ਤਾਜ ਮਹਿਲ ਤੇ ਨਿਜ਼ਾਮੂਦੀਨ ਦਰਗਾਹ ਜਾਣ ਦੀ ਇੱਛਾ ’ਤੇ ਪਾਕਿ ਮੰਤਰੀ ਨੂੰ ਝਟਕਾ, ਭਾਰਤ ਸਰਕਾਰ ਨੇ ਨਹੀਂ ਦਿੱਤੀ ਮਨਜ਼ੂਰੀ
- ਐੱਸਸੀਓ ਬੈਠਕ ਤੋਂ ਇਲਾਵਾ ਕਿਸੇ ਹੋਰ ਥਾਂ ਜਾਣ ਦੀ ਇਜਾਜ਼ਤ ਨਹੀਂ
- ਮੁਸਾਦਿਕ ਮਲਿਕ ਨੂੰ ਸਿਰਫ਼ ਅਧਿਕਾਰਤ ਪ੍ਰੋਗਰਾਮਾਂ ਵਿੱਚ ਸ਼ਾਮਲ ਹੋਣ ਲਈ ਕਿਹਾ
ਨਵੀਂ ਦਿੱਲੀ: ਪਾਕਿਸਤਾਨ ਦੇ ਜਲਵਾਯੂ ਮੰਤਰੀ ਮੁਸਾਦਿਕ ਮਲਿਕ ਦੀ ਭਾਰਤ ਦੌਰੇ ਦੌਰਾਨ ਤਾਜ ਮਹਿਲ ਅਤੇ ਦਿੱਲੀ ਸਥਿਤ ਨਿਜ਼ਾਮੂਦੀਨ ਦਰਗਾਹ ਜਾਣ ਦੀ ਇੱਛਾ ਪੂਰੀ ਨਹੀਂ ਹੋ ਸਕੀ। ਭਾਰਤ ਸਰਕਾਰ ਨੇ ਉਨ੍ਹਾਂ ਨੂੰ ਸ਼ੰਘਾਈ ਸਹਿਯੋਗ ਸੰਗਠਨ (ਐੱਸਸੀਓ) ਦੀ ਬੈਠਕ ਤੋਂ ਇਲਾਵਾ ਕਿਸੇ ਹੋਰ ਥਾਂ ਜਾਣ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਮੁਸਾਦਿਕ ਮਲਿਕ 20 ਤੋਂ 22 ਨਵੰਬਰ ਤੱਕ ਭਾਰਤ ਦੌਰੇ ’ਤੇ ਹਨ। ਉਹ ਦਿੱਲੀ ਦੇ ਪੁਰਾਣਾ ਕਿਲ੍ਹਾ ਵਿਖੇ ਹੋ ਰਹੀ ਐੱਸਸੀਓ ਬੈਠਕ ਵਿੱਚ ਹਿੱਸਾ ਲੈਣ ਲਈ ਪਹੁੰਚੇ ਹਨ। ਇਸ ਬੈਠਕ ਵਿੱਚ ਵੱਖ-ਵੱਖ ਦੇਸ਼ਾਂ ਦੇ ਨੁਮਾਇੰਦੇ ਸ਼ਾਮਲ ਹੋ ਰਹੇ ਹਨ।
ਸੂਤਰਾਂ ਮੁਤਾਬਕ ਪਾਕਿਸਤਾਨੀ ਮੰਤਰੀ ਨੇ ਆਗਰਾ ਦੇ ਤਾਜ ਮਹਿਲ ਅਤੇ ਦਿੱਲੀ ਦੀ ਨਿਜ਼ਾਮੂਦੀਨ ਦਰਗਾਹ ਜਾਣ ਦੀ ਇਜਾਜ਼ਤ ਮੰਗੀ ਸੀ, ਪਰ ਭਾਰਤ ਸਰਕਾਰ ਨੇ ਉਨ੍ਹਾਂ ਦੀ ਇਹ ਬੇਨਤੀ ਸਵੀਕਾਰ ਨਹੀਂ ਕੀਤੀ। ਉਨ੍ਹਾਂ ਨੂੰ ਸਪੱਸ਼ਟ ਕਰ ਦਿੱਤਾ ਗਿਆ ਹੈ ਕਿ ਉਹ ਆਪਣੇ ਦੌਰੇ ਦੌਰਾਨ ਸਿਰਫ਼ ਐੱਸਸੀਓ ਦੇ ਨਿਰਧਾਰਤ ਪ੍ਰੋਗਰਾਮਾਂ ਵਿੱਚ ਹੀ ਸ਼ਾਮਲ ਹੋ ਸਕਦੇ ਹਨ।
ਵਿਦੇਸ਼ੀ ਮਹਿਮਾਨਾਂ ਲਈ ਸਰਕਾਰੀ ਮਨਜ਼ੂਰੀ ਲਾਜ਼ਮੀ
ਨਿਯਮਾਂ ਅਨੁਸਾਰ ‘ਸਿਵਿਲਾਈਜ਼ੇਸ਼ਨਲ ਡਾਇਲਾਗ ਫੋਰਮ’ ਤੋਂ ਇਲਾਵਾ ਕਿਸੇ ਹੋਰ ਪ੍ਰੋਗਰਾਮ ਜਾਂ ਸਥਾਨ ’ਤੇ ਜਾਣ ਲਈ ਵਿਦੇਸ਼ੀ ਮਹਿਮਾਨਾਂ ਨੂੰ ਭਾਰਤ ਸਰਕਾਰ ਤੋਂ ਪਹਿਲਾਂ ਮਨਜ਼ੂਰੀ ਲੈਣੀ ਪੈਂਦੀ ਹੈ। ਸੁਰੱਖਿਆ ਪ੍ਰਬੰਧਾਂ ਦੀ ਸਮੀਖਿਆ ਤੋਂ ਬਾਅਦ ਹੀ ਅਜਿਹੇ ਦੌਰਿਆਂ ਦੀ ਇਜਾਜ਼ਤ ਦਿੱਤੀ ਜਾਂਦੀ ਹੈ। ਜ਼ਿਕਰਯੋਗ ਹੈ ਕਿ ਭਾਰਤ ਨੇ 28 ਅਕਤੂਬਰ ਨੂੰ ਐਲਾਨ ਕੀਤਾ ਸੀ ਕਿ ਤੈਅ ਪਰੰਪਰਾ ਅਨੁਸਾਰ ਪਾਕਿਸਤਾਨ ਸਮੇਤ ਐੱਸਸੀਓ ਦੇ ਸਾਰੇ ਮੈਂਬਰ ਦੇਸ਼ਾਂ ਨੂੰ ਬੈਠਕ ਲਈ ਸੱਦਾ ਭੇਜਿਆ ਗਿਆ ਹੈ। ਇਸ ਤੋਂ ਬਾਅਦ ਪਾਕਿਸਤਾਨ ਸਰਕਾਰ ਨੇ ਮੁਸਾਦਿਕ ਮਲਿਕ ਦੇ ਬੈਠਕ ਵਿੱਚ ਸ਼ਾਮਲ ਹੋਣ ਦੀ ਪੁਸ਼ਟੀ ਕੀਤੀ ਸੀ।