ਥਾਈਲੈਂਡ ਦੇ ਪ੍ਰਸਿੱਧ ਸੈਰ-ਸਪਾਟਾ ਟਾਪੂ ਫੁਕੇਟ ’ਚ ਲੱਗੀ ਭਿਆਨਕ ਅੱਗ, 11 ਲੋਕਾਂ ਦੀ ਮੌਤ, 16 ਜ਼ਖ਼ਮੀ
ਨਵੀਂ ਦਿੱਲੀ: ਥਾਈਲੈਂਡ ਦੇ ਪ੍ਰਸਿੱਧ ਸੈਰ-ਸਪਾਟਾ ਟਾਪੂ ਫੁਕੇਟ ਵਿੱਚ ਇੱਕ ਵਪਾਰਕ ਇਮਾਰਤ ਨੂੰ ਅੱਗ ਲੱਗਣ ਕਾਰਨ 11 ਲੋਕਾਂ ਦੀ ਮੌਤ ਹੋ ਗਈ, ਜਦਕਿ 16 ਹੋਰ ਜ਼ਖ਼ਮੀ ਹੋ ਗਏ। ਅੱਗ ਸਭ ਤੋਂ ਪਹਿਲਾਂ ਇੱਕ ਅਜਿਹੀ ਇਮਾਰਤ ਵਿੱਚ ਲੱਗੀ, ਜਿੱਥੇ ਕਾਰਾਂ ਕਿਰਾਏ ’ਤੇ ਦੇਣ ਦਾ ਕਾਰੋਬਾਰ ਚੱਲਦਾ ਸੀ। ਬਾਅਦ ਵਿੱਚ ਅੱਗ ਨੇ ਨੇੜਲੀਆਂ ਕਈ ਇਮਾਰਤਾਂ ਨੂੰ ਵੀ ਆਪਣੀ ਲਪੇਟ ਵਿੱਚ ਲੈ ਲਿਆ ਹੈ। ਥਾਈ ਅਧਿਕਾਰੀਆਂ ਮੁਤਾਬਕ ਅੱਗ ਸਵੇਰੇ ਕਰੀਬ 3:17 ਵਜੇ ਲੱਗੀ। ਫਾਇਰ ਬ੍ਰਿਗੇਡ ਦੀਆਂ ਟੀਮਾਂ ਨੂੰ ਅੱਗ ’ਤੇ ਕਾਬੂ ਪਾਉਣ ਲਈ ਲਗਭਗ ਦੋ ਘੰਟੇ ਲੱਗੇ। ਜ਼ਖ਼ਮੀਆਂ ਵਿੱਚ 15 ਥਾਈ ਨਾਗਰਿਕ ਅਤੇ ਇੱਕ ਮਿਆਂਮਾਰ ਦਾ ਨਾਗਰਿਕ ਸ਼ਾਮਲ ਹੈ।
ਮ੍ਰਿਤਕਾਂ ਅਤੇ ਜ਼ਖ਼ਮੀਆਂ ’ਚ ਕੋਈ ਸੈਲਾਨੀ ਨਹੀਂ
ਪੁਲਿਸ ਨੇ ਦੱਸਿਆ ਕਿ ਇਸ ਹਾਦਸੇ ਵਿੱਚ ਮਾਰੇ ਗਏ ਜਾਂ ਜ਼ਖ਼ਮੀ ਹੋਏ ਲੋਕਾਂ ਵਿੱਚ ਕੋਈ ਵੀ ਸੈਲਾਨੀ ਸ਼ਾਮਲ ਨਹੀਂ ਹੈ। ਅੱਗ ਲੱਗਣ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਕੀਤੀ ਜਾ ਰਹੀ ਹੈ। ਇਹ ਇਮਾਰਤ ਫੁਕੇਟ ਦੇ ਪੱਛਮੀ ਤੱਟ ’ਤੇ ਸਥਿਤ ਮਸ਼ਹੂਰ ਪਟੋਂਗ ਬੀਚ ਦੇ ਨੇੜੇ ਇੱਕ ਰਿਹਾਇਸ਼ੀ ਅਤੇ ਵਪਾਰਕ ਇਲਾਕੇ ਵਿੱਚ ਹੈ। ਜ਼ਿਕਰਯੋਗ ਹੈ ਕਿ ਇਸ ਘਟਨਾ ਤੋਂ ਚਾਰ ਮਹੀਨੇ ਪਹਿਲਾਂ ਬੈਂਕਾਕ ਦੇ ਇੱਕ ਬਾਰ ਵਿੱਚ ਵੀ ਭਿਆਨਕ ਅੱਗ ਲੱਗੀ ਸੀ, ਜਿਸ ਵਿੱਚ ਘੱਟੋ-ਘੱਟ 27 ਲੋਕਾਂ ਦੀ ਮੌਤ ਹੋ ਗਈ ਸੀ।