ਮਲੇਸ਼ੀਆ ਜਾਣ ਵਾਲੇ ਭਾਰਤੀਆਂ ਨੂੰ ਝਟਕਾ !, ਬਿਨਾਂ ਵੀਜ਼ਾ ਨਹੀਂ ਮਿਲੇਗੀ ਐਂਟਰੀ
ਨਵੀਂ ਦਿੱਲੀ: ਮਲੇਸ਼ੀਆ ਘੁੰਮਣ ਜਾਣ ਦੀ ਯੋਜਨਾ ਬਣਾ ਰਹੇ ਭਾਰਤੀ ਯਾਤਰੀਆਂ ਲਈ ਅਹਿਮ ਖ਼ਬਰ ਹੈ। ਮਲੇਸ਼ੀਆ ਸਰਕਾਰ ਨੇ ਭਾਰਤੀ ਨਾਗਰਿਕਾਂ ਨੂੰ ਮਿਲ ਰਹੀ 30 ਦਿਨਾਂ ਦੀ ਵੀਜ਼ਾ-ਮੁਕਤ ਐਂਟਰੀ ਸਹੂਲਤ ਖ਼ਤਮ ਕਰਨ ਦਾ ਫੈਸਲਾ ਕੀਤਾ ਹੈ। ਨਵੇਂ ਨਿਯਮ 1 ਜਨਵਰੀ 2027 ਤੋਂ ਲਾਗੂ ਹੋਣਗੇ। ਇਸ ਤੋਂ ਬਾਅਦ ਭਾਰਤੀਆਂ ਨੂੰ ਮਲੇਸ਼ੀਆ ਜਾਣ ਤੋਂ ਪਹਿਲਾਂ ਵੀਜ਼ਾ ਲੈਣਾ ਲਾਜ਼ਮੀ ਹੋਵੇਗਾ। ਮਲੇਸ਼ੀਆ ਦੇ ਇਮੀਗ੍ਰੇਸ਼ਨ ਵਿਭਾਗ (JIM) ਨੇ 17 ਨਵੰਬਰ ਨੂੰ ਜਾਰੀ ਨੋਟੀਫਿਕੇਸ਼ਨ ਰਾਹੀਂ ਇਸ ਬਦਲਾਅ ਦੀ ਜਾਣਕਾਰੀ ਦਿੱਤੀ ਹੈ। ਇਸ ਅਨੁਸਾਰ 1 ਦਸੰਬਰ 2026 ਤੋਂ ਭਾਰਤੀ ਨਾਗਰਿਕ MyVISA ਪੋਰਟਲ ਰਾਹੀਂ ਵੀਜ਼ਾ ਲਈ ਅਰਜ਼ੀ ਦੇ ਸਕਣਗੇ।
31 ਦਸੰਬਰ ਤੱਕ ਮਿਲੇਗੀ ਪੁਰਾਣੀ ਸਹੂਲਤ
ਮਲੇਸ਼ੀਆ ਨੇ 1 ਦਸੰਬਰ 2023 ਨੂੰ ਭਾਰਤੀ ਨਾਗਰਿਕਾਂ ਲਈ ਵੀਜ਼ਾ-ਮੁਕਤ ਦਾਖ਼ਲੇ ਦੀ ਸਹੂਲਤ ਸ਼ੁਰੂ ਕੀਤੀ ਸੀ। ਇਸ ਤਹਿਤ ਭਾਰਤੀ ਯਾਤਰੀ 30 ਦਿਨਾਂ ਤੱਕ ਬਿਨਾਂ ਵੀਜ਼ਾ ਦੇ ਉੱਥੇ ਰਹਿ ਸਕਦੇ ਸਨ। ਬਾਅਦ ਵਿੱਚ ਇਸ ਸਹੂਲਤ ਨੂੰ ਵਧਾ ਕੇ 2026 ਦੇ ਅੰਤ ਤੱਕ ਕਰ ਦਿੱਤਾ ਗਿਆ ਸੀ। ਹੁਣ 31 ਦਸੰਬਰ 2026 ਇਸ ਛੋਟ ਦਾ ਆਖਰੀ ਦਿਨ ਹੋਵੇਗਾ।
ਵੀਜ਼ਾ ਫੀਸ ਵਾਪਸ ਨਹੀਂ ਮਿਲੇਗੀ
