ਅਨਿਲ ਕਪੂਰ ਨੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਨਾਲ ਕੀਤੀ ਮੁਲਾਕਾਤ
ਮੁੰਬਈ: ਬਾਲੀਵੁੱਡ ਅਦਾਕਾਰ ਅਨਿਲ ਕਪੂਰ ਨੇ ਹਾਲ ਹੀ ਵਿੱਚ ਪੈਰਿਸ ਵਿਖੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਨਾਲ ਮੁਲਾਕਾਤ ਕੀਤੀ। ਅਦਾਕਾਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਇਸ ਮੁਲਾਕਾਤ ਦੀਆਂ ਤਸਵੀਰਾਂ ਸਾਂਝੀਆਂ ਕਰਦਿਆਂ ਇਸ ਨੂੰ ਯਾਦਗਾਰ ਦੱਸਿਆ। ਉਨ੍ਹਾਂ ਨੇ ਮੈਕਰੋਂ ਵੱਲੋਂ ਕੀਤੇ ਨਿੱਘੇ ਸਵਾਗਤ ਲਈ ਧੰਨਵਾਦ ਕਰਦਿਆਂ ਉਨ੍ਹਾਂ ਨੂੰ ਮੁੜ ਭਾਰਤ ਆਉਣ ਦਾ ਸੱਦਾ ਵੀ ਦਿੱਤਾ। ਅਨਿਲ ਕਪੂਰ ਮੁਤਾਬਕ, ਇਸ ਮੁਲਾਕਾਤ ਦੌਰਾਨ ਦੋਵਾਂ ਵਿਚਾਲੇ ਕਲਾ, ਸੱਭਿਆਚਾਰ, ਸਿਨੇਮਾ, ਆਰਟੀਫੀਸ਼ੀਅਲ ਇੰਟੈਲੀਜੈਂਸ (AI), ਊਰਜਾ ਅਤੇ ਆਰਕੀਟੈਕਚਰ ਵਰਗੇ ਵਿਸ਼ਿਆਂ ’ਤੇ ਚਰਚਾ ਹੋਈ। ਇਸ ਦੌਰਾਨ ਉਨ੍ਹਾਂ ਨੇ ਰਾਸ਼ਟਰਪਤੀ ਦੇ ਦਫ਼ਤਰ ਵਿੱਚ ਨੈਪੋਲੀਅਨ ਦੇ ਸਮੇਂ ਦੀਆਂ ਇਤਿਹਾਸਕ ਕਲਾਕ੍ਰਿਤੀਆਂ ਵੀ ਦੇਖੀਆਂ।
ਪਹਿਲੀ ਮੁਲਾਕਾਤ ਨੂੰ ਕੀਤਾ ਯਾਦ
ਅਦਾਕਾਰ ਨੇ ਆਪਣੀ ਪੋਸਟ ਵਿੱਚ ਭਾਰਤ ’ਚ ਮੈਕਰੋਂ ਨਾਲ ਹੋਈ ਪਹਿਲੀ ਮੁਲਾਕਾਤ ਦਾ ਜ਼ਿਕਰ ਵੀ ਕੀਤਾ। ਉਨ੍ਹਾਂ ਲਿਖਿਆ ਕਿ ਪਹਿਲੀ ਵਾਰ ਮਿਲਣ ਸਮੇਂ ਦੋਵਾਂ ਵਿਚਾਲੇ ਗੱਲਬਾਤ ਇੰਨੀ ਸੁਭਾਵਿਕ ਸੀ ਕਿ ਲੱਗਿਆ ਜਿਵੇਂ ਉਹ ਸਾਲਾਂ ਤੋਂ ਇੱਕ-ਦੂਜੇ ਨੂੰ ਜਾਣਦੇ ਹੋਣ। ਪੈਰਿਸ ਵਿੱਚ ਦੁਬਾਰਾ ਮੁਲਾਕਾਤ ਦੌਰਾਨ ਵੀ ਉਨ੍ਹਾਂ ਨੂੰ ਉਹੀ ਨਿੱਘ ਅਤੇ ਆਪਣਾਪਣ ਮਹਿਸੂਸ ਹੋਇਆ। ਅਨਿਲ ਕਪੂਰ ਨੇ ਕਿਹਾ ਕਿ ਇਤਿਹਾਸ ਤੋਂ ਮਿਲਣ ਵਾਲੇ ਸਬਕਾਂ ਤੋਂ ਲੈ ਕੇ ਆਉਣ ਵਾਲੀਆਂ ਪੀੜ੍ਹੀਆਂ ਦੇ ਭਵਿੱਖ ਤੱਕ ਕਈ ਅਹਿਮ ਵਿਸ਼ਿਆਂ ’ਤੇ ਸਾਰਥਕ ਗੱਲਬਾਤ ਹੋਈ। ਉਨ੍ਹਾਂ ਨੇ ਆਪਣੇ ਭਤੀਜੇ ਸਮੇਤ ਪੈਰਿਸ ਵਿੱਚ ਘਰ ਵਰਗਾ ਮਾਹੌਲ ਮਹਿਸੂਸ ਕਰਵਾਉਣ ਲਈ ਮੈਕਰੋਂ ਦਾ ਧੰਨਵਾਦ ਕੀਤਾ।
ਇਟਲੀ ਦੇ ਮਸ਼ਹੂਰ ਰੈਸਟੋਰੈਂਟ ਵਿੱਚ ਵੀ ਪਹੁੰਚੇ ਅਨਿਲ ਕਪੂਰ
ਇਸ ਦੌਰਾਨ ਅਨਿਲ ਕਪੂਰ ਦੀ ਇਟਲੀ ਯਾਤਰਾ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ। ਫਲੋਰੈਂਸ ਦੇ ਮਸ਼ਹੂਰ ਰੈਸਟੋਰੈਂਟ ‘ਲਾ ਜਿਓਸਟਰ’ ਦੇ ਹੋਸਟ ਸੋਲਦਾਨੋ ਕੁੰਜ ਡੀ’ਅਸਬਰਗੋ ਲੋਰੇਨਾ ਨੇ ਵੀ ਅਦਾਕਾਰ ਨਾਲ ਆਪਣੀ ਤਸਵੀਰ ਇੰਸਟਾਗ੍ਰਾਮ ’ਤੇ ਸਾਂਝੀ ਕੀਤੀ। ਹੋਸਟ ਨੇ ਲਿਖਿਆ ਕਿ ਜਦੋਂ ਬਾਲੀਵੁੱਡ ਦਾ ਗਲੈਮਰ ਫਲੋਰੈਂਸ ਦੀ ਰੂਹ ਨਾਲ ਮਿਲਦਾ ਹੈ ਤਾਂ ਭਾਰਤੀ ਸਿਨੇਮਾ ਦੇ ਦਿੱਗਜ ਨਾਲ ਬਿਤਾਈ ਸ਼ਾਮ ਖ਼ਾਸ ਬਣ ਜਾਂਦੀ ਹੈ।
ਫਿਲਮ ‘ਅਲਫਾ’ ਵਿੱਚ ਆਏ ਸਨ ਨਜ਼ਰ
ਕੰਮ ਦੀ ਗੱਲ ਕਰੀਏ ਤਾਂ ਅਨਿਲ ਕਪੂਰ ਹਾਲ ਹੀ ਵਿੱਚ ਆਲੀਆ ਭੱਟ ਦੀ ਫਿਲਮ ‘ਅਲਫਾ’ ਵਿੱਚ ਨਜ਼ਰ ਆਏ ਸਨ। ਸ਼ਿਵ ਰਾਵੈਲ ਦੇ ਨਿਰਦੇਸ਼ਨ ਹੇਠ ਬਣੀ ਇਹ ਫਿਲਮ ਯਸ਼ਰਾਜ ਫਿਲਮਜ਼ ਦੇ ਸਪਾਈ ਯੂਨੀਵਰਸ ਦੀ ਪਹਿਲੀ ਮਹਿਲਾ-ਕੇਂਦਰਿਤ ਫਿਲਮ ਹੈ। ਇਸ ਐਕਸ਼ਨ ਥ੍ਰਿਲਰ ਵਿੱਚ ਅਨਿਲ ਕਪੂਰ ਨੇ RAW ਦੇ ਮੁਖੀ ਲੈਫਟੀਨੈਂਟ ਕਰਨਲ ਵਿਕਰਾਂਤ ਕੌਲ ਦੀ ਭੂਮਿਕਾ ਨਿਭਾਈ ਸੀ।