ਮੁਅੱਤਲ DIG ਐਚ.ਐੱਸ. ਭੁੱਲਰ ਕੇਸ ’ਚ ਨਵਾਂ ਖੁਲਾਸਾ, ਵਿਚੋਲੇ ਦੇ ਮੋਬਾਈਲ ’ਚੋਂ ਕਈ ਅਧਿਕਾਰੀਆਂ ਨਾਲ ਜੁੜੀਆਂ ਕਥਿਤ ਡੀਲਾਂ ਦੀ ਮਿਲੀ ਜਾਣਕਾਰੀ
ਚੰਡੀਗੜ੍ਹ: ਰੋਪੜ ਰੇਂਜ ਦੇ ਮੁਅੱਤਲ ਡੀਆਈਜੀ ਐਚ.ਐੱਸ. ਭੁੱਲਰ ਨਾਲ ਜੁੜੇ ਰਿਸ਼ਵਤਖੋਰੀ ਮਾਮਲੇ ਵਿੱਚ ਜਾਂਚ ਦੌਰਾਨ ਕਈ ਹੋਰ ਅਧਿਕਾਰੀਆਂ ਦੇ ਨਾਂ ਸਾਹਮਣੇ ਆਉਣ ਦਾ ਦਾਅਵਾ ਕੀਤਾ ਗਿਆ ਹੈ। ਇਸ ਕੇਸ ਵਿੱਚ 8 ਲੱਖ ਰੁਪਏ ਦੀ ਰਿਸ਼ਵਤਖੋਰੀ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਵਿਚੋਲੇ ਕੁਸ਼ਲ ਸ਼ਾਰਦਾ ਦੇ ਮੋਬਾਈਲ ਫੋਨ ਤੋਂ ਮਿਲੀਆਂ ਐਨਕ੍ਰਿਪਟਿਡ ਵਟਸਐਪ ਚੈਟਾਂ ਵਿੱਚ ਤਿੰਨ ਆਈਏਐੱਸ (ਇੱਕ ਸੇਵਾਮੁਕਤ), ਇੱਕ ਆਈਪੀਐੱਸ, ਇੱਕ ਪੀਪੀਐੱਸ ਅਤੇ ਇੱਕ ਪੀਸੀਐੱਸ ਅਧਿਕਾਰੀ ਦੇ ਨਾਂ ਦਰਜ ਹੋਣ ਦੀ ਗੱਲ ਸਾਹਮਣੇ ਆਈ ਹੈ।
ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਇਸ ਮਾਮਲੇ ਵਿੱਚ ਕੁਸ਼ਲ ਸ਼ਾਰਦਾ ਖ਼ਿਲਾਫ਼ ਤਿੰਨ ਦਿਨ ਪਹਿਲਾਂ ਚਾਰਜਸ਼ੀਟ ਦਾਖ਼ਲ ਕੀਤੀ ਹੈ। ਜਾਂਚ ਅਧਿਕਾਰੀ ਈਡੀ ਦੀ ਸਹਾਇਕ ਨਿਰਦੇਸ਼ਕ ਕੰਜਨ ਸਹਿਤ ਵੱਲੋਂ ਤਿਆਰ ਕੀਤੀ ਚਾਰਜਸ਼ੀਟ ਵਿੱਚ ਸਰਕਾਰੀ ਫਾਈਲਾਂ ਅੱਗੇ ਵਧਾਉਣ, ਅਧਿਕਾਰੀਆਂ ਦੀਆਂ ਤਾਇਨਾਤੀਆਂ ਨੂੰ ਪ੍ਰਭਾਵਿਤ ਕਰਨ ਅਤੇ ਵੱਖ-ਵੱਖ ਪ੍ਰੋਜੈਕਟਾਂ ਲਈ ਐਨਓਸੀ ਦਿਵਾਉਣ ਬਦਲੇ ਕਥਿਤ ਰਿਸ਼ਵਤਖੋਰੀ ਦੇ ਦੋਸ਼ ਦਰਜ ਹਨ।