ਇਮੀਗ੍ਰੇਸ਼ਨ ਵਿਭਾਗ ਨੇ ਸਪੱਸ਼ਟ ਕੀਤਾ ਹੈ ਕਿ ਵੀਜ਼ਾ ਅਰਜ਼ੀ ਦੀ ਪ੍ਰੋਸੈਸਿੰਗ ਫੀਸ ਕਿਸੇ ਵੀ ਹਾਲਤ ਵਿੱਚ ਵਾਪਸ ਨਹੀਂ ਕੀਤੀ ਜਾਵੇਗੀ। ਭਾਵੇਂ ਅਰਜ਼ੀ ਰੱਦ ਹੋ ਜਾਵੇ, ਯਾਤਰਾ ਦੀ ਯੋਜਨਾ ਬਦਲ ਜਾਵੇ ਜਾਂ ਨੀਤੀ ਵਿੱਚ ਤਬਦੀਲੀ ਆ ਜਾਵੇ, ਫੀਸ ਦਾ ਰਿਫੰਡ ਨਹੀਂ ਮਿਲੇਗਾ। ਵਿਭਾਗ ਮੁਤਾਬਕ ਸਰਕਾਰ ਲੋੜ ਅਨੁਸਾਰ ਦਾਖ਼ਲੇ ਦੇ ਨਿਯਮਾਂ ਵਿੱਚ ਬਦਲਾਅ ਵੀ ਕਰ ਸਕਦੀ ਹੈ।
ਟ੍ਰੈਵਲ ਮੈਡੀਕਲ ਇੰਸ਼ੋਰੈਂਸ ਲੈਣ ਦੀ ਸਲਾਹ
ਮਲੇਸ਼ੀਆ ਦੇ ਇਮੀਗ੍ਰੇਸ਼ਨ ਵਿਭਾਗ ਨੇ ਵਿਦੇਸ਼ੀ ਯਾਤਰੀਆਂ ਨੂੰ ਆਪਣੇ ਪੂਰੇ ਦੌਰੇ ਦੌਰਾਨ ਟ੍ਰੈਵਲ ਮੈਡੀਕਲ ਇੰਸ਼ੋਰੈਂਸ ਲੈਣ ਦੀ ਸਲਾਹ ਦਿੱਤੀ ਹੈ। ਵਿਭਾਗ ਨੇ ਕਿਹਾ ਹੈ ਕਿ ਵਿਦੇਸ਼ੀ ਨਾਗਰਿਕਾਂ ਨੂੰ ਉੱਥੇ ਇਲਾਜ ਅਤੇ ਸਿਹਤ ਸੇਵਾਵਾਂ ਦਾ ਖਰਚਾ ਖੁਦ ਚੁੱਕਣਾ ਪਵੇਗਾ।
ਨੌਕਰੀ ਦੀ ਭਾਲ ਲਈ ਵੀਜ਼ਾ-ਮੁਕਤ ਐਂਟਰੀ ਦੀ ਵਰਤੋਂ ਨਾ ਕਰਨ ਦੀ ਸਲਾਹ
ਜ਼ਿਕਰਯੋਗ ਹੈ ਕਿ ਭਾਰਤ ਸਰਕਾਰ ਨੇ ਸਤੰਬਰ ਮਹੀਨੇ ਵਿੱਚ ਮਲੇਸ਼ੀਆ ਵਿੱਚ ਰਹਿ ਰਹੇ ਭਾਰਤੀਆਂ ਨੂੰ ਸਲਾਹ ਦਿੱਤੀ ਸੀ ਕਿ ਉਹ ਉੱਥੇ ਰੁਜ਼ਗਾਰ ਲੱਭਣ ਲਈ 30 ਦਿਨਾਂ ਦੀ ਵੀਜ਼ਾ-ਮੁਕਤ ਸਹੂਲਤ ਦੀ ਵਰਤੋਂ ਨਾ ਕਰਨ। ਹੁਣ ਨਵੇਂ ਨਿਯਮ ਲਾਗੂ ਹੋਣ ਤੋਂ ਬਾਅਦ ਭਾਰਤੀਆਂ ਨੂੰ ਯਾਤਰਾ ਤੋਂ ਪਹਿਲਾਂ ਵੀਜ਼ਾ ਸਬੰਧੀ ਸਾਰੀਆਂ ਪ੍ਰਕਿਰਿਆਵਾਂ ਪੂਰੀਆਂ ਕਰਨੀਆਂ ਪੈਣਗੀਆਂ।
ਇਸ ਦੌਰਾਨ ਭਾਰਤ ਸਰਕਾਰ ਨੇ ਵੀ ਆਪਣੀ ਵੀਜ਼ਾ ਪ੍ਰਣਾਲੀ ਵਿੱਚ ਬਦਲਾਅ ਕੀਤੇ ਹਨ। ਨਵੀਂ ਵਿਵਸਥਾ ਤਹਿਤ ਵੀਜ਼ਾ ਦੀਆਂ ਮੁੱਖ ਸ਼੍ਰੇਣੀਆਂ 13 ਤੋਂ ਘਟਾ ਕੇ 9 ਅਤੇ ਉਪ-ਸ਼੍ਰੇਣੀਆਂ 49 ਤੋਂ ਘਟਾ ਕੇ 23 ਕਰ ਦਿੱਤੀਆਂ ਗਈਆਂ ਹਨ। ਇਸ ਦੇ ਨਾਲ ਹੀ ਵੀਜ਼ਾ ਅਰਜ਼ੀ ਫਾਰਮ ਵਿੱਚ ਮੰਗੀ ਜਾਣ ਵਾਲੀ ਜਾਣਕਾਰੀ ਵੀ 65 ਤੋਂ 70 ਫੀਸਦੀ ਤੱਕ ਘਟਾਈ ਗਈ ਹੈ।