ਦਿੱਲੀ ਦੇ ਰਾਮਲੀਲਾ ਮੈਦਾਨ ’ਚ ਧਰਨੇ-ਪ੍ਰਦਰਸ਼ਨਾਂ ਲਈ ਨਵੇਂ ਨਿਯਮ ਬਣਾਉਣ ਦੀ ਤਿਆਰੀ
- 50 ਹਜ਼ਾਰ ਲੋਕਾਂ ਦੀ ਇਕੱਠ ਦੀ ਹੱਦ ਤੈਅ ਕਰਨ ਦਾ ਪ੍ਰਸਤਾਵ
- ਸਵੇਰੇ 10 ਤੋਂ ਸ਼ਾਮ 5 ਵਜੇ ਤੱਕ ਹੀ ਮਿਲ ਸਕੇਗੀ ਇਜਾਜ਼ਤ
- ਮੈਦਾਨ ਤੋਂ ਮਾਰਚ ਅਤੇ ਜਲੂਸ ਕੱਢਣ ’ਤੇ ਪਾਬੰਦੀ ਲਾਉਣ ਦੀ ਤਜਵੀਜ਼
ਨਵੀਂ ਦਿੱਲੀ: ਦਿੱਲੀ ਦੇ ਰਾਮਲੀਲਾ ਮੈਦਾਨ ਵਿੱਚ ਧਰਨੇ, ਪ੍ਰਦਰਸ਼ਨ ਅਤੇ ਰੈਲੀਆਂ ਕਰਵਾਉਣ ਲਈ ਨਵੇਂ ਨਿਯਮ ਲਾਗੂ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਦਿੱਲੀ ਪੁਲਿਸ ਨੇ ਇਸ ਸਬੰਧੀ ਨਵੀਂ ਮਿਆਰੀ ਕਾਰਜ ਪ੍ਰਣਾਲੀ (SOP) ਦਾ ਖਰੜਾ ਤਿਆਰ ਕੀਤਾ ਹੈ, ਜਿਸ ਵਿੱਚ ਮੈਦਾਨ ਵਿੱਚ ਵੱਧ ਤੋਂ ਵੱਧ 50 ਹਜ਼ਾਰ ਲੋਕਾਂ ਦੇ ਇਕੱਠੇ ਹੋਣ ਦਾ ਪ੍ਰਸਤਾਵ ਰੱਖਿਆ ਗਿਆ ਹੈ। ਇਸ ਤੋਂ ਇਲਾਵਾ ਪ੍ਰਦਰਸ਼ਨਾਂ ਅਤੇ ਰੈਲੀਆਂ ਲਈ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਦਾ ਸਮਾਂ ਨਿਰਧਾਰਤ ਕਰਨ ਦੀ ਤਜਵੀਜ਼ ਹੈ।
ਖਰੜੇ ਵਿੱਚ ਰਾਮਲੀਲਾ ਮੈਦਾਨ ਤੋਂ ਮਾਰਚ ਜਾਂ ਜਲੂਸ ਕੱਢਣ ’ਤੇ ਰੋਕ ਲਗਾਉਣ ਦੀ ਵੀ ਸਿਫ਼ਾਰਸ਼ ਕੀਤੀ ਗਈ ਹੈ। ਨਵੇਂ ਨਿਯਮਾਂ ਦਾ ਡਰਾਫਟ ਮਨਜ਼ੂਰੀ ਲਈ ਦਿੱਲੀ ਪੁਲਿਸ ਹੈੱਡਕੁਆਰਟਰ ਭੇਜਿਆ ਗਿਆ ਹੈ। ਉੱਥੋਂ ਮਨਜ਼ੂਰੀ ਮਿਲਣ ਤੋਂ ਬਾਅਦ ਹੀ ਇਹ ਦਿਸ਼ਾ-ਨਿਰਦੇਸ਼ ਲਾਗੂ ਕੀਤੇ ਜਾਣਗੇ।
10 ਦਿਨ ਪਹਿਲਾਂ ਦੇਣਾ ਪਵੇਗਾ ਅਰਜ਼ੀ ਪੱਤਰ
ਪ੍ਰਸਤਾਵਿਤ SOP ਮੁਤਾਬਕ, ਕਿਸੇ ਵੀ ਧਰਨੇ ਜਾਂ ਪ੍ਰਦਰਸ਼ਨ ਦੇ ਆਯੋਜਨ ਲਈ ਘੱਟੋ-ਘੱਟ 10 ਦਿਨ ਪਹਿਲਾਂ ਅਰਜ਼ੀ ਦੇਣੀ ਪਵੇਗੀ। ਸਭ ਤੋਂ ਪਹਿਲਾਂ ਪ੍ਰਬੰਧਕਾਂ ਨੂੰ ਦਿੱਲੀ ਨਗਰ ਨਿਗਮ (MCD) ਤੋਂ ਮੈਦਾਨ ਦੀ ਉਪਲਬਧਤਾ ਦਾ ਸਰਟੀਫਿਕੇਟ ਲੈਣਾ ਹੋਵੇਗਾ। ਇਸ ਤੋਂ ਬਾਅਦ ਦਿੱਲੀ ਪੁਲਿਸ ਤੋਂ ਵੱਖਰੀ ਮਨਜ਼ੂਰੀ ਲੈਣੀ ਲਾਜ਼ਮੀ ਹੋਵੇਗੀ। ਹਰੇਕ ਪ੍ਰੋਗਰਾਮ ਵਿੱਚ ਕਿੰਨੇ ਲੋਕ ਸ਼ਾਮਲ ਹੋ ਸਕਣਗੇ, ਇਸ ਦਾ ਫ਼ੈਸਲਾ ਸਮਰੱਥ ਅਧਿਕਾਰੀ ਵੱਲੋਂ ਕੀਤਾ ਜਾਵੇਗਾ। ਪ੍ਰਬੰਧਕਾਂ ਨੂੰ ਟ੍ਰੈਫਿਕ ਪੁਲਿਸ ਅਤੇ ਸਥਾਨਕ ਪੁਲਿਸ ਨਾਲ ਤਾਲਮੇਲ ਵੀ ਬਣਾਉਣਾ ਪਵੇਗਾ।
ਪਾਰਕਿੰਗ ਅਤੇ ਸੁਰੱਖਿਆ ਪ੍ਰਬੰਧਾਂ ਦੀ ਜ਼ਿੰਮੇਵਾਰੀ ਪ੍ਰਬੰਧਕਾਂ ਦੀ
ਪ੍ਰਦਰਸ਼ਨ ਵਿੱਚ ਸ਼ਾਮਲ ਹੋਣ ਵਾਲੇ ਲੋਕਾਂ ਦੇ ਵਾਹਨਾਂ ਲਈ ਪਾਰਕਿੰਗ ਅਤੇ ਉਤਾਰਨ-ਚੜ੍ਹਾਉਣ ਵਾਲੇ ਸਥਾਨਾਂ ਦਾ ਪ੍ਰਬੰਧ ਕਰਨਾ ਆਯੋਜਕਾਂ ਦੀ ਜ਼ਿੰਮੇਵਾਰੀ ਹੋਵੇਗੀ। ਸੜਕਾਂ, ਫੁੱਟਪਾਥਾਂ ਅਤੇ ਐਮਰਜੈਂਸੀ ਰਸਤਿਆਂ ਵਿੱਚ ਰੁਕਾਵਟ ਪਾਉਣ ਦੀ ਇਜਾਜ਼ਤ ਨਹੀਂ ਹੋਵੇਗੀ। ਪ੍ਰਸਤਾਵਿਤ ਨਿਯਮਾਂ ਤਹਿਤ ਪ੍ਰਦਰਸ਼ਨ ਦੌਰਾਨ ਲਾਠੀਆਂ, ਹਥਿਆਰ, ਤਲਵਾਰਾਂ, ਬਰਛੇ ਅਤੇ ਹੋਰ ਤਿੱਖੀਆਂ ਚੀਜ਼ਾਂ ਲਿਜਾਣ ’ਤੇ ਪਾਬੰਦੀ ਲਗਾਉਣ ਦੀ ਤਜਵੀਜ਼ ਹੈ। ਰਾਮਲੀਲਾ ਮੈਦਾਨ ਅਤੇ ਇਸ ਦੇ ਆਲੇ-ਦੁਆਲੇ ਡਰੋਨ ਉਡਾਉਣ ਲਈ ਵੀ ਪਹਿਲਾਂ ਤੋਂ ਮਨਜ਼ੂਰੀ ਲੈਣੀ ਪਵੇਗੀ। ਇਸ ਦੇ ਨਾਲ ਹੀ ਧੁਨੀ ਪ੍ਰਦੂਸ਼ਣ ਸਬੰਧੀ ਨਿਯਮਾਂ ਦੀ ਪਾਲਣਾ ਕਰਨੀ ਲਾਜ਼ਮੀ ਹੋਵੇਗੀ।
ਪੀਣ ਵਾਲੇ ਪਾਣੀ ਅਤੇ ਮੈਡੀਕਲ ਸਹੂਲਤਾਂ ਦਾ ਪ੍ਰਬੰਧ ਵੀ ਜ਼ਰੂਰੀ
ਆਯੋਜਕਾਂ ਨੂੰ ਪ੍ਰਦਰਸ਼ਨ ਵਾਲੀ ਥਾਂ ’ਤੇ ਪੀਣ ਵਾਲੇ ਪਾਣੀ, ਮੈਡੀਕਲ ਸਹੂਲਤਾਂ, ਪਖਾਨਿਆਂ ਅਤੇ ਸਫ਼ਾਈ ਦਾ ਢੁੱਕਵਾਂ ਪ੍ਰਬੰਧ ਕਰਨਾ ਹੋਵੇਗਾ। ਆਰਜ਼ੀ ਢਾਂਚੇ ਬਣਾਉਣ ਲਈ ਵੀ ਲੋੜੀਂਦੀਆਂ ਸੁਰੱਖਿਆ ਮਨਜ਼ੂਰੀਆਂ ਲੈਣੀਆਂ ਪੈਣਗੀਆਂ। ਦਿੱਲੀ ਪੁਲਿਸ ਦੀ ਯੋਜਨਾ ਰਾਮਲੀਲਾ ਮੈਦਾਨ ਤੋਂ ਬਾਅਦ ਬੁਰਾੜੀ ਅਤੇ ਸੀਬੀਡੀ (CBD) ਮੈਦਾਨਾਂ ਵਿੱਚ ਹੋਣ ਵਾਲੇ ਧਰਨਿਆਂ ਅਤੇ ਰੈਲੀਆਂ ਲਈ ਵੀ ਇਸੇ ਤਰ੍ਹਾਂ ਦੀ SOP ਤਿਆਰ ਕਰਨ ਦੀ ਹੈ।