਟ ਸਿੰਘ ਆਪਣੀ ਜ਼ਮੀਨ ਵਿੱਚ ਗਿਆ ਤਾਂ ਮਨਜੀਤ ਸਿੰਘ ਸਮੇਤ ਕਈ ਹੋਰ ਵਿਅਕਤੀ ਕਾਰਾਂ ਅਤੇ ਦੋ ਟਰੈਕਟਰਾਂ ‘ਤੇ ਸਵਾਰ ਹੋ ਕੇ ਉੱਥੇ ਪਹੁੰਚ ਗਏ। ਸ਼ਿਕਾਇਤਕਰਤਾ ਦਾ ਦੋਸ਼ ਹੈ ਕਿ ਉਕਤ ਵਿਅਕਤੀ ਪਿਸਤੌਲਾਂ ਨਾਲ ਲੈਸ ਸਨ ਅਤੇ ਮਨਜੀਤ ਸਿੰਘ ਨੇ ਉਸ ਨੂੰ ਜਾਨੋਂ ਮਾਰਨ ਦੀ ਨੀਅਤ ਨਾਲ ਫਾਇਰਿੰਗ ਕੀਤੀ। ਪ੍ਰਗਟ ਸਿੰਘ ਨੇ ਜ਼ਮੀਨ ‘ਤੇ ਲੇਟ ਕੇ ਆਪਣੀ ਜਾਨ ਬਚਾਈ।
11 ਵਿਅਕਤੀਆਂ ਖ਼ਿਲਾਫ਼ ਨਾਮਜ਼ਦ ਮੁਕੱਦਮਾ
ਇਸ ਸਬੰਧੀ ਥਾਣਾ ਸਦਰ ਸ੍ਰੀ ਮੁਕਤਸਰ ਸਾਹਿਬ ਵਿਖੇ ਪ੍ਰਗਟ ਸਿੰਘ ਦੇ ਬਿਆਨਾਂ ਦੇ ਆਧਾਰ ‘ਤੇ ਮੁਕੱਦਮਾ ਨੰਬਰ 351, ਮਿਤੀ 09.11.2026 ਨੂੰ ਭਾਰਤੀ ਨਿਆਂ ਸੰਹਿਤਾ ਦੀਆਂ ਧਾਰਾਵਾਂ 109, 329(3), 351(2), 296, 191(3), 190 ਅਤੇ ਆਰਮਜ਼ ਐਕਟ ਦੀਆਂ ਧਾਰਾਵਾਂ 25, 27/54/59 ਤਹਿਤ ਦਰਜ ਕੀਤਾ ਗਿਆ ਹੈ।
ਪੁਲਿਸ ਵੱਲੋਂ ਇਸ ਮਾਮਲੇ ਵਿੱਚ ਮਨਜੀਤ ਸਿੰਘ ਵਾਸੀ ਕਬਰਵਾਲਾ, ਸੁਖਵਿੰਦਰ ਸਿੰਘ ਉਰਫ਼ ਸ਼ੈਂਕੀ, ਗੁਰਨਾਮ ਸਿੰਘ ਉਰਫ਼ ਗੁਰੀ, ਗੁਰਪਾਲ ਸਿੰਘ, ਦਲਜੀਤ ਸਿੰਘ ਉਰਫ਼ ਬਾਵਾ, ਸੰਜੀਵ ਕੁਮਾਰ ਉਰਫ਼ ਸੰਜੂ, ਸ਼ਹੀਨ ਬਾਰਦਵਾਜ, ਜਸਵਿੰਦਰ ਸਿੰਘ, ਲਵਜੀਤ ਸਿੰਘ ਉਰਫ਼ ਲਵ, ਸੁਨੀਲ ਸ਼ਰਮਾ ਉਰਫ਼ ਸਾਹਿਲ ਅਤੇ ਅਕਾਸ਼ਦੀਪ ਸਿੰਘ ਉਰਫ਼ ਅਕਾਸ਼ ਨੂੰ ਨਾਮਜ਼ਦ ਕੀਤਾ ਗਿਆ ਹੈ।
ਹਥਿਆਰਾਂ ਸਬੰਧੀ ਜਾਂਚ ਜਾਰੀ
ਪੁਲਿਸ ਅਨੁਸਾਰ ਮਾਮਲੇ ਵਿੱਚ ਚਾਰ ਪਿਸਤੌਲ ਬਰਾਮਦ ਕੀਤੇ ਗਏ ਹਨ। ਮੁਲਜ਼ਮਾਂ ਦੀ ਵਾਰਦਾਤ ਵਿੱਚ ਭੂਮਿਕਾ, ਵਰਤੇ ਗਏ ਹਥਿਆਰਾਂ ਅਤੇ ਹੋਰ ਤੱਥਾਂ ਸਬੰਧੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।
ਸ੍ਰੀ ਮੁਕਤਸਰ ਸਾਹਿਬ ਪੁਲਿਸ ਨੇ ਕਿਹਾ ਹੈ ਕਿ ਜ਼ਿਲ੍ਹੇ ਵਿੱਚ ਅਮਨ-ਕਾਨੂੰਨ ਦੀ ਸਥਿਤੀ ਨੂੰ ਭੰਗ ਕਰਨ ਅਤੇ ਕਾਨੂੰਨ ਆਪਣੇ ਹੱਥ ਵਿੱਚ ਲੈਣ ਵਾਲੇ ਕਿਸੇ ਵੀ ਵਿਅਕਤੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ ਅਤੇ ਅਜਿਹੇ ਅਨਸਰਾਂ ਖ਼ਿਲਾਫ਼ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ।