ਵਿਆਹ ਤੋਂ ਕੁੱਝ ਸਮਾਂ ਪਹਿਲਾਂ ਹਾਦਸੇ ਦਾ ਸ਼ਿਕਾਰ ਹੋਈ ਲਾੜੀ ਦੀ ਕਾਰ, ਚਿੱਕੜ ‘ਚ ਲੱਥਪੱਥ ਹੋਈ ਲਾੜੀ
ਨਵੀਂ ਦਿੱਲੀ: ਵਿਅਤਨਾਮ ਵਿੱਚ ਵਿਆਹ ਤੋਂ ਕੁਝ ਘੰਟੇ ਪਹਿਲਾਂ ਲਾੜਾ-ਲਾੜੀ ਨੂੰ ਲੈ ਕੇ ਜਾ ਰਹੀ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ। ਕਾਰ ਸੜਕ ਤੋਂ ਉਤਰ ਕੇ ਝੋਨੇ ਦੇ ਚਿੱਕੜ ਭਰੇ ਖੇਤ ਵਿੱਚ ਪਲਟ ਗਈ। ਹਾਦਸੇ ਦੌਰਾਨ ਲਾੜੀ ਦਾ ਵਿਆਹ ਵਾਲਾ ਜੋੜਾ ਪੂਰੀ ਤਰ੍ਹਾਂ ਚਿੱਕੜ ਨਾਲ ਲੱਥਪੱਥ ਹੋ ਗਿਆ। ਹਾਲਾਂਕਿ ਰਾਹਤ ਦੀ ਗੱਲ ਰਹੀ ਕਿ ਲਾੜਾ-ਲਾੜੀ ਅਤੇ ਲਾੜੀ ਦੇ ਗਰਭ ਵਿੱਚ ਪਲ ਰਿਹਾ ਬੱਚਾ ਸੁਰੱਖਿਅਤ ਰਹੇ। ਹਸਪਤਾਲ ਵਿੱਚ ਜਾਂਚ ਤੋਂ ਬਾਅਦ ਵਿਆਹ ਦੀਆਂ ਰਸਮਾਂ ਵੀ ਪੂਰੀਆਂ ਕੀਤੀਆਂ ਗਈਆਂ।
ਤੇਜ਼ ਹਵਾ ਕਾਰਨ ਵਾਪਰਿਆ ਹਾਦਸਾ
ਇਹ ਘਟਨਾ ਵਿਅਤਨਾਮ ਦੇ ਤੁਯੇਨ ਕਵਾਂਗ ਸੂਬੇ ਦੀ ਹੈ। ਵੀਐਨਐਕਸਪ੍ਰੈੱਸ ਦੀ ਰਿਪੋਰਟ ਮੁਤਾਬਕ, 10 ਨਵੰਬਰ ਨੂੰ ਸਵੇਰੇ ਕਰੀਬ 10 ਵਜੇ 21 ਸਾਲਾ ਲੀ ਵਾਨ ਵਿਅਤ ਆਪਣੀ 19 ਸਾਲਾ ਲਾੜੀ ਡੈਮ ਥੀ ਸ਼ੁਆਨ ਨੂੰ ਕਾਰ ਵਿੱਚ ਲੈ ਕੇ ਜਾ ਰਹੇ ਸਨ। ਵਿਆਹ ਦੀ ਬਰਾਤ ਲਾੜੀ ਦੇ ਘਰ ਤੋਂ ਲਾੜੇ ਦੇ ਪਰਿਵਾਰ ਦੇ ਘਰ ਵੱਲ ਜਾ ਰਿਹਾ ਸੀ। ਲਾੜੇ ਦੇ ਘਰ ਤੋਂ ਕਰੀਬ ਇੱਕ ਕਿਲੋਮੀਟਰ ਪਹਿਲਾਂ ਕਾਰ ਅਚਾਨਕ ਸੜਕ ਤੋਂ ਉਤਰ ਗਈ ਅਤੇ ਲਗਭਗ ਇੱਕ ਮੀਟਰ ਹੇਠਾਂ ਝੋਨੇ ਦੇ ਚਿੱਕੜ ਭਰੇ ਖੇਤ ਵਿੱਚ ਪਲਟ ਗਈ। ਕਾਰ ਇੱਕ ਪਾਸੇ ਝੁਕ ਕੇ ਰੁਕ ਗਈ ਅਤੇ ਲਾੜੀ ਵਾਲਾ ਪਾਸਾ ਸਿੱਧਾ ਚਿੱਕੜ ਵੱਲ ਹੋ ਗਿਆ।
ਲਾੜੇ ਨੇ ਦੱਸਿਆ ਕਿ ਤੇਜ਼ ਹਵਾ ਕਾਰਨ ਕਾਰ ਦੇ ਬੋਨਟ ’ਤੇ ਲੱਗੀ ਫੁੱਲਾਂ ਦੀ ਸਜਾਵਟ ਉੱਡ ਕੇ ਵਿੰਡਸ਼ੀਲਡ ਦੇ ਸਾਹਮਣੇ ਆ ਗਈ। ਇਸ ਕਾਰਨ ਡਰਾਈਵਰ ਨੂੰ ਅੱਗੇ ਦਾ ਰਸਤਾ ਦਿਖਾਈ ਦੇਣਾ ਬੰਦ ਹੋ ਗਿਆ ਅਤੇ ਕਾਰ ਬੇਕਾਬੂ ਹੋ ਕੇ ਖੇਤ ਵਿੱਚ ਪਲਟ ਗਈ।
