ਪੰਨੂ ਕਤਲ ਸਾਜ਼ਿਸ਼ ਮਾਮਲਾ: ਨਿਖਿਲ ਗੁਪਤਾ ਨੂੰ ਅੱਜ ਅਦਾਲਤ ਸੁਣਾਏਗੀ ਸਜ਼ਾ
- ਅੱਜ 20 ਨਵੰਬਰ ਨੂੰ ਅਦਾਲਤ ਸੁਣਾਏਗੀ ਫੈਸਲਾ
- ਨਿਖਿਲ ਗੁਪਤਾ ਨੂੰ 24 ਸਾਲ ਦੀ ਸਜ਼ਾ ਦਿਵਾਉਣ ਦੀ ਅਮਰੀਕਾ ਨੇ ਕੀਤੀ ਮੰਗ
- ਬਚਾਅ ਪੱਖ ਨੇ 12 ਸਾਲ ਦੀ ਕੈਦ ਦੀ ਮੰਗ ਕੀਤੀ
ਨਵੀਂ ਦਿੱਲੀ: ਅਮਰੀਕਾ ਵਿੱਚ ਸਿੱਖ ਵੱਖਵਾਦੀ ਆਗੂ ਗੁਰਪਤਵੰਤ ਸਿੰਘ ਪੰਨੂ ਦੀ ਹੱਤਿਆ ਦੀ ਕਥਿਤ ਸਾਜ਼ਿਸ਼ ਦੇ ਮਾਮਲੇ ਵਿੱਚ ਭਾਰਤੀ ਨਾਗਰਿਕ ਨਿਖਿਲ ਗੁਪਤਾ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ। ਅਮਰੀਕੀ ਸਰਕਾਰ ਨੇ 55 ਸਾਲਾ ਨਿਖਿਲ ਗੁਪਤਾ ਲਈ 24 ਸਾਲ ਦੀ ਕੈਦ ਦੀ ਸਜ਼ਾ ਦੀ ਮੰਗ ਕੀਤੀ ਹੈ। ਇਸ ਹਾਈ-ਪ੍ਰੋਫਾਈਲ ਮਾਮਲੇ ਵਿੱਚ ਅੱਜ 20 ਨਵੰਬਰ ਨੂੰ ਅਦਾਲਤ ਵੱਲੋਂ ਫੈਸਲਾ ਸੁਣਾਏ ਜਾਣ ਦੀ ਉਮੀਦ ਹੈ।
ਮੈਨਹਟਨ ਦੀ ਸੰਘੀ ਅਦਾਲਤ ਵਿੱਚ ਦਾਇਰ 20 ਪੰਨਿਆਂ ਦੀ ਰਿਪੋਰਟ ਵਿੱਚ ਅਮਰੀਕੀ ਅਟਾਰਨੀ ਜੇਮਸ ਮੈਕਡੋਨਲਡ ਨੇ ਨਿਖਿਲ ਗੁਪਤਾ ਦੀਆਂ ਕਥਿਤ ਕਾਰਵਾਈਆਂ ਨੂੰ ਬੇਹੱਦ ਗੰਭੀਰ ਕਰਾਰ ਦਿੱਤਾ ਹੈ। ਸਰਕਾਰੀ ਵਕੀਲਾਂ ਦਾ ਦੋਸ਼ ਹੈ ਕਿ ਗੁਪਤਾ ਅਮਰੀਕੀ ਧਰਤੀ ’ਤੇ ਇੱਕ ਅਮਰੀਕੀ ਨਾਗਰਿਕ ਦੀ ਹੱਤਿਆ ਕਰਨ ਦੀ ਵਿਦੇਸ਼ੀ ਸਾਜ਼ਿਸ਼ ਵਿੱਚ ਅਹਿਮ ਭੂਮਿਕਾ ਨਿਭਾ ਰਿਹਾ ਸੀ। ਦੂਜੇ ਪਾਸੇ, ਨਿਖਿਲ ਗੁਪਤਾ ਦੇ ਵਕੀਲਾਂ ਨੇ ਅਦਾਲਤ ਤੋਂ ਸਜ਼ਾ ਵਿੱਚ ਰਿਆਇਤ ਦੇਣ ਦੀ ਅਪੀਲ ਕੀਤੀ ਹੈ। ਬਚਾਅ ਪੱਖ ਨੇ 12 ਸਾਲ ਦੀ ਕੈਦ ਅਤੇ ਇਸ ਤੋਂ ਬਾਅਦ ਤਿੰਨ ਸਾਲ ਦੀ ਨਿਗਰਾਨੀ ਹੇਠ ਰਿਹਾਈ ਦੀ ਮੰਗ ਕੀਤੀ ਹੈ।
ਇੱਕ ਲੱਖ ਡਾਲਰ ਵਿੱਚ ਹੱਤਿਆ ਦੀ ਸੁਪਾਰੀ ਦੇਣ ਦਾ ਦੋਸ਼
ਅਮਰੀਕੀ ਜਾਂਚ ਏਜੰਸੀਆਂ ਦੇ ਦੋਸ਼ਾਂ ਮੁਤਾਬਕ ਸਾਲ 2023 ਦੌਰਾਨ ਨਿਖਿਲ ਗੁਪਤਾ ਨੇ ਭਾਰਤ ਅਤੇ ਹੋਰ ਥਾਵਾਂ ’ਤੇ ਮੌਜੂਦ ਲੋਕਾਂ ਨਾਲ ਮਿਲ ਕੇ ਨਿਊਯਾਰਕ ਵਿੱਚ ਗੁਰਪਤਵੰਤ ਸਿੰਘ ਪੰਨੂ ਦੀ ਹੱਤਿਆ ਦੀ ਸਾਜ਼ਿਸ਼ ਰਚੀ ਸੀ। ਦੋਸ਼ ਹੈ ਕਿ ਗੁਪਤਾ ਨੇ ਵਿਕਾਸ ਯਾਦਵ ਦੇ ਨਿਰਦੇਸ਼ਾਂ ’ਤੇ ਅਮਰੀਕਾ ਵਿੱਚ ਇੱਕ ਗੁਪਤ ਸੂਤਰ ਨਾਲ ਸੰਪਰਕ ਕੀਤਾ ਸੀ। ਇਹ ਸੂਤਰ ਅਮਰੀਕੀ ਡਰੱਗ ਇਨਫੋਰਸਮੈਂਟ ਐਡਮਿਨਿਸਟ੍ਰੇਸ਼ਨ (DEA) ਲਈ ਕੰਮ ਕਰਨ ਵਾਲਾ ਮੁਖ਼ਬਰ ਸੀ। ਜਾਂਚ ਮੁਤਾਬਕ ਪੰਨੂ ਦੀ ਹੱਤਿਆ ਲਈ ਇੱਕ ਲੱਖ ਅਮਰੀਕੀ ਡਾਲਰ ਦਾ ਸੌਦਾ ਤੈਅ ਕੀਤਾ ਗਿਆ ਸੀ।
ਹੁਣ ਇਸ ਮਾਮਲੇ ਵਿੱਚ ਅਦਾਲਤ ਦੇ ਫੈਸਲੇ ’ਤੇ ਸਾਰਿਆਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ।