ਭਾਰਤ-ਪਾਕਿਸਤਾਨ ਨੇਤਰਹੀਣ ਕ੍ਰਿਕਟ ਏਸ਼ੀਆ ਕੱਪ ਫਾਈਨਲ: ਪਾਕਿਸਤਾਨ ਨੂੰ ਜੇਤੂ ਐਲਾਨਣ ’ਤੇ ਖੜ੍ਹਾ ਹੋਇਆ ਵਿਵਾਦ
- ਮੀਂਹ ਕਾਰਨ ਨਹੀਂ ਹੋ ਸਕਿਆ ਖ਼ਿਤਾਬੀ ਮੁਕਾਬਲਾ
- ਲੀਗ ਪੜਾਅ ਦੇ ਅੰਕਾਂ ਦੇ ਆਧਾਰ ’ਤੇ ਪਾਕਿਸਤਾਨ ਨੂੰ ਜੇਤੂ ਐਲਾਨਿਆ
ਨਵੀਂ ਦਿੱਲੀ: ਭਾਰਤ ਅਤੇ ਪਾਕਿਸਤਾਨ ਵਿਚਾਲੇ ਕ੍ਰਿਕਟ ਦਾ ਇੱਕ ਹੋਰ ਵਿਵਾਦ ਸਾਹਮਣੇ ਆਇਆ ਹੈ। ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਵਿੱਚ ਸ਼ੁੱਕਰਵਾਰ ਨੂੰ ਹੋਣ ਵਾਲਾ ਪੁਰਸ਼ ਨੇਤਰਹੀਣ ਏਸ਼ੀਆ ਕੱਪ ਦਾ ਫਾਈਨਲ ਮੀਂਹ ਕਾਰਨ ਨਹੀਂ ਖੇਡਿਆ ਜਾ ਸਕਿਆ। ਇਸ ਤੋਂ ਬਾਅਦ ਦੋਵਾਂ ਟੀਮਾਂ ਨੂੰ ਸਾਂਝੇ ਤੌਰ ’ਤੇ ਜੇਤੂ ਐਲਾਨਿਆ ਗਿਆ, ਪਰ ਵਰਲਡ ਬਲਾਈਂਡ ਕ੍ਰਿਕਟ (WBBC) ਦੇ ਪ੍ਰਧਾਨ ਅਤੇ ਪਾਕਿਸਤਾਨ ਬਲਾਈਂਡ ਕ੍ਰਿਕਟ ਕੌਂਸਲ ਦੇ ਮੁਖੀ ਸੁਲਤਾਨ ਸ਼ਾਹ ਨੇ ਪਾਕਿਸਤਾਨ ਨੂੰ ਜੇਤੂ ਕਰਾਰ ਦੇ ਦਿੱਤਾ। ਮੈਚ ਰੈਫਰੀ ਨੇ ਵੀ ਇਸੇ ਫੈਸਲੇ ਨੂੰ ਮਨਜ਼ੂਰੀ ਦਿੱਤੀ।
ਇਸ ਫੈਸਲੇ ਤੋਂ ਨਾਰਾਜ਼ ਭਾਰਤੀ ਟੀਮ ਨੇ ਇਸ ਨੂੰ ਖੇਡ ਭਾਵਨਾ ਦੇ ਉਲਟ ਦੱਸਿਆ ਹੈ। ਕ੍ਰਿਕਟ ਐਸੋਸੀਏਸ਼ਨ ਫਾਰ ਦ ਬਲਾਈਂਡ ਇਨ ਇੰਡੀਆ (CABI) ਦੇ ਜਨਰਲ ਸਕੱਤਰ ਸ਼ੈਲੇਂਦਰ ਨੇ ਸਪੱਸ਼ਟ ਕੀਤਾ ਕਿ ਜਦੋਂ ਤੱਕ ਇਹ ਵਿਵਾਦ ਹੱਲ ਨਹੀਂ ਹੁੰਦਾ, ਭਾਰਤੀ ਟੀਮ ਭਵਿੱਖ ਵਿੱਚ ਪਾਕਿਸਤਾਨ ਨਾਲ ਕੋਈ ਮੈਚ ਨਹੀਂ ਖੇਡੇਗੀ।
ਲੀਗ ਪੜਾਅ ਦੇ ਅੰਕਾਂ ਦੇ ਆਧਾਰ ’ਤੇ ਮਿਲਿਆ ਖ਼ਿਤਾਬ
ਭਾਰਤ ਅਤੇ ਪਾਕਿਸਤਾਨ ਵਿਚਾਲੇ ਫਾਈਨਲ ਮੁਕਾਬਲਾ ਸ਼ੁੱਕਰਵਾਰ ਨੂੰ ਹੋਣਾ ਸੀ, ਪਰ ਮੀਂਹ ਕਾਰਨ ਖੇਡ ਸ਼ੁਰੂ ਨਹੀਂ ਹੋ ਸਕੀ। ਟੂਰਨਾਮੈਂਟ ਦੇ ਨਿਯਮਾਂ ਮੁਤਾਬਕ ਲੀਗ ਪੜਾਅ ਵਿੱਚ ਬਿਹਤਰ ਪ੍ਰਦਰਸ਼ਨ ਕਰਨ ਵਾਲੀ ਪਾਕਿਸਤਾਨੀ ਟੀਮ ਨੂੰ ਜੇਤੂ ਐਲਾਨ ਦਿੱਤਾ ਗਿਆ। ਪਾਕਿਸਤਾਨ 6 ਅੰਕਾਂ ਨਾਲ ਅੰਕ ਸੂਚੀ ਵਿੱਚ ਪਹਿਲੇ ਅਤੇ ਭਾਰਤ 4 ਅੰਕਾਂ ਨਾਲ ਦੂਜੇ ਸਥਾਨ ’ਤੇ ਰਿਹਾ ਸੀ।
ਭਾਰਤ ਨੇ ਸ਼੍ਰੀਲੰਕਾ ਤੇ ਬੰਗਲਾਦੇਸ਼ ਨੂੰ ਹਰਾਇਆ
ਭਾਰਤੀ ਟੀਮ ਨੇ ਲੀਗ ਪੜਾਅ ਵਿੱਚ ਸ਼੍ਰੀਲੰਕਾ ਅਤੇ ਬੰਗਲਾਦੇਸ਼ ਨੂੰ ਮਾਤ ਦੇ ਕੇ ਫਾਈਨਲ ਵਿੱਚ ਜਗ੍ਹਾ ਬਣਾਈ ਸੀ, ਜਦਕਿ ਪਾਕਿਸਤਾਨ ਖ਼ਿਲਾਫ਼ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਦੋਵਾਂ ਟੀਮਾਂ ਵਿਚਾਲੇ ਲੀਗ ਮੈਚ ਵੀ ਕਾਫ਼ੀ ਰੋਮਾਂਚਕ ਰਿਹਾ ਸੀ। ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 20 ਓਵਰਾਂ ਵਿੱਚ 6 ਵਿਕਟਾਂ ’ਤੇ 179 ਦੌੜਾਂ ਬਣਾਈਆਂ ਸਨ। ਕਪਤਾਨ ਦੁਰਗਾ ਰਾਓ ਨੇ 62 ਦੌੜਾਂ ਦੀ ਪਾਰੀ ਖੇਡੀ, ਜਦਕਿ ਸੰਜੇ ਕੁਮਾਰ ਸ਼ਾਹ ਨੇ 30 ਅਤੇ ਡੀ. ਵੈਂਕਟੇਸ਼ ਨੇ 26 ਦੌੜਾਂ ਬਣਾਈਆਂ।
180 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਪਾਕਿਸਤਾਨੀ ਕਪਤਾਨ ਨਿਸਾਰ ਅਲੀ ਨੇ 64 ਦੌੜਾਂ ਬਣਾਈਆਂ। ਆਖ਼ਰੀ ਓਵਰ ਦੀਆਂ ਦੋ ਗੇਂਦਾਂ ’ਤੇ ਪਾਕਿਸਤਾਨ ਨੂੰ ਜਿੱਤ ਲਈ 7 ਦੌੜਾਂ ਦੀ ਲੋੜ ਸੀ। ਨਿਆਮਤੁੱਲਾਹ ਨੇ ਪੰਜਵੀਂ ਗੇਂਦ ’ਤੇ ਛੱਕਾ ਅਤੇ ਆਖ਼ਰੀ ਗੇਂਦ ’ਤੇ ਚੌਕਾ ਲਗਾ ਕੇ ਪਾਕਿਸਤਾਨ ਨੂੰ ਇੱਕ ਵਿਕਟ ਨਾਲ ਜਿੱਤ ਦਿਵਾਈ ਸੀ।