ਲੋਕਾਂ ਨੇ ਮਿਲ ਕੇ ਕਾਰ ’ਚੋਂ ਕੱਢਿਆ ਜੋੜਾ
ਹਾਦਸੇ ਤੋਂ ਬਾਅਦ ਵਿਆਹ ਵਿੱਚ ਸ਼ਾਮਲ ਲੋਕ ਤੁਰੰਤ ਕਾਰ ਵੱਲ ਭੱਜੇ। ਪਹਿਲਾਂ ਕੁਝ ਨੌਜਵਾਨਾਂ ਨੇ ਕਾਰ ਨੂੰ ਸਿੱਧਾ ਕਰਨ ਦੀ ਕੋਸ਼ਿਸ਼ ਕੀਤੀ, ਪਰ ਸਫਲ ਨਾ ਹੋਣ ’ਤੇ ਆਸ-ਪਾਸ ਦੇ ਦਰਜਨਾਂ ਲੋਕ ਮਦਦ ਲਈ ਪਹੁੰਚ ਗਏ। ਸਾਰਿਆਂ ਨੇ ਮਿਲ ਕੇ ਕਾਰ ਨੂੰ ਉੱਪਰ ਚੁੱਕਿਆ ਅਤੇ ਲਾੜਾ-ਲਾੜੀ ਨੂੰ ਬਾਹਰ ਕੱਢਿਆ। ਜਦੋਂ ਲਾੜੀ ਬਾਹਰ ਆਈ ਤਾਂ ਉਸ ਦਾ ਪੂਰਾ ਵਿਆਹ ਵਾਲਾ ਜੋੜਾ ਚਿੱਕੜ ਨਾਲ ਭਰਿਆ ਹੋਇਆ ਸੀ। ਉਸ ਦੇ ਵਾਲ ਅਤੇ ਕੱਪੜੇ ਵੀ ਗੰਦੇ ਹੋ ਗਏ ਸਨ।
ਗਰਭਵਤੀ ਹੋਣ ਕਾਰਨ ਵਧੀ ਪਰਿਵਾਰ ਦੀ ਚਿੰਤਾ
ਲਾੜੀ ਸ਼ੁਆਨ ਗਰਭਵਤੀ ਸੀ, ਜਿਸ ਕਾਰਨ ਹਾਦਸੇ ਤੋਂ ਬਾਅਦ ਪਰਿਵਾਰ ਅਤੇ ਮੌਕੇ ’ਤੇ ਮੌਜੂਦ ਲੋਕਾਂ ਦੀ ਚਿੰਤਾ ਹੋਰ ਵਧ ਗਈ। ਸਾਰਿਆਂ ਨੂੰ ਡਰ ਸੀ ਕਿ ਕਿਤੇ ਹਾਦਸੇ ਦਾ ਅਸਰ ਉਸ ਦੀ ਸਿਹਤ ਜਾਂ ਗਰਭ ਵਿੱਚ ਪਲ ਰਹੇ ਬੱਚੇ ’ਤੇ ਨਾ ਪਿਆ ਹੋਵੇ। ਹਾਲਾਂਕਿ, ਦੋਵਾਂ ਨੂੰ ਕੋਈ ਸੱਟ ਨਹੀਂ ਲੱਗੀ। ਲਾੜੀ ਨੂੰ ਲਾੜੇ ਦੇ ਘਰ ਲਿਜਾਇਆ ਗਿਆ, ਜਿੱਥੇ ਉਸ ਨੇ ਨਹਾ ਕੇ ਕੱਪੜੇ ਬਦਲੇ। ਇਸ ਤੋਂ ਬਾਅਦ ਪਰਿਵਾਰ ਉਸ ਨੂੰ ਹਸਪਤਾਲ ਲੈ ਗਿਆ। ਡਾਕਟਰੀ ਜਾਂਚ ਵਿੱਚ ਲਾੜੀ ਅਤੇ ਉਸ ਦਾ ਬੱਚਾ ਦੋਵੇਂ ਸੁਰੱਖਿਅਤ ਪਾਏ ਗਏ।
ਸੋਸ਼ਲ ਮੀਡੀਆ ’ਤੇ ਵਾਇਰਲ ਹੋਈਆਂ ਤਸਵੀਰਾਂ
ਹਾਦਸੇ ਤੋਂ ਬਾਅਦ ਬਚਾਅ ਕਾਰਜ ਦੀਆਂ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਈਆਂ। ਤਸਵੀਰਾਂ ਵਿੱਚ ਲਾੜੀ ਚਿੱਕੜ ਨਾਲ ਲੱਥਪੱਥ ਵਿਆਹ ਦੇ ਜੋੜੇ ਵਿੱਚ ਲਾੜੇ ਨਾਲ ਖੜ੍ਹੀ ਦਿਖਾਈ ਦਿੱਤੀ। ਲੋਕਾਂ ਨੇ ਜੋੜੇ ਨਾਲ ਹਮਦਰਦੀ ਪ੍ਰਗਟਾਈ ਅਤੇ ਹਾਦਸੇ ਦੇ ਬਾਵਜੂਦ ਵਿਆਹ ਦੀਆਂ ਰਸਮਾਂ ਪੂਰੀਆਂ ਹੋਣ ’ਤੇ ਉਨ੍ਹਾਂ ਨੂੰ ਨਵੇਂ ਜੀਵਨ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ।