ਗਿਰਨਾਰ ਪਰਬਤ ਪਹੁੰਚੇ ਦਿਲਜੀਤ ਦੋਸਾਂਝ, ਮੰਦਰ ‘ਚ ਟੇਕਿਆ ਮੱਥਾ
Diljit Dosanjh Visits Girnar Temple; ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਇਨ੍ਹੀਂ ਦਿਨੀਂ ਆਪਣੇ ‘ਔਰਾ ਇੰਡੀਆ ਟੂਰ 2026’ ਨੂੰ ਲੈ ਕੇ ਚਰਚਾ ਵਿੱਚ ਹਨ। ਆਪਣੇ ਰੁਝੇਵੇਂ ਭਰੇ ਸ਼ਡਿਊਲ ਵਿੱਚੋਂ ਸਮਾਂ ਕੱਢ ਕੇ ਦਿਲਜੀਤ ਗੁਜਰਾਤ ਦੇ ਮਸ਼ਹੂਰ ਗਿਰਨਾਰ ਪਰਬਤ ਪਹੁੰਚੇ, ਜਿੱਥੇ ਉਨ੍ਹਾਂ ਨੇ ਮੰਦਰ ਵਿੱਚ ਮੱਥਾ ਟੇਕ ਕੇ ਆਸ਼ੀਰਵਾਦ ਲਿਆ। ਉਨ੍ਹਾਂ ਦੀ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫ਼ੀ ਚਰਚਾ ਵਿੱਚ ਹੈ।
ਦਿਲਜੀਤ ਨੇ ਬੁੱਧਵਾਰ ਨੂੰ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਇਸ ਯਾਤਰਾ ਦੀਆਂ ਕੁਝ ਝਲਕੀਆਂ ਸਾਂਝੀਆਂ ਕੀਤੀਆਂ। ਵੀਡੀਓ ਵਿੱਚ ਉਨ੍ਹਾਂ ਨਾਲ ਉਨ੍ਹਾਂ ਦੀ ਪੂਰੀ ਟੀਮ ਵੀ ਨਜ਼ਰ ਆ ਰਹੀ ਹੈ। ਦਿਲਜੀਤ ਨੇ ਦੱਸਿਆ ਕਿ ਉਹ ਰੋਪਵੇਅ ਰਾਹੀਂ ਗਿਰਨਾਰ ਮੰਦਰ ਪਹੁੰਚੇ, ਹਾਲਾਂਕਿ ਉਨ੍ਹਾਂ ਦਾ ਮਨ ਸੀ ਕਿ ਉਹ ਪੌੜੀਆਂ ਚੜ੍ਹ ਕੇ ਮੰਦਰ ਤੱਕ ਜਾਣ।
ਵੀਡੀਓ ਵਿੱਚ ਦਿਲਜੀਤ ਕਹਿੰਦੇ ਸੁਣਾਈ ਦੇ ਰਹੇ ਹਨ ਕਿ ਉਹ ਗਿਰਨਾਰ ਪਰਬਤ ‘ਤੇ ਪਹੁੰਚ ਗਏ ਹਨ ਅਤੇ ਇਹ ਪਰਬਤ ਹਿਮਾਲਿਆ ਤੋਂ ਵੀ ਪੁਰਾਣਾ ਦੱਸਿਆ ਜਾਂਦਾ ਹੈ। ਇਸ ਦੌਰਾਨ ਉਹ ਮੰਦਰ ਵਿੱਚ ਪੂਜਾ ਕਰਦੇ ਵੀ ਦਿਖਾਈ ਦੇ ਰਹੇ ਹਨ। ਵੀਡੀਓ ਦੀ ਖ਼ਾਸ ਗੱਲ ਇਸ ਦਾ ਬੈਕਗ੍ਰਾਊਂਡ ਆਡੀਓ ਹੈ, ਜਿਸ ਵਿੱਚ ਫ਼ਿਲਮ ‘ਰਾਮਾਇਣ’ ਲਈ ਉਨ੍ਹਾਂ ਵੱਲੋਂ ਗਾਈ ਗਈ ‘ਸ਼੍ਰੀ ਹਨੂਮਾਨ ਚਾਲੀਸਾ’ ਸੁਣਾਈ ਦੇ ਰਹੀ ਹੈ।
ਦਿਲਜੀਤ ਨੇ ਵੀਡੀਓ ਦੇ ਕੈਪਸ਼ਨ ਵਿੱਚ ਗਿਰਨਾਰ ਪਰਬਤ ਦੀ ਉਮਰ ਕਰੀਬ 6 ਕਰੋੜ 60 ਲੱਖ ਸਾਲ ਦੱਸੀ ਹੈ। ਗੁਜਰਾਤ ਦੇ ਜੂਨਾਗੜ੍ਹ ਨੇੜੇ ਸਥਿਤ ਗਿਰਨਾਰ ਪਰਬਤ ਹਿੰਦੂ ਅਤੇ ਜੈਨ ਧਰਮ ਦੇ ਲੋਕਾਂ ਲਈ ਬਹੁਤ ਪਵਿੱਤਰ ਧਾਰਮਿਕ ਸਥਾਨ ਮੰਨਿਆ ਜਾਂਦਾ ਹੈ।
ਇਸ ਤੋਂ ਪਹਿਲਾਂ ਦਿਲਜੀਤ ਆਪਣੀ ਟੀਮ ਨਾਲ ਗੁਜਰਾਤ ਦੇ ਗਿਰ ਨੈਸ਼ਨਲ ਪਾਰਕ ਵੀ ਪਹੁੰਚੇ ਸਨ, ਜਿੱਥੇ ਉਨ੍ਹਾਂ ਨੇ ਖੁੱਲ੍ਹੀ ਜੀਪ ਵਿੱਚ ਜੰਗਲ ਸਫਾਰੀ ਦਾ ਆਨੰਦ ਮਾਣਿਆ। ਇਸ ਦੌਰਾਨ ਉਨ੍ਹਾਂ ਨੇ ਸ਼ੇਰਾਂ ਸਮੇਤ ਕਈ ਜੰਗਲੀ ਜਾਨਵਰਾਂ ਨੂੰ ਨੇੜਿਓਂ ਦੇਖਿਆ।
ਦੱਸ ਦੇਈਏ ਕਿ ਦਿਲਜੀਤ ਦੇ ‘ਔਰਾ ਇੰਡੀਆ ਟੂਰ 2026’ ਦੀ ਸ਼ੁਰੂਆਤ 30 ਅਕਤੂਬਰ ਨੂੰ ਦਿੱਲੀ ਦੇ ਜਵਾਹਰ ਲਾਲ ਨਹਿਰੂ ਸਟੇਡੀਅਮ ਤੋਂ ਹੋਈ ਸੀ। ਹੁਣ 21 ਨਵੰਬਰ ਨੂੰ ਉਹ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਲਾਈਵ ਪਰਫਾਰਮ ਕਰਨਗੇ।