ਕੰਗਨਾ ਰਣੌਤ ਦੀਆਂ ਵਧੀਆਂ ਮੁਸ਼ਕਲਾਂ, ਸੋਨੀਆ ਗਾਂਧੀ ਬਾਰੇ ਸੋਸ਼ਲ ਮੀਡੀਆ ਪੋਸਟ ਨੂੰ ਲੈ ਕੇ FIR ਦਰਜ
ਸ਼ਿਮਲਾ: ਹਿਮਾਚਲ ਪ੍ਰਦੇਸ਼ ਦੇ ਮੰਡੀ ਤੋਂ ਭਾਜਪਾ ਸੰਸਦ ਮੈਂਬਰ ਅਤੇ ਅਦਾਕਾਰਾ ਕੰਗਨਾ ਰਣੌਤ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਕਾਂਗਰਸ ਆਗੂ ਸੋਨੀਆ ਗਾਂਧੀ ਅਤੇ ਗਾਂਧੀ ਪਰਿਵਾਰ ਬਾਰੇ ਸੋਸ਼ਲ ਮੀਡੀਆ ‘ਤੇ ਕੀਤੀਆਂ ਟਿੱਪਣੀਆਂ ਦੇ ਮਾਮਲੇ ਵਿੱਚ ਉਨ੍ਹਾਂ ਖ਼ਿਲਾਫ਼ FIR ਦਰਜ ਕੀਤੀ ਗਈ ਹੈ। ਪੁਲਿਸ ਨੇ ਭਾਰਤੀ ਨਿਆਂ ਸੰਹਿਤਾ (BNS) ਦੀਆਂ ਧਾਰਾਵਾਂ 196(1)(b), 353(2) ਅਤੇ 356(2) ਤਹਿਤ ਕੇਸ ਦਰਜ ਕੀਤਾ ਹੈ। ਇਹ ਸ਼ਿਕਾਇਤ ਸੇਵਾਮੁਕਤ ਕੈਪਟਨ ਅਤੁਲ ਸ਼ਰਮਾ ਵੱਲੋਂ ਹਿਮਾਚਲ ਪ੍ਰਦੇਸ਼ ਦੇ ਡੀਜੀਪੀ ਨੂੰ ਭੇਜੀ ਗਈ ਸੀ। ਸ਼ਿਕਾਇਤ ਵਿੱਚ 10 ਨਵੰਬਰ ਨੂੰ ਕੰਗਨਾ ਵੱਲੋਂ ਸੋਸ਼ਲ ਮੀਡੀਆ ‘ਤੇ ਕੀਤੀ ਗਈ ਪੋਸਟ ਦਾ ਹਵਾਲਾ ਦਿੰਦਿਆਂ ਅਪਰਾਧਿਕ ਮਾਮਲਾ ਦਰਜ ਕਰਨ ਅਤੇ ਸਮਾਂਬੱਧ ਜਾਂਚ ਦੀ ਮੰਗ ਕੀਤੀ ਗਈ ਸੀ।
ਡੀਜੀਪੀ ਦਫ਼ਤਰ ਤੋਂ ਇਹ ਸ਼ਿਕਾਇਤ ਐੱਸਪੀ ਸ਼ਿਮਲਾ ਦੇ ਦਫ਼ਤਰ ਪਹੁੰਚੀ, ਜਿੱਥੋਂ ਡਾਕ ਰਾਹੀਂ ਸ਼ਿਮਲਾ ਵੈਸਟ ਥਾਣੇ ਭੇਜੀ ਗਈ। ਇਸ ਤੋਂ ਬਾਅਦ ਪੁਲਿਸ ਨੇ FIR ਦਰਜ ਕਰ ਲਈ। ਮਾਮਲੇ ਦੀ ਜਾਂਚ ਏਐੱਸਆਈ ਮਦਨ ਲਾਲ ਨੂੰ ਸੌਂਪੀ ਗਈ ਹੈ। ਸ਼ਿਕਾਇਤਕਰਤਾ ਨੇ ਕੰਗਨਾ ਦੀ ਪੋਸਟ ਨੂੰ ਗੁੰਮਰਾਹਕੁੰਨ, ਬਿਨਾਂ ਪੁਸ਼ਟੀ ਵਾਲੀ ਅਤੇ ਭੜਕਾਊ ਕਰਾਰ ਦਿੰਦਿਆਂ ਖ਼ਦਸ਼ਾ ਜਤਾਇਆ ਕਿ ਇਸ ਨਾਲ ਜਨਤਕ ਸ਼ਾਂਤੀ ਅਤੇ ਸਮਾਜਿਕ ਸਦਭਾਵਨਾ ਪ੍ਰਭਾਵਿਤ ਹੋ ਸਕਦੀ ਹੈ।
ਸ਼ਿਕਾਇਤ ਵਿੱਚ ਕੀ ਲਗਾਏ ਗਏ ਦੋਸ਼ ?
ਅਤੁਲ ਸ਼ਰਮਾ ਨੇ ਦੋਸ਼ ਲਗਾਇਆ ਕਿ ਕੰਗਨਾ ਨੇ ਆਪਣੀ ਸੋਸ਼ਲ ਮੀਡੀਆ ਪੋਸਟ ਵਿੱਚ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ, ਸੰਜੇ ਗਾਂਧੀ ਅਤੇ ਰਾਜੀਵ ਗਾਂਧੀ ਦੀਆਂ ਮੌਤਾਂ ਨੂੰ ਸੋਨੀਆ ਗਾਂਧੀ ਦੇ ਸਿਆਸੀ ਉਭਾਰ ਨਾਲ ਜੋੜ ਕੇ ਪੇਸ਼ ਕੀਤਾ ਸੀ। ਸ਼ਿਕਾਇਤ ਅਨੁਸਾਰ, ਕੰਗਨਾ ਨੇ ਸੋਨੀਆ ਗਾਂਧੀ ਨੂੰ ‘ਰਹੱਸਮਈ ਵਿਦੇਸ਼ੀ ਨਾਗਰਿਕ’ ਦੱਸਦਿਆਂ ਇਨ੍ਹਾਂ ਘਟਨਾਵਾਂ ਬਾਰੇ ਸ਼ੱਕ ਪੈਦਾ ਕਰਨ ਵਾਲੀਆਂ ਟਿੱਪਣੀਆਂ ਕੀਤੀਆਂ ਸਨ। ਪੋਸਟ ਵਿੱਚ ‘ਹਾਊ ਕਨਵੀਨੀਅੰਟ’ ਵਰਗੇ ਸ਼ਬਦਾਂ ਦੀ ਵਰਤੋਂ ਕਰਦਿਆਂ ਗਾਂਧੀ ਪਰਿਵਾਰ ਦੀਆਂ ਮੌਤਾਂ ਅਤੇ ਉਸ ਤੋਂ ਬਾਅਦ ਸੋਨੀਆ ਗਾਂਧੀ ਦੇ ਸਿਆਸੀ ਪ੍ਰਭਾਵ ਵਿਚਕਾਰ ਸਬੰਧ ਹੋਣ ਦਾ ਸੰਕੇਤ ਦੇਣ ਦਾ ਵੀ ਦੋਸ਼ ਲਗਾਇਆ ਗਿਆ ਹੈ।
ਕੰਗਨਾ ਨੇ ਆਪਣੀ ਪੋਸਟ ਵਿੱਚ ਮੇਨਕਾ ਗਾਂਧੀ ਦੇ ਪਰਿਵਾਰ ਤੋਂ ਵੱਖ ਹੋਣ ਦੇ ਮਾਮਲੇ ਦਾ ਵੀ ਜ਼ਿਕਰ ਕੀਤਾ ਸੀ। ਸ਼ਿਕਾਇਤਕਰਤਾ ਦਾ ਕਹਿਣਾ ਹੈ ਕਿ ਪ੍ਰਗਟਾਵੇ ਦੀ ਆਜ਼ਾਦੀ ਦੇ ਨਾਂ ‘ਤੇ ਬਿਨਾਂ ਪੁਸ਼ਟੀ ਵਾਲੇ ਤੱਥ ਅਤੇ ਅਜਿਹੇ ਦੋਸ਼ ਫੈਲਾਉਣ ਦੀ ਖੁੱਲ੍ਹ ਨਹੀਂ ਦਿੱਤੀ ਜਾ ਸਕਦੀ, ਜਿਨ੍ਹਾਂ ਨਾਲ ਲੋਕਾਂ ਵਿੱਚ ਵੈਰ-ਵਿਰੋਧ ਜਾਂ ਅਸ਼ਾਂਤੀ ਫੈਲਣ ਦਾ ਖ਼ਦਸ਼ਾ ਹੋਵੇ।
ਇਨ੍ਹਾਂ ਧਾਰਾਵਾਂ ਤਹਿਤ ਦਰਜ ਹੋਇਆ ਕੇਸ
ਪੁਲਿਸ ਨੇ BNS ਦੀਆਂ ਧਾਰਾਵਾਂ 196(1)(b), 353(2) ਅਤੇ 356(2) ਤਹਿਤ ਮਾਮਲਾ ਦਰਜ ਕੀਤਾ ਹੈ। ਸ਼ਿਕਾਇਤਕਰਤਾ ਨੇ ਮੁੱਖ ਤੌਰ ‘ਤੇ ਧਾਰਾ 196 ਅਤੇ 353 ਤਹਿਤ ਕਾਰਵਾਈ ਦੀ ਮੰਗ ਕੀਤੀ ਸੀ। ਇਸ ਤੋਂ ਇਲਾਵਾ ਧਾਰਾ 197 ਤਹਿਤ ਵੀ ਜਾਂਚ ਕਰਨ ਦੀ ਅਪੀਲ ਕੀਤੀ ਗਈ ਸੀ, ਪਰ ਦਰਜ ਕੀਤੀ ਗਈ FIR ਵਿੱਚ ਇਸ ਧਾਰਾ ਨੂੰ ਸ਼ਾਮਲ ਨਹੀਂ ਕੀਤਾ ਗਿਆ ਹੈ। ਮਾਮਲੇ ਦੀ ਜਾਂਚ ਜਾਰੀ ਹੈ।