ਪੰਜਾਬ ’ਚ ਪਰਾਲੀ ਸਾੜਨ ਦੇ ਮਾਮਲਿਆਂ ’ਚ ਵਾਧਾ, ਹੁਣ ਤੱਕ 5,835 ਘਟਨਾਵਾਂ ਦਰਜ
ਚੰਡੀਗੜ੍ਹ: ਪੰਜਾਬ ਵਿੱਚ ਝੋਨੇ ਦੀ ਕਟਾਈ ਲਗਭਗ ਮੁਕੰਮਲ ਹੋਣ ਦੇ ਬਾਵਜੂਦ ਪਰਾਲੀ ਸਾੜਨ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਪ੍ਰਸ਼ਾਸਨ ਵੱਲੋਂ ਸਖ਼ਤੀ ਅਤੇ ਕਾਰਵਾਈ ਦੇ ਦਾਅਵਿਆਂ ਦੇ ਬਾਵਜੂਦ 14 ਨਵੰਬਰ ਤੱਕ ਸੂਬੇ ਵਿੱਚ ਪਰਾਲੀ ਸਾੜਨ ਦੀਆਂ 5,835 ਘਟਨਾਵਾਂ ਦਰਜ ਕੀਤੀਆਂ ਜਾ ਚੁੱਕੀਆਂ ਹਨ। ਇਸ ਸਮੇਂ ਤੱਕ ਸੂਬੇ ਵਿੱਚ ਕਰੀਬ 98 ਫੀਸਦੀ ਝੋਨੇ ਦੀ ਕਟਾਈ ਹੋ ਚੁੱਕੀ ਸੀ। ਪਿਛਲੇ ਸਾਲ ਇਸੇ ਸਮੇਂ ਦੌਰਾਨ ਪਰਾਲੀ ਸਾੜਨ ਦੀਆਂ 4,826 ਘਟਨਾਵਾਂ ਦਰਜ ਹੋਈਆਂ ਸਨ। ਇਸ ਤਰ੍ਹਾਂ ਇਸ ਸਾਲ ਪਿਛਲੇ ਸਾਲ ਦੇ ਮੁਕਾਬਲੇ 1,009 ਵੱਧ ਥਾਵਾਂ ’ਤੇ ਪਰਾਲੀ ਸਾੜੀ ਗਈ ਹੈ। ਦੂਜੇ ਪਾਸੇ, ਵਾਤਾਵਰਨ ਮੁਆਵਜ਼ੇ ਵਜੋਂ 1 ਕਰੋੜ 8 ਲੱਖ 55 ਹਜ਼ਾਰ ਰੁਪਏ ਦੇ ਜੁਰਮਾਨੇ ਲਾਏ ਗਏ, ਪਰ ਹੁਣ ਤੱਕ ਸਿਰਫ਼ 40 ਲੱਖ 40 ਹਜ਼ਾਰ ਰੁਪਏ ਹੀ ਵਸੂਲੇ ਜਾ ਸਕੇ ਹਨ।
ਫਿਰੋਜ਼ਪੁਰ, ਤਰਨਤਾਰਨ ਅਤੇ ਸੰਗਰੂਰ ’ਚ ਸਭ ਤੋਂ ਵੱਧ ਮਾਮਲੇ
ਜ਼ਿਲ੍ਹਾਵਾਰ ਅੰਕੜਿਆਂ ਅਨੁਸਾਰ ਫਿਰੋਜ਼ਪੁਰ 808 ਘਟਨਾਵਾਂ ਨਾਲ ਪਹਿਲੇ ਨੰਬਰ ’ਤੇ ਹੈ। ਤਰਨਤਾਰਨ ਵਿੱਚ 697 ਅਤੇ ਸੰਗਰੂਰ ਵਿੱਚ 678 ਮਾਮਲੇ ਦਰਜ ਕੀਤੇ ਗਏ ਹਨ। ਇਸ ਤੋਂ ਇਲਾਵਾ ਬਠਿੰਡਾ ਵਿੱਚ 513, ਪਟਿਆਲਾ ਵਿੱਚ 391, ਬਰਨਾਲਾ ਵਿੱਚ 337 ਅਤੇ ਲੁਧਿਆਣਾ ਵਿੱਚ ਪਰਾਲੀ ਸਾੜਨ ਦੀਆਂ 300 ਘਟਨਾਵਾਂ ਸਾਹਮਣੇ ਆਈਆਂ ਹਨ।
ਇਨ੍ਹਾਂ ਸ਼ਹਿਰਾਂ ’ਚ AQI ਦਾ ਪੱਧਰ
ਹਵਾ ਦੀ ਗੁਣਵੱਤਾ ਦੇ ਅੰਕੜਿਆਂ ਮੁਤਾਬਕ ਖੰਨਾ ਦਾ ਹਵਾ ਗੁਣਵੱਤਾ ਸੂਚਕ ਅੰਕ (AQI) 255 ਦਰਜ ਕੀਤਾ ਗਿਆ। ਪਟਿਆਲਾ ਵਿੱਚ ਇਹ 242, ਲੁਧਿਆਣਾ ਵਿੱਚ 208, ਮੰਡੀ ਗੋਬਿੰਦਗੜ੍ਹ ਵਿੱਚ 186 ਅਤੇ ਅੰਮ੍ਰਿਤਸਰ ਵਿੱਚ 148 ਰਿਹਾ।