ਬੀਬੀ ਜਗੀਰ ਕੌਰ ਦੀ 15 ਨਵੰਬਰ ਨੂੰ ਅਕਾਲੀ ਦਲ ’ਚ ਹੋਵੇਗੀ ਵਾਪਸੀ
- ਸੁਖਬੀਰ ਬਾਦਲ ਖੁਦ ਬੇਗੋਵਾਲ ਪਹੁੰਚ ਕੇ ਕਰਵਾਉਣਗੇ ਪਾਰਟੀ ‘ਚ ਸ਼ਮੂਲੀਅਤ
ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਵਿੱਚ ਬੀਬੀ ਜਗੀਰ ਕੌਰ ਦੀ ਵਾਪਸੀ ਨੂੰ ਲੈ ਕੇ ਨਵੀਂ ਤਰੀਕ ਤੈਅ ਕਰ ਦਿੱਤੀ ਗਈ ਹੈ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ 15 ਨਵੰਬਰ, ਐਤਵਾਰ ਨੂੰ ਕਪੂਰਥਲਾ ਜ਼ਿਲ੍ਹੇ ਦੇ ਬੇਗੋਵਾਲ ਵਿਖੇ ਪਹੁੰਚ ਕੇ ਬੀਬੀ ਜਗੀਰ ਕੌਰ ਨੂੰ ਮੁੜ ਪਾਰਟੀ ਵਿੱਚ ਸ਼ਾਮਲ ਕਰਨਗੇ। ਇਸ ਸਬੰਧੀ ਸਮਾਗਮ ਦੁਪਹਿਰ 1 ਵਜੇ ਰੱਖਿਆ ਗਿਆ ਹੈ।
ਜਾਣਕਾਰੀ ਅਨੁਸਾਰ, ਸੁਖਬੀਰ ਸਿੰਘ ਬਾਦਲ ਦਾ 13 ਨਵੰਬਰ ਨੂੰ ਬੇਗੋਵਾਲ ਪਹੁੰਚਣ ਦਾ ਪ੍ਰੋਗਰਾਮ ਤੈਅ ਸੀ, ਪਰ ਕੁਝ ਜ਼ਰੂਰੀ ਰੁਝੇਵਿਆਂ ਕਾਰਨ ਇਸ ਨੂੰ ਰੱਦ ਕਰਨਾ ਪਿਆ। ਇਸ ਤੋਂ ਬਾਅਦ ਪਾਰਟੀ ਵੱਲੋਂ ਨਵੀਂ ਤਰੀਕ 15 ਨਵੰਬਰ ਨਿਰਧਾਰਤ ਕੀਤੀ ਗਈ ਹੈ।
ਹੁਣ ਐਤਵਾਰ ਨੂੰ ਸੁਖਬੀਰ ਬਾਦਲ ਖੁਦ ਬੇਗੋਵਾਲ ਪਹੁੰਚਣਗੇ ਅਤੇ ਬੀਬੀ ਜਗੀਰ ਕੌਰ ਦੀ ਪਾਰਟੀ ਵਿੱਚ ਮੁੜ ਸ਼ਮੂਲੀਅਤ ਕਰਵਾਉਣਗੇ। ਇਸ ਨੂੰ ਬੀਬੀ ਜਗੀਰ ਕੌਰ ਦੀ ਅਕਾਲੀ ਦਲ ਵਿੱਚ ‘ਘਰ ਵਾਪਸੀ’ ਵਜੋਂ ਦੇਖਿਆ ਜਾ ਰਿਹਾ ਹੈ।
ਬੀਬੀ ਜਗੀਰ ਕੌਰ ਦੀ ਵਾਪਸੀ ਨੂੰ ਪੰਜਾਬ ਦੀਆਂ ਆਉਣ ਵਾਲੀਆਂ ਸਿਆਸੀ ਸਰਗਰਮੀਆਂ ਦੇ ਮੱਦੇਨਜ਼ਰ ਵੀ ਅਹਿਮ ਮੰਨਿਆ ਜਾ ਰਿਹਾ ਹੈ। ਹਾਲਾਂਕਿ, ਪਾਰਟੀ ਵਿੱਚ ਉਨ੍ਹਾਂ ਦੀ ਭੂਮਿਕਾ ਅਤੇ ਅੱਗੇ ਦੀਆਂ ਜ਼ਿੰਮੇਵਾਰੀਆਂ ਬਾਰੇ ਕੋਈ ਵਿਸਥਾਰਤ ਜਾਣਕਾਰੀ ਸਾਹਮਣੇ ਨਹੀਂ ਆਈ ਹੈ।