ਦਿੱਲੀ ਏਅਰਪੋਰਟ ’ਤੇ ਜ਼ਬਰਦਸਤੀ ਦਾਖ਼ਲ ਹੋਣ ਦੀ ਕੋਸ਼ਿਸ਼, CISF ਨੇ ਵਿਅਕਤੀ ਨੂੰ ਫੜਿਆ
ਨਵੀਂ ਦਿੱਲੀ: ਦਿੱਲੀ ਦੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ’ਤੇ ਸੁਰੱਖਿਆ ਪ੍ਰਬੰਧਾਂ ਨੂੰ ਤੋੜ ਕੇ ਟਰਮੀਨਲ ਵਿੱਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰ ਰਹੇ ਇੱਕ ਵਿਅਕਤੀ ਨੂੰ ਸੀਆਈਐੱਸਐੱਫ (CISF) ਦੇ ਜਵਾਨਾਂ ਨੇ ਕਾਬੂ ਕਰ ਲਿਆ ਹੈ। ਘਟਨਾ ਬੁੱਧਵਾਰ ਦੁਪਹਿਰ ਕਰੀਬ 3 ਵਜੇ ਟਰਮੀਨਲ-3 ਦੇ ਡਿਪਾਰਚਰ ਗੇਟ ’ਤੇ ਵਾਪਰੀ।
ਅਧਿਕਾਰੀਆਂ ਮੁਤਾਬਕ, ਹਰਿਆਣਾ ਦਾ ਰਹਿਣ ਵਾਲਾ ਇਹ ਵਿਅਕਤੀ ਬਿਨਾਂ ਕਿਸੇ ਵੈਧ ਯਾਤਰਾ ਦਸਤਾਵੇਜ਼ ਦੇ ਜ਼ਬਰਦਸਤੀ ਟਰਮੀਨਲ ਅੰਦਰ ਜਾਣ ਦੀ ਕੋਸ਼ਿਸ਼ ਕਰ ਰਿਹਾ ਸੀ। ਸੁਰੱਖਿਆ ਮੁਲਾਜ਼ਮਾਂ ਨੇ ਉਸ ਨੂੰ ਰੋਕਿਆ, ਪਰ ਉਹ ਅੰਦਰ ਵੱਲ ਭੱਜ ਗਿਆ। ਇਸ ਦੌਰਾਨ ਹਥਿਆਰਬੰਦ ਸੀਆਈਐੱਸਐੱਫ ਜਵਾਨਾਂ ਅਤੇ ਤੁਰੰਤ ਕਾਰਵਾਈ ਟੀਮ (QRT) ਨੇ ਕੁਝ ਹੀ ਸਕਿੰਟਾਂ ਵਿੱਚ ਉਸ ਨੂੰ ਕਾਬੂ ਕਰ ਲਿਆ।
ਸੀਆਈਐੱਸਐੱਫ ਨੇ ਇਸ ਘਟਨਾ ਦੀ 25 ਸਕਿੰਟ ਦੀ ਵੀਡੀਓ ਸੋਸ਼ਲ ਮੀਡੀਆ ਪਲੇਟਫਾਰਮ ਐਕਸ ’ਤੇ ਸਾਂਝੀ ਕੀਤੀ ਹੈ। ਫੋਰਸ ਨੇ ਦੱਸਿਆ ਕਿ ਜਵਾਨਾਂ ਦੀ ਚੌਕਸੀ ਅਤੇ ਤੁਰੰਤ ਕਾਰਵਾਈ ਕਾਰਨ ਬਿਨਾਂ ਇਜਾਜ਼ਤ ਦਾਖ਼ਲੇ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਗਿਆ। ਪੁਲਿਸ ਨੂੰ ਵਿਅਕਤੀ ਦੇ ਬੈਗ ਵਿੱਚੋਂ ਕੁਝ ਪਛਾਣ ਪੱਤਰ ਅਤੇ ਵਿਦਿਅਕ ਸਰਟੀਫਿਕੇਟ ਵੀ ਮਿਲੇ ਹਨ। ਮੁੱਢਲੀ ਕਾਰਵਾਈ ਤੋਂ ਬਾਅਦ ਉਸ ਨੂੰ ਪੁੱਛਗਿੱਛ ਲਈ ਦਿੱਲੀ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਦਿੱਲੀ ਦਾ ਆਈਜੀਆਈ ਹਵਾਈ ਅੱਡਾ ਬੇਹੱਦ ਸੰਵੇਦਨਸ਼ੀਲ ਸੁਰੱਖਿਆ ਖੇਤਰ ਮੰਨਿਆ ਜਾਂਦਾ ਹੈ। ਇੱਥੇ ਯਾਤਰੀਆਂ ਨੂੰ ਵੈਧ ਟਿਕਟਾਂ ਅਤੇ ਪਛਾਣ ਪੱਤਰਾਂ ਦੀ ਜਾਂਚ ਤੋਂ ਬਾਅਦ ਹੀ ਟਰਮੀਨਲ ਵਿੱਚ ਦਾਖ਼ਲ ਹੋਣ ਦੀ ਇਜਾਜ਼ਤ ਦਿੱਤੀ ਜਾਂਦੀ ਹੈ। ਹਵਾਈ ਅੱਡੇ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਹਥਿਆਰਬੰਦ ਸੀਆਈਐੱਸਐੱਫ ਜਵਾਨਾਂ ਕੋਲ ਹੈ।