ਚੈਟ ਵਿੱਚ ਅਧਿਕਾਰੀਆਂ ਨਾਲ ਜੁੜੇ ਛੇ ਮਾਮਲਿਆਂ ਦਾ ਜ਼ਿਕਰ: ਜਾਂਚ ਦੌਰਾਨ ਸਾਹਮਣੇ ਆਈ ਜਾਣਕਾਰੀ ਮੁਤਾਬਕ ਚੈਟਾਂ ਵਿੱਚ ਵੱਖ-ਵੱਖ ਸਰਕਾਰੀ ਕੰਮਾਂ ਲਈ ਪੈਸਿਆਂ ਦੇ ਲੈਣ-ਦੇਣ ਅਤੇ ਸੌਦੇਬਾਜ਼ੀ ਦੇ ਕਥਿਤ ਵੇਰਵੇ ਮਿਲੇ ਹਨ।
- ਸੇਵਾਮੁਕਤ IAS ਅਧਿਕਾਰੀ: ਫੋਰੈਸਟਰੀ ਨਾਲ ਸਬੰਧਤ ਸਰਕਾਰੀ ਫਾਈਲਾਂ ਨੂੰ ਅੱਗੇ ਵਧਾਉਣ ਅਤੇ ਮਨਜ਼ੂਰੀਆਂ ਦਿਵਾਉਣ ਬਦਲੇ 10 ਲੱਖ ਰੁਪਏ ਤੋਂ ਵੱਧ ਦੀ ਕਥਿਤ ਰਕਮ ਦੇਣ ਦਾ ਜ਼ਿਕਰ ਹੈ। ਸਬੰਧਤ ਅਧਿਕਾਰੀ ਕੁਝ ਮਹੀਨੇ ਪਹਿਲਾਂ ਸੇਵਾਮੁਕਤ ਹੋਇਆ ਸੀ।
- IAS ਅਧਿਕਾਰੀ: ਪੰਜਾਬ ਸਕੱਤਰੇਤ ਵਿੱਚ ਨਿੱਜੀ ਵਿਅਕਤੀਆਂ ਅਤੇ ਸੰਸਥਾਵਾਂ ਦੇ ਸਥਾਈ ਦਾਖ਼ਲਾ ਪਾਸ ਬਣਵਾਉਣ ਅਤੇ ਪ੍ਰਸ਼ਾਸਨਿਕ ਹੁਕਮ ਜਾਰੀ ਕਰਵਾਉਣ ਬਦਲੇ ਕਥਿਤ ਲੈਣ-ਦੇਣ ਦੀ ਜਾਣਕਾਰੀ ਚੈਟ ਵਿੱਚ ਮਿਲੀ ਹੈ।
- ਇੱਕ ਹੋਰ IAS ਅਧਿਕਾਰੀ: ਤਤਕਾਲੀਨ ਹਾਊਸਿੰਗ ਅਤੇ ਅਰਬਨ ਡਿਵੈਲਪਮੈਂਟ ਵਿਭਾਗ ਵਿੱਚ ਤਾਇਨਾਤ ਅਧਿਕਾਰੀ ’ਤੇ 10 ਲੱਖ ਰੁਪਏ ਲੈ ਕੇ ਗੁਪਤ ਪ੍ਰੋਜੈਕਟ ਫਾਈਲ ਅਤੇ ਵਿਭਾਗੀ ਜਾਣਕਾਰੀ ਵਿਚੋਲੇ ਨਾਲ ਸਾਂਝੀ ਕਰਨ ਦਾ ਦੋਸ਼ ਲਾਇਆ ਗਿਆ ਹੈ।
- PPS ਅਧਿਕਾਰੀ: ਚੈਟ ਵਿੱਚ ਇੱਕ ਸਬ-ਇੰਸਪੈਕਟਰ ਨੂੰ ਮੁਅੱਤਲ ਕਰਵਾਉਣ ਅਤੇ ਪੁਲਿਸ ਤਾਇਨਾਤੀਆਂ ਨੂੰ ਪ੍ਰਭਾਵਿਤ ਕਰਨ ਲਈ ਤਤਕਾਲੀਨ ਐੱਸਐੱਸਪੀ ਦੇ ਅਧੀਨ ਕੰਮ ਕਰਦੇ ਪੀਪੀਐੱਸ ਅਧਿਕਾਰੀ ਨੂੰ 10 ਲੱਖ ਰੁਪਏ ਦੇਣ ਦੀ ਪੇਸ਼ਕਸ਼ ਦਾ ਜ਼ਿਕਰ ਹੈ।
