ਭਾਰਤੀ ਸਰਹੱਦ ‘ਤੇ ਪਾਕਿਸਤਾਨੀ ਡਰੋਨ ਨੇ ਵਧਾਈ ਹਲਚਲ, BSF ਨੇ ਬਣਾਇਆ ਨਿਸ਼ਾਨਾ
India-Pakistan Border, BSF Drone Shot Down; ਗੁਰਦਾਸਪੁਰ ਵਿੱਚ ਭਾਰਤ-ਪਾਕਿਸਤਾਨ ਸਰਹੱਦ ਨੇੜੇ ਰਾਤ ਸਮੇਂ ਡਰੋਨ ਦੀ ਹਲਚਲ ਦੇਖੇ ਜਾਣ ਤੋਂ ਬਾਅਦ ਸੁਰੱਖਿਆ ਏਜੰਸੀਆਂ ਅਲਰਟ ਹੋ ਗਈਆਂ। ਸਰਹੱਦੀ ਪਿੰਡ ਵਿੱਚ ਪਾਕਿਸਤਾਨ ਵਾਲੇ ਪਾਸਿਓਂ ਆਏ ਇੱਕ ਡਰੋਨ ਨੂੰ ਹੇਠਾਂ ਡੇਗ ਦਿੱਤਾ ਗਿਆ।
ਇਸ ਤੋਂ ਬਾਅਦ BSF ਅਤੇ ਪੰਜਾਬ ਪੁਲਿਸ ਦੀਆਂ ਟੀਮਾਂ ਵੱਲੋਂ ਇਲਾਕੇ ਵਿੱਚ ਸਾਂਝਾ ਆਪ੍ਰੇਸ਼ਨ ਸ਼ੁਰੂ ਕੀਤਾ ਗਿਆ। ਮੁੱਢਲੀ ਜਾਂਚ ਦੌਰਾਨ ਡਰੋਨ ਤੋਂ ਇਲਾਵਾ ਮੌਕੇ ਤੋਂ ਕੋਈ ਸ਼ੱਕੀ ਸਾਮਾਨ ਬਰਾਮਦ ਨਹੀਂ ਹੋਇਆ।
ਪੁਲਿਸ ਚੌਕੀ ਧਰਮਕੋਟ ਦੇ ਇੰਚਾਰਜ ਸੁਖਦੇਵ ਸਿੰਘ ਨੇ ਦੱਸਿਆ ਕਿ ਡੇਰਾ ਬਾਬਾ ਨਾਨਕ ਦੇ ਸਰਹੱਦੀ ਪਿੰਡ ਮੰਗੀਆਂ ਵਿੱਚ ਡਰੋਨ ਦੀ ਹਲਚਲ ਦਿਖਾਈ ਦਿੱਤੀ ਸੀ। ਇਸ ਤੋਂ ਬਾਅਦ BSF ਦੀ 242ਵੀਂ ਬਟਾਲੀਅਨ ਅਤੇ ਪੰਜਾਬ ਪੁਲਿਸ ਦੀ ਐਂਟੀ-ਡਰੋਨ ਟੀਮ ਨੇ ਸਾਂਝੀ ਕਾਰਵਾਈ ਕਰਦਿਆਂ ਡਰੋਨ ਨੂੰ ਨਿਸ਼ਾਨਾ ਬਣਾਇਆ ਅਤੇ ਹੇਠਾਂ ਡੇਗ ਦਿੱਤਾ।
ਮੁੱਢਲੀ ਜਾਂਚ ਦੌਰਾਨ ਨਾ ਤਾਂ ਮੌਕੇ ਤੋਂ ਹੈਰੋਇਨ ਮਿਲੀ ਅਤੇ ਨਾ ਹੀ ਕੋਈ ਹਥਿਆਰ ਬਰਾਮਦ ਹੋਏ ਹਨ। ਘਟਨਾ ਤੋਂ ਬਾਅਦ BSF ਅਤੇ ਪੰਜਾਬ ਪੁਲਿਸ ਦੀਆਂ ਟੀਮਾਂ ਵੱਲੋਂ ਆਲੇ-ਦੁਆਲੇ ਦੇ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ।
ਸੁਰੱਖਿਆ ਏਜੰਸੀਆਂ ਨੇ ਸਰਹੱਦੀ ਇਲਾਕੇ ਵਿੱਚ ਚੌਕਸੀ ਵਧਾ ਦਿੱਤੀ ਹੈ ਅਤੇ ਮਾਮਲੇ ਦੀ ਜਾਂਚ ਜਾਰੀ ਹੈ।