ਅਮਰੀਕਾ ਤੋਂ ਬਾਅਦ ਹੁਣ ਕੈਨੇਡਾ ਨੇ ਗੋਲਡੀ ਬਰਾੜ ਦਾ ਨਾਂਅ ਪਾਇਆ ਮੋਸਟ ਵਾਂਟੇਡ ਸੂਚੀ ’ਚ, ਰੱਖਿਆ 2.5 ਲੱਖ ਡਾਲਰ ਦਾ ਇਨਾਮ
ਚੰਡੀਗੜ੍ਹ: ਗੈਂਗਸਟਰ ਗੋਲਡੀ ਬਰਾੜ ਦੀਆਂ ਮੁਸ਼ਕਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ। ਅਮਰੀਕਾ ਤੋਂ ਬਾਅਦ ਹੁਣ ਕੈਨੇਡਾ ਨੇ ਵੀ ਉਸ ਦੀ ਗ੍ਰਿਫ਼ਤਾਰੀ ਲਈ ਇਨਾਮ ਦਾ ਐਲਾਨ ਕੀਤਾ ਹੈ। ਕੈਨੇਡਾ ਦੀ ਮੋਸਟ ਵਾਂਟੇਡ ਅਪਰਾਧੀਆਂ ਦੀ ਸੂਚੀ ਵਿੱਚ ਗੋਲਡੀ ਬਰਾੜ ਨੂੰ ਪਹਿਲੇ ਸਥਾਨ ’ਤੇ ਰੱਖਿਆ ਗਿਆ ਹੈ। ਉਸ ਬਾਰੇ ਅਜਿਹੀ ਜਾਣਕਾਰੀ ਦੇਣ ਵਾਲੇ ਵਿਅਕਤੀ ਨੂੰ 2.5 ਲੱਖ ਕੈਨੇਡੀਅਨ ਡਾਲਰ (ਕਰੀਬ 1.63 ਕਰੋੜ ਰੁਪਏ) ਇਨਾਮ ਵਜੋਂ ਦਿੱਤੇ ਜਾਣਗੇ, ਜਿਸ ਨਾਲ ਉਸ ਦੀ ਗ੍ਰਿਫ਼ਤਾਰੀ ਵਿੱਚ ਮਦਦ ਮਿਲ ਸਕੇ।
ਕੈਨੇਡਾ ਵਿੱਚ ਗੋਲਡੀ ਬਰਾੜ ਦੀ ਭਾਲ ਸਤੰਬਰ 2023 ਵਿੱਚ ਹੋਏ ਇੱਕ ਕਤਲ ਕੇਸ ਨਾਲ ਜੁੜੀ ਹੋਈ ਹੈ। 20 ਸਤੰਬਰ ਨੂੰ ਵਿਨੀਪੈਗ ਦੇ ਹੇਜ਼ਲਟਨ ਡਰਾਈਵ ਇਲਾਕੇ ਵਿੱਚ ਇੱਕ ਘਰ ’ਤੇ ਗੋਲੀਬਾਰੀ ਹੋਈ ਸੀ। ਇਸ ਵਾਰਦਾਤ ਵਿੱਚ 39 ਸਾਲਾ ਸੁਖਦੂਲ ਸਿੰਘ ਗਿੱਲ ਉਰਫ਼ ਸੁੱਖਾ ਦੁੱਨੇਕੇ ਦੀ ਮੌਤ ਹੋ ਗਈ ਸੀ। ਇਸ ਮਾਮਲੇ ਵਿੱਚ 23 ਫਰਵਰੀ 2026 ਨੂੰ ਗੋਲਡੀ ਬਰਾੜ ਅਤੇ ਕਰਨਬੀਰ ਸਿੰਘ ਖ਼ਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤੇ ਗਏ ਸਨ। ਦੋਵਾਂ ’ਤੇ ਫਸਟ ਡਿਗਰੀ ਕਤਲ ਅਤੇ ਕਤਲ ਦੀ ਸਾਜ਼ਿਸ਼ ਰਚਣ ਦੇ ਦੋਸ਼ ਹਨ। ਉਦੋਂ ਤੋਂ ਹੀ ਕੈਨੇਡੀਅਨ ਪੁਲੀਸ ਉਨ੍ਹਾਂ ਦੀ ਭਾਲ ਕਰ ਰਹੀ ਹੈ।
ਅਮਰੀਕਾ ਨੇ ਵੀ ਐਲਾਨਿਆ ਸੀ 10 ਲੱਖ ਡਾਲਰ ਦਾ ਇਨਾਮ
ਗੋਲਡੀ ਬਰਾੜ ਦੀ ਤਲਾਸ਼ ਵਿੱਚ ਅਮਰੀਕੀ ਏਜੰਸੀਆਂ ਵੀ ਸਰਗਰਮ ਹਨ। ਅਮਰੀਕਾ ਵੱਲੋਂ ਉਸ ਦੀ ਗ੍ਰਿਫ਼ਤਾਰੀ ਵਿੱਚ ਮਦਦਗਾਰ ਜਾਣਕਾਰੀ ਦੇਣ ਵਾਲੇ ਲਈ 10 ਲੱਖ ਅਮਰੀਕੀ ਡਾਲਰ ਦੇ ਇਨਾਮ ਦਾ ਐਲਾਨ ਕੀਤਾ ਗਿਆ ਸੀ। ਉਸ ਨੂੰ ਐੱਫਬੀਆਈ ਦੀ ਮੋਸਟ ਵਾਂਟੇਡ ਸੂਚੀ ਵਿੱਚ ਵੀ ਸ਼ਾਮਲ ਕੀਤਾ ਗਿਆ ਸੀ।
ਕੈਨੇਡਾ ਤੋਂ ਅਮਰੀਕਾ ਤੱਕ ਫੈਲੀ ਭਾਲ
ਗੋਲਡੀ ਬਰਾੜ ਭਾਰਤ ਤੋਂ ਫਰਾਰ ਹੋਣ ਮਗਰੋਂ ਲੰਬੇ ਸਮੇਂ ਤੱਕ ਕੈਨੇਡਾ ਵਿੱਚ ਰਿਹਾ ਸੀ। ਜਾਂਚ ਏਜੰਸੀਆਂ ਕੋਲ ਉਸ ਦੇ ਕੈਨੇਡਾ ਵਿੱਚ ਰਹਿਣ ਸਬੰਧੀ ਜਾਣਕਾਰੀ ਹੋਣ ਦੀ ਗੱਲ ਸਾਹਮਣੇ ਆਉਂਦੀ ਰਹੀ ਹੈ। ਬਾਅਦ ਵਿੱਚ ਉਸ ਦੇ ਅਮਰੀਕਾ ਪਹੁੰਚਣ ਦੀਆਂ ਰਿਪੋਰਟਾਂ ਵੀ ਆਈਆਂ ਸਨ। ਦੱਸਿਆ ਜਾਂਦਾ ਹੈ ਕਿ ਲਾਰੈਂਸ ਬਿਸ਼ਨੋਈ ਤੋਂ ਵੱਖ ਹੋਣ ਮਗਰੋਂ ਗੋਲਡੀ ਬਰਾੜ ਨੇ ਰੋਹਿਤ ਗੋਦਾਰਾ ਨਾਲ ਮਿਲ ਕੇ ਆਪਣਾ ਗੈਂਗ ਚਲਾਉਣਾ ਸ਼ੁਰੂ ਕਰ ਦਿੱਤਾ ਸੀ। ਹਾਲਾਂਕਿ, ਅਮਰੀਕਾ ਵਿੱਚ ਵੀ ਉਸ ਖ਼ਿਲਾਫ਼ ਕਾਰਵਾਈ ਤੇਜ਼ ਹੋਣ ਤੋਂ ਬਾਅਦ ਉਸ ਦੇ ਮੌਜੂਦਾ ਟਿਕਾਣੇ ਬਾਰੇ ਸਪੱਸ਼ਟ ਜਾਣਕਾਰੀ ਸਾਹਮਣੇ ਨਹੀਂ ਆਈ ਹੈ।