- IPS ਅਧਿਕਾਰੀ: ਇੱਕ ਸੰਵੇਦਨਸ਼ੀਲ ਹੈਅਰਸਮੈਟ ਮਾਮਲੇ ਵਿੱਚ ਸ਼ਿਕਾਇਤਕਰਤਾ ਨਾਲ 2 ਕਰੋੜ ਰੁਪਏ ਦੇ ਕਥਿਤ ਸਮਝੌਤੇ ਦੀ ਗੱਲਬਾਤ ਦਾ ਵੇਰਵਾ ਵੀ ਚੈਟ ਵਿੱਚ ਮਿਲਣ ਦਾ ਦਾਅਵਾ ਹੈ।
- PCS ਅਧਿਕਾਰੀ: ਨਿੱਜੀ ਨਰਸਿੰਗ ਕਾਲਜਾਂ ਅਤੇ ਮੈਡੀਕਲ ਸੈਂਟਰਾਂ ਨੂੰ ਸਰਕਾਰੀ ਐਨਓਸੀ ਦਿਵਾਉਣ ਲਈ ਵਿਚੋਲੇ ਵੱਲੋਂ ਪੀਪੀਐੱਸ ਅਧਿਕਾਰੀ ਦੇ ਜ਼ਰੀਏ ਕਥਿਤ ਤੌਰ ’ਤੇ ਪੈਸੇ ਪਹੁੰਚਾਉਣ ਦਾ ਜ਼ਿਕਰ ਕੀਤਾ ਗਿਆ ਹੈ।
ਪਹਿਲਾਂ ਵੀ 5 ਲੱਖ ਰੁਪਏ ਸਮੇਤ ਫੜਿਆ ਗਿਆ ਸੀ ਵਿਚੋਲਾ
ਕੁਸ਼ਲ ਸ਼ਾਰਦਾ ਨੂੰ ਪਿਛਲੇ ਸਾਲ ਡੀਆਈਜੀ ਭੁੱਲਰ ਦੇ ਕਹਿਣ ’ਤੇ ਇੱਕ ਸਕ੍ਰੀਨ ਕਾਰੋਬਾਰੀ ਤੋਂ 5 ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸ ਸਮੇਂ ਉਸ ਕੋਲੋਂ 5 ਲੱਖ ਰੁਪਏ ਦੀ ਨਕਦੀ ਵੀ ਬਰਾਮਦ ਹੋਈ ਸੀ। ਇਸੇ ਮਾਮਲੇ ਵਿੱਚ ਈਡੀ ਵੱਲੋਂ ਵੀ ਵੱਖਰਾ ਕੇਸ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਹੈ। ਮੋਬਾਈਲ ਤੋਂ ਮਿਲੀਆਂ ਚੈਟਾਂ ਅਤੇ ਚਾਰਜਸ਼ੀਟ ਵਿੱਚ ਦਰਜ ਵੇਰਵਿਆਂ ਨੇ ਇਸ ਮਾਮਲੇ ਦੀ ਜਾਂਚ ਦਾ ਦਾਇਰਾ ਹੋਰ ਵਧਾ ਦਿੱਤਾ ਹੈ। ਹਾਲਾਂਕਿ, ਚੈਟਾਂ ਵਿੱਚ ਜ਼ਿਕਰ ਕੀਤੇ ਅਧਿਕਾਰੀਆਂ ਖ਼ਿਲਾਫ਼ ਲੱਗੇ ਦੋਸ਼ਾਂ ਦੀ ਸੁਤੰਤਰ ਪੁਸ਼ਟੀ ਅਤੇ ਉਨ੍ਹਾਂ ਦੀ ਕਾਨੂੰਨੀ ਜ਼ਿੰਮੇਵਾਰੀ ਤੈਅ ਹੋਣਾ ਅਜੇ ਬਾਕੀ ਹੈ।