ਪ੍ਰੇਮ ਸਬੰਧਾਂ ’ਚ ਪਤੀ ਬਣਿਆ ਰੋੜਾ ਤਾਂ ਪਤਨੀ ਨੇ ਹੀ ਰਚੀ ਕਤਲ ਦੀ ਸਾਜ਼ਿਸ਼ ! 3 ਲੱਖ ਦੀ ਦਿੱਤੀ ਸੁਪਾਰੀ
- ਧਨੌਲਾ ’ਚ ਰੇਸ਼ਮ ਸਿੰਘ ਦੀ ਮੌਤ ਦਾ ਮਾਮਲਾ ਕਤਲ ਨਿਕਲਿਆ
- ਪਤਨੀ, ਉਸ ਦੇ ਕਥਿਤ ਪ੍ਰੇਮੀ ਸਮੇਤ ਚਾਰ ਮੁਲਜ਼ਮਾਂ ਦੀ ਭੂਮਿਕਾ ਆਈ ਸਾਹਮਣੇ
ਬਰਨਾਲਾ: ਧਨੌਲਾ-ਭਿੱਖੀ ਰੋਡ ’ਤੇ ਨੌਜਵਾਨ ਦੀ ਸ਼ੱਕੀ ਹਾਲਾਤਾਂ ਵਿੱਚ ਹੋਈ ਮੌਤ ਦਾ ਮਾਮਲਾ ਪੁਲਿਸ ਜਾਂਚ ਦੌਰਾਨ ਕਤਲ ਦੀ ਸਾਜ਼ਿਸ਼ ਨਿਕਲਿਆ ਹੈ। ਪੁਲਿਸ ਮੁਤਾਬਕ ਰੇਸ਼ਮ ਸਿੰਘ ਦਾ ਕਤਲ ਉਸ ਦੀ ਪਤਨੀ ਮਨਜੀਤ ਕੌਰ ਨੇ ਆਪਣੇ ਕਥਿਤ ਪ੍ਰੇਮੀ ਬਲਕਾਰ ਸਿੰਘ ਨਾਲ ਮਿਲ ਕੇ ਕਰਵਾਇਆ ਸੀ। ਇਸ ਵਾਰਦਾਤ ਨੂੰ ਅੰਜਾਮ ਦੇਣ ਲਈ ਦੋ ਨੌਜਵਾਨਾਂ ਨੂੰ 3 ਲੱਖ ਰੁਪਏ ਦੀ ਸੁਪਾਰੀ ਦਿੱਤੀ ਗਈ ਸੀ, ਜਿਸ ਵਿੱਚੋਂ 50 ਹਜ਼ਾਰ ਰੁਪਏ ਅਗਾਊਂ ਦਿੱਤੇ ਗਏ ਸਨ।
ਬਰਨਾਲਾ ਦੇ ਐੱਸਪੀ (ਡੀ) ਸੰਜੀਵ ਕੁਮਾਰ ਗੋਇਲ ਨੇ ਦੱਸਿਆ ਕਿ 11 ਨਵੰਬਰ ਨੂੰ ਧਨੌਲਾ-ਭਿੱਖੀ ਰੋਡ ਤੋਂ ਰੇਸ਼ਮ ਸਿੰਘ ਦੀ ਲਾਸ਼ ਸ਼ੱਕੀ ਹਾਲਾਤ ਵਿੱਚ ਮਿਲੀ ਸੀ। ਉਸ ਦੇ ਸਿਰ ’ਤੇ ਸੱਟਾਂ ਦੇ ਨਿਸ਼ਾਨ ਹੋਣ ਕਾਰਨ ਮਾਮਲਾ ਸ਼ੁਰੂ ਤੋਂ ਹੀ ਸ਼ੱਕ ਦੇ ਘੇਰੇ ਵਿੱਚ ਸੀ। ਪਰਿਵਾਰ ਵੱਲੋਂ ਵੀ ਇਸ ਨੂੰ ਸੜਕ ਹਾਦਸਾ ਮੰਨਣ ਦੀ ਬਜਾਏ ਕਤਲ ਹੋਣ ਦਾ ਸ਼ੱਕ ਜਤਾਉਂਦਿਆਂ ਡੂੰਘੀ ਜਾਂਚ ਦੀ ਮੰਗ ਕੀਤੀ ਗਈ ਸੀ।
ਸਿਰ ’ਤੇ ਲੋਹੇ ਦੇ ਔਜ਼ਾਰ ਨਾਲ ਕੀਤਾ ਹਮਲਾ
ਪੁਲਿਸ ਅਧਿਕਾਰੀ ਅਨੁਸਾਰ, ਤਕਨੀਕੀ ਅਤੇ ਹੋਰ ਪਹਿਲੂਆਂ ਤੋਂ ਕੀਤੀ ਜਾਂਚ ਵਿੱਚ ਸਾਹਮਣੇ ਆਇਆ ਕਿ ਰੇਸ਼ਮ ਸਿੰਘ ਦੀ ਪਤਨੀ ਦੇ ਉਸ ਦੇ ਭੂਆ ਦੇ ਪੁੱਤਰ ਬਲਕਾਰ ਸਿੰਘ ਨਾਲ ਕਥਿਤ ਤੌਰ ’ਤੇ ਨਾਜਾਇਜ਼ ਸਬੰਧ ਸਨ। ਪੁਲਿਸ ਦਾ ਦਾਅਵਾ ਹੈ ਕਿ ਰੇਸ਼ਮ ਸਿੰਘ ਦੋਵਾਂ ਦੇ ਰਿਸ਼ਤੇ ਵਿੱਚ ਰੁਕਾਵਟ ਬਣ ਰਿਹਾ ਸੀ, ਜਿਸ ਕਾਰਨ ਉਸ ਨੂੰ ਰਸਤੇ ਤੋਂ ਹਟਾਉਣ ਦੀ ਯੋਜਨਾ ਬਣਾਈ ਗਈ। ਜਾਂਚ ਮੁਤਾਬਕ, ਮਨਜੀਤ ਕੌਰ ਅਤੇ ਬਲਕਾਰ ਸਿੰਘ ਨੇ ਮਿਲ ਕੇ ਕੁਲਦੀਪ ਸਿੰਘ ਅਤੇ ਰਾਜ ਸਿੰਘ ਨੂੰ 3 ਲੱਖ ਰੁਪਏ ਵਿੱਚ ਕਤਲ ਕਰਨ ਦੀ ਸੁਪਾਰੀ ਦਿੱਤੀ। ਇਸ ਰਕਮ ਵਿੱਚੋਂ 50 ਹਜ਼ਾਰ ਰੁਪਏ ਪਹਿਲਾਂ ਹੀ ਅਦਾ ਕਰ ਦਿੱਤੇ ਗਏ ਸਨ। ਪੁਲਿਸ ਅਨੁਸਾਰ, ਦੋਵਾਂ ਹਮਲਾਵਰਾਂ ਨੇ ਰੇਸ਼ਮ ਸਿੰਘ ਦੇ ਸਿਰ ’ਤੇ ਲੋਹੇ ਦੇ ਖੁਰਚਣੇ ਨਾਲ ਵਾਰ ਕਰਕੇ ਉਸ ਦੀ ਜਾਨ ਲੈ ਲਈ।
ਕਤਲ ਨੂੰ ਹਾਦਸਾ ਦਿਖਾਉਣ ਦੀ ਕੋਸ਼ਿਸ਼
ਵਾਰਦਾਤ ਤੋਂ ਬਾਅਦ ਕਤਲ ਦੇ ਸਬੂਤ ਲੁਕਾਉਣ ਲਈ ਮੌਤ ਨੂੰ ਸੜਕ ਹਾਦਸੇ ਦਾ ਰੂਪ ਦੇਣ ਦੀ ਕੋਸ਼ਿਸ਼ ਕੀਤੀ ਗਈ। ਹਾਲਾਂਕਿ, ਮੌਕੇ ਦੇ ਹਾਲਾਤ ਅਤੇ ਮ੍ਰਿਤਕ ਦੇ ਸਿਰ ’ਤੇ ਸੱਟਾਂ ਦੇ ਨਿਸ਼ਾਨਾਂ ਨੇ ਪੁਲਿਸ ਦਾ ਸ਼ੱਕ ਵਧਾ ਦਿੱਤਾ। ਇਸ ਤੋਂ ਬਾਅਦ ਕੀਤੀ ਗਈ ਜਾਂਚ ਵਿੱਚ ਕਥਿਤ ਸਾਜ਼ਿਸ਼ ਦਾ ਖੁਲਾਸਾ ਹੋਇਆ।
ਚਾਰ ਸਾਲ ਪਹਿਲਾਂ ਹੋਇਆ ਸੀ ਪ੍ਰੇਮ ਵਿਆਹ
ਜਾਣਕਾਰੀ ਅਨੁਸਾਰ, ਰੇਸ਼ਮ ਸਿੰਘ ਅਤੇ ਮਨਜੀਤ ਕੌਰ ਦਾ ਕਰੀਬ ਚਾਰ ਸਾਲ ਪਹਿਲਾਂ ਪ੍ਰੇਮ ਵਿਆਹ ਹੋਇਆ ਸੀ ਅਤੇ ਉਨ੍ਹਾਂ ਦੀ ਇੱਕ ਛੋਟੀ ਬੱਚੀ ਵੀ ਹੈ। ਰੇਸ਼ਮ ਸਿੰਘ ਪਰਾਲੀ ਦੀਆਂ ਗੰਢਾਂ ਦਾ ਕਾਰੋਬਾਰ ਕਰਦਾ ਸੀ। ਇਸ ਮਾਮਲੇ ਨੇ ਪਰਿਵਾਰਕ ਰਿਸ਼ਤਿਆਂ ਨੂੰ ਲੈ ਕੇ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ। ਪੁਲਿਸ ਵੱਲੋਂ ਮਾਮਲੇ ਵਿੱਚ ਸਾਹਮਣੇ ਆਏ ਮੁਲਜ਼ਮਾਂ ਦੀ ਭੂਮਿਕਾ ਅਤੇ ਅਗਲੀ ਕਾਨੂੰਨੀ ਕਾਰਵਾਈ ਸਬੰਧੀ ਜਾਂਚ ਕੀਤੀ ਜਾ ਰਹੀ ਹੈ।