ਟਾਈਗਰ ਰਿਜ਼ਰਵ ਦੇ ਅਧਿਕਾਰੀ ਦੇ ਟਿਕਾਣਿਆਂ ’ਤੇ ਰੇਡ, 2.5 ਕਿਲੋ ਸੋਨਾ ਤੇ ਡੇਢ ਕਿਲੋ ਚਾਂਦੀ ਤੇ ਨਕਦੀ ਬਰਾਮਦ
ਭੋਪਾਲ: ਮੱਧ ਪ੍ਰਦੇਸ਼ ਦੇ ਲੋਕਾਯੁਕਤ ਨੇ ਸਤਪੁੜਾ ਟਾਈਗਰ ਰਿਜ਼ਰਵ ਦੇ ਸਹਾਇਕ ਡਾਇਰੈਕਟਰ ਸੰਜੀਵ ਕੁਮਾਰ ਸ਼ਰਮਾ ਨਾਲ ਸਬੰਧਤ ਤਿੰਨ ਥਾਵਾਂ ’ਤੇ ਤਲਾਸ਼ੀ ਮੁਹਿੰਮ ਚਲਾਈ ਹੈ। ਹੁਣ ਤੱਕ ਮਿਲੀ ਜਾਇਦਾਦ ਦਾ ਮੁੱਢਲਾ ਮੁੱਲ ਕਰੀਬ 7.6 ਕਰੋੜ ਰੁਪਏ ਲਗਾਇਆ ਗਿਆ ਹੈ। ਅਧਿਕਾਰੀਆਂ ਮੁਤਾਬਕ, ਇਹ ਕਾਰਵਾਈ ਅਜੇ ਜਾਰੀ ਹੈ ਅਤੇ ਅੰਤਿਮ ਮੁੱਲ ਇਸ ਤੋਂ ਵੱਧ ਹੋ ਸਕਦਾ ਹੈ। ਲੋਕਾਯੁਕਤ ਨੂੰ ਮਿਲੀ ਸ਼ਿਕਾਇਤ ਵਿੱਚ ਦੋਸ਼ ਲਾਇਆ ਗਿਆ ਸੀ ਕਿ ਸ਼ਰਮਾ ਨੇ ਆਪਣੀ ਪਤਨੀ ਅਤੇ ਹੋਰ ਵਿਅਕਤੀਆਂ ਨਾਲ ਮਿਲ ਕੇ ਆਮਦਨ ਦੇ ਜਾਣੇ-ਪਛਾਣੇ ਸਰੋਤਾਂ ਤੋਂ ਕਿਤੇ ਵੱਧ ਜਾਇਦਾਦ ਇਕੱਠੀ ਕੀਤੀ ਹੈ। ਮੁੱਢਲੀ ਜਾਂਚ ਦੌਰਾਨ ਉਨ੍ਹਾਂ ਦੀ ਸੰਪਤੀ ਆਮਦਨ ਨਾਲੋਂ 228 ਫ਼ੀਸਦੀ ਵੱਧ ਪਾਈ ਗਈ। ਇਸ ਤੋਂ ਬਾਅਦ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਕੇਸ ਦਰਜ ਕੀਤਾ ਗਿਆ ਅਤੇ ਅਦਾਲਤ ਤੋਂ ਵਾਰੰਟ ਮਿਲਣ ਮਗਰੋਂ ਤਲਾਸ਼ੀ ਸ਼ੁਰੂ ਕੀਤੀ ਗਈ। ਲੋਕਾਯੁਕਤ ਦੀਆਂ ਟੀਮਾਂ ਨੇ ਪਚਮੜ੍ਹੀ ਸਥਿਤ ਉਨ੍ਹਾਂ ਦੇ ਸਰਕਾਰੀ ਘਰ ਅਤੇ ਦਫ਼ਤਰ ਤੋਂ ਇਲਾਵਾ ਛਿੰਦਵਾੜਾ ਵਿੱਚ ਉਨ੍ਹਾਂ ਦੇ ਨਿੱਜੀ ਘਰ ਦੀ ਜਾਂਚ ਕੀਤੀ। ਇਹ ਕਾਰਵਾਈ ਭੋਪਾਲ ਡਿਵੀਜ਼ਨ ਦੀ ਟੀਮ ਵੱਲੋਂ ਕੀਤੀ ਗਈ।
ਤਲਾਸ਼ੀ ਦੌਰਾਨ ਕੀ ਮਿਲਿਆ ?
