116.84 ਕਰੋੜ ਦੇ ਘਪਲੇ ‘ਚ ਵੱਡੀ ਸੁਣਵਾਈ, ਨਲਿਨੀ ਮਲਿਕ ਨੇ ਮੁੜ ਮੰਗੀ ਜ਼ਮਾਨਤ
Chandigarh Smart City Scam; ਚੰਡੀਗੜ੍ਹ ਸਮਾਰਟ ਸਿਟੀ ਦੇ 116.84 ਕਰੋੜ ਰੁਪਏ ਦੇ ਕਥਿਤ ਘਪਲੇ ਮਾਮਲੇ ਵਿੱਚ ਕਰੀਬ 8 ਮਹੀਨਿਆਂ ਤੋਂ ਜੇਲ੍ਹ ਵਿੱਚ ਬੰਦ ਸਾਬਕਾ ਚੀਫ਼ ਫਾਈਨੈਂਸ਼ੀਅਲ ਅਫ਼ਸਰ (CFO) ਨਲਿਨੀ ਮਲਿਕ ਦੀ ਜ਼ਮਾਨਤ ਪਟੀਸ਼ਨ ‘ਤੇ 11 ਨਵੰਬਰ ਨੂੰ ਸੁਣਵਾਈ ਹੋਵੇਗੀ। ਨਲਿਨੀ ਮਲਿਕ ਨੇ ਸੀਬੀਆਈ ਅਦਾਲਤ ਵਿੱਚ ਮੁੜ ਰੈਗੂਲਰ ਜ਼ਮਾਨਤ ਦੀ ਅਰਜ਼ੀ ਦਾਇਰ ਕੀਤੀ ਹੈ। ਅਦਾਲਤ ਨੇ ਸੀਬੀਆਈ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਹੈ। ਜਾਂਚ ਏਜੰਸੀ 11 ਨਵੰਬਰ ਨੂੰ ਆਪਣਾ ਪੱਖ ਰੱਖੇਗੀ, ਜਿਸ ਤੋਂ ਬਾਅਦ ਅਦਾਲਤ ਜ਼ਮਾਨਤ ‘ਤੇ ਫ਼ੈਸਲਾ ਲੈ ਸਕਦੀ ਹੈ।
ਨਲਿਨੀ ਮਲਿਕ ਇਸ ਮਾਮਲੇ ਦੀ ਮੁੱਖ ਮੁਲਜ਼ਮ ਹੈ। ਉਸ ‘ਤੇ IDFC ਫਸਟ ਬੈਂਕ ਦੇ ਅਧਿਕਾਰੀਆਂ ਨਾਲ ਮਿਲੀਭੁਗਤ ਕਰਕੇ ਸਮਾਰਟ ਸਿਟੀ ਲਿਮਟਿਡ ਦੇ ਫੰਡਾਂ ਵਿੱਚ ਹੇਰਾਫੇਰੀ ਕਰਨ ਦੇ ਇਲਜ਼ਾਮ ਹਨ। ਦੋਸ਼ ਹੈ ਕਿ ਸਮਾਰਟ ਸਿਟੀ ਪ੍ਰਾਜੈਕਟ ਖ਼ਤਮ ਹੋਣ ਤੋਂ ਬਾਅਦ ਕੰਪਨੀ ਦੇ ਖਾਤੇ ਵਿੱਚ ਜਮ੍ਹਾਂ ਰਕਮ ਨਗਰ ਨਿਗਮ ਚੰਡੀਗੜ੍ਹ ਨੂੰ ਟਰਾਂਸਫਰ ਕੀਤੀ ਜਾਣੀ ਸੀ, ਪਰ ਕਰੋੜਾਂ ਰੁਪਏ ਕਥਿਤ ਤੌਰ ‘ਤੇ ਫਰਜ਼ੀ ਕੰਪਨੀਆਂ ਰਾਹੀਂ ਦੂਜੇ ਖਾਤਿਆਂ ਵਿੱਚ ਭੇਜ ਕੇ ਰੀਅਲ ਅਸਟੇਟ ਵਿੱਚ ਨਿਵੇਸ਼ ਕਰ ਦਿੱਤੇ ਗਏ।
ਸੀਬੀਆਈ ਦੀ ਜਾਂਚ ਮੁਤਾਬਕ, ਨਗਰ ਨਿਗਮ ਦੇ ਖਾਤੇ ਵਿੱਚ ਸਮਾਰਟ ਸਿਟੀ ਦੀ ਰਕਮ ਵਿੱਚੋਂ ਸਿਰਫ਼ 81 ਰੁਪਏ 20 ਪੈਸੇ ਹੀ ਪਹੁੰਚੇ। ਜਾਂਚ ਦੌਰਾਨ 11 ਕਥਿਤ ਫਰਜ਼ੀ ਫਿਕਸਡ ਡਿਪਾਜ਼ਿਟ (FDs) ਤਿਆਰ ਕੀਤੇ ਜਾਣ ਦਾ ਵੀ ਖੁਲਾਸਾ ਹੋਇਆ। ਇਲਜ਼ਾਮ ਹਨ ਕਿ ਬੈਂਕ ਵਿੱਚ ਜਮ੍ਹਾਂ ਰਕਮ ‘ਤੇ ਸ਼ੱਕ ਤੋਂ ਬਚਣ ਲਈ ਨਲਿਨੀ ਮਲਿਕ, ਬੈਂਕ ਕਰਮਚਾਰੀਆਂ ਅਤੇ ਹੋਰ ਲੋਕਾਂ ਨੇ ਮਿਲ ਕੇ ਇਹ FDs ਬਣਾਈਆਂ। ਬਾਅਦ ਵਿੱਚ ਫਰਜ਼ੀ ਕੰਪਨੀਆਂ ਰਾਹੀਂ ਪੈਸਾ ਦੂਜੇ ਖਾਤਿਆਂ ਵਿੱਚ ਭੇਜਿਆ ਗਿਆ। ਹੁਣ ਕਰੀਬ ਅੱਠ ਮਹੀਨਿਆਂ ਤੋਂ ਜੇਲ੍ਹ ਵਿੱਚ ਬੰਦ ਨਲਿਨੀ ਮਲਿਕ ਦੀ ਜ਼ਮਾਨਤ ‘ਤੇ ਸੀਬੀਆਈ ਦੇ ਜਵਾਬ ਅਤੇ ਦਲੀਲਾਂ ਸੁਣਨ ਤੋਂ ਬਾਅਦ ਅਦਾਲਤ ਫ਼ੈਸਲਾ ਕਰੇਗੀ।