ਲੋਕਾਯੁਕਤ ਦੇ ਮੁੱਢਲੇ ਵੇਰਵਿਆਂ ਅਨੁਸਾਰ, ਤਲਾਸ਼ੀ ਦੌਰਾਨ 26 ਲੱਖ 36 ਹਜ਼ਾਰ 800 ਰੁਪਏ ਨਕਦ ਅਤੇ 2.528 ਕਿਲੋ ਸੋਨਾ ਮਿਲਿਆ, ਜਿਸ ਦੀ ਕੀਮਤ ਕਰੀਬ 3.5 ਕਰੋੜ ਰੁਪਏ ਦੱਸੀ ਗਈ ਹੈ। ਇਸ ਤੋਂ ਇਲਾਵਾ 1.656 ਕਿਲੋ ਚਾਂਦੀ ਵੀ ਬਰਾਮਦ ਹੋਈ, ਜਿਸ ਦਾ ਮੁੱਲ ਲਗਭਗ 2.94 ਲੱਖ ਰੁਪਏ ਹੈ। ਟੀਮ ਨੇ ਚਾਰ ਵਾਹਨ ਵੀ ਜ਼ਬਤ ਕੀਤੇ ਹਨ, ਜਿਨ੍ਹਾਂ ਵਿੱਚ ਸਕਾਰਪੀਓ, ਮਹਿੰਦਰਾ ਕੇਯੂਵੀ, ਰਾਇਲ ਐਨਫੀਲਡ ਬੁਲੇਟ ਅਤੇ ਇੱਕ ਸਕੂਟਰ ਸ਼ਾਮਲ ਹਨ। ਇਨ੍ਹਾਂ ਦੀ ਕੁੱਲ ਕੀਮਤ ਕਰੀਬ 31.2 ਲੱਖ ਰੁਪਏ ਦੱਸੀ ਗਈ ਹੈ। ਘਰ ਵਿੱਚੋਂ ਲਗਭਗ 50 ਲੱਖ ਰੁਪਏ ਦਾ ਘਰੇਲੂ ਸਾਮਾਨ ਵੀ ਮਿਲਿਆ ਹੈ।
ਦੋ ਹੋਟਲ-ਰਿਜ਼ੋਰਟਾਂ ਦੀ ਵੀ ਜਾਂਚ
ਜਾਂਚ ਦੌਰਾਨ ਸ਼ਰਮਾ ਨਾਲ ਸਬੰਧਤ ਦੋ ਹੋਰ ਜਾਇਦਾਦਾਂ ਦੀ ਜਾਣਕਾਰੀ ਮਿਲੀ ਹੈ। ਇਨ੍ਹਾਂ ਵਿੱਚ ਕਰੀਬ 2 ਕਰੋੜ ਰੁਪਏ ਦਾ ‘ਇਕੋਟੇਲ ਰਿਜ਼ੋਰਟ’ ਅਤੇ ਲਗਭਗ 1 ਕਰੋੜ ਰੁਪਏ ਦਾ ‘ਸੇਰੇਨਿਟੀ ਦਿ ਵਿਲਾ’ ਸ਼ਾਮਲ ਹਨ। ਇਸ ਤੋਂ ਇਲਾਵਾ ਜ਼ਮੀਨ ਦੇ ਲੈਣ-ਦੇਣ ਨਾਲ ਸਬੰਧਤ 28 ਦਸਤਾਵੇਜ਼ ਵੀ ਮਿਲੇ ਹਨ। ਲੋਕਾਯੁਕਤ ਅਨੁਸਾਰ, ਹੋਟਲ ਅਤੇ ਰਿਜ਼ੋਰਟ ਦੀ ਅਧਿਕਾਰਤ ਕੀਮਤ ਅਜੇ ਤੈਅ ਨਹੀਂ ਕੀਤੀ ਗਈ। ਏਜੰਸੀ ਨੇ ਹੁਣ ਤੱਕ ਮਿਲੀ ਸੰਪਤੀ ਦਾ ਮੁੱਢਲਾ ਮੁੱਲ ਕਰੀਬ 7.6 ਕਰੋੜ ਰੁਪਏ ਦੱਸਿਆ ਹੈ, ਜੋ ਉਨ੍ਹਾਂ ਦੀ ਜਾਣੀ-ਪਛਾਣੀ ਆਮਦਨ ਤੋਂ ਲਗਭਗ 560 ਫ਼ੀਸਦੀ ਵੱਧ ਹੈ। ਜ਼ਮੀਨੀ ਦਸਤਾਵੇਜ਼ਾਂ ਦੀ ਜਾਂਚ ਅਤੇ ਹੋਰ ਜਾਇਦਾਦਾਂ ਦੀ ਕੀਮਤ ਤੈਅ ਹੋਣ ਤੋਂ ਬਾਅਦ ਹੀ ਕੁੱਲ ਸੰਪਤੀ ਦਾ ਸਹੀ ਅੰਦਾਜ਼ਾ ਸਾਹਮਣੇ ਆਵੇਗਾ। लोकਾਯੁਕਤ ਦੀਆਂ ਟੀਮਾਂ ਵੱਲੋਂ ਹੋਰ ਥਾਵਾਂ ’ਤੇ ਵੀ ਤਲਾਸ਼ੀ ਲਏ ਜਾਣ ਦੀ ਸੰਭਾਵਨਾ ਹੈ।