ਗੋਲਡੀ ਬਰਾੜ FBI ਦੀ ਟਾਪ 10 ਮੋਸਟ ਵਾਂਟੇਡ ਅਪਰਾਧੀਆਂ ਦੀ ਸੂਚੀ ’ਚ ਸ਼ਾਮਲ
ਨਵੀਂ ਦਿੱਲੀ: ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਕਰੀਬੀ ਗੋਲਡੀ ਬਰਾੜ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਅਮਰੀਕਾ ਦੀ ਜਾਂਚ ਏਜੰਸੀ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ (FBI) ਨੇ ਉਸ ਨੂੰ ਆਪਣੇ 10 ਮੋਸਟ ਵਾਂਟੇਡ ਭਗੌੜਿਆਂ ਦੀ ਸੂਚੀ ਵਿੱਚ ਸ਼ਾਮਲ ਕਰ ਲਿਆ ਹੈ। ਏਜੰਸੀ ਨੇ ਗੋਲਡੀ ਬਰਾੜ ਬਾਰੇ ਭਰੋਸੇਯੋਗ ਜਾਣਕਾਰੀ ਦੇਣ ਵਾਲੇ ਨੂੰ 10 ਲੱਖ ਡਾਲਰ, ਯਾਨੀ ਕਰੀਬ 8.5 ਕਰੋੜ ਰੁਪਏ ਦਾ ਇਨਾਮ ਦੇਣ ਦਾ ਐਲਾਨ ਕੀਤਾ ਹੈ। ਅਜੇ ਬੀਤੇ ਦਿਨ ਹੀ ਕੈਨੇਡਾ ਨੇ ਵੀ ਉਸ ਨੂੰ ਮੋਸਟ ਵਾਂਟੇਡ ਅਪਰਾਧੀਆਂ ਦੀ ਸੂਚੀ ’ਚ ਸ਼ਾਮਲ ਕੀਤਾ ਸੀ। FBI ਮੁਤਾਬਕ ਗੋਲਡੀ ਬਰਾੜ ਉੱਤਰੀ ਅਮਰੀਕਾ ਵਿੱਚ ਲਾਰੈਂਸ ਬਿਸ਼ਨੋਈ ਗੈਂਗ ਦਾ ਨੈੱਟਵਰਕ ਸੰਭਾਲਦਾ ਹੈ। ਇਸ ਗੈਂਗ ’ਤੇ ਅਮਰੀਕਾ ਅਤੇ ਕੈਨੇਡਾ ਵਿੱਚ ਕਤਲ, ਗੋਲੀਬਾਰੀ, ਅਗਵਾ, ਫਿਰੌਤੀ ਅਤੇ ਨਸ਼ਾ ਤਸਕਰੀ ਵਰਗੀਆਂ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਦੇ ਦੋਸ਼ ਹਨ।
ਅਮਰੀਕੀ ਅਦਾਲਤ ਨੇ ਜਾਰੀ ਕੀਤਾ ਗ੍ਰਿਫ਼ਤਾਰੀ ਵਾਰੰਟ
FBI ਨੇ 20 ਨਵੰਬਰ ਨੂੰ ਗੋਲਡੀ ਬਰਾੜ ਨੂੰ ਮੋਸਟ ਵਾਂਟੇਡ ਸੂਚੀ ਵਿੱਚ ਸ਼ਾਮਲ ਕਰਨ ਦਾ ਐਲਾਨ ਕੀਤਾ। ਏਜੰਸੀ ਅਨੁਸਾਰ, ਉਸ ਖ਼ਿਲਾਫ਼ 1 ਜੁਲਾਈ ਨੂੰ ਲਾਸ ਏਂਜਲਸ ਦੀ ਸੰਘੀ ਅਦਾਲਤ ਵੱਲੋਂ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤਾ ਗਿਆ ਸੀ। ਉਸ ’ਤੇ ਗੈਂਗ ਚਲਾਉਣ ਦੀ ਸਾਜ਼ਿਸ਼, ਕਾਰੋਬਾਰੀਆਂ ਨੂੰ ਫਿਰੌਤੀ ਲਈ ਧਮਕਾਉਣ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਨਾਲ ਸਬੰਧਤ ਦੋਸ਼ ਹਨ। FBI ਦਾ ਦਾਅਵਾ ਹੈ ਕਿ ਗੋਲਡੀ ਬਰਾੜ ਲਾਰੈਂਸ ਬਿਸ਼ਨੋਈ ਦਾ ਬਚਪਨ ਦਾ ਦੋਸਤ ਹੈ ਅਤੇ ਅਮਰੀਕਾ ਤੇ ਕੈਨੇਡਾ ਵਿੱਚ ਗੈਂਗ ਦੀਆਂ ਗਤੀਵਿਧੀਆਂ ਦਾ ਪ੍ਰਬੰਧ ਸੰਭਾਲਦਾ ਹੈ।
ਮੂਸੇਵਾਲਾ ਕਤਲ ਅਤੇ ਕੈਨੇਡਾ ’ਚ ਹੋਈ ਹੱਤਿਆ ਦਾ ਵੀ ਜ਼ਿਕਰ
ਅਮਰੀਕੀ ਏਜੰਸੀ ਨੇ ਆਪਣੀ ਜਾਣਕਾਰੀ ਵਿੱਚ ਕੈਨੇਡਾ ਵਿੱਚ ਇੱਕ ਪ੍ਰਮੁੱਖ ਸਿੱਖ ਧਾਰਮਿਕ ਤੇ ਰਾਜਨੀਤਿਕ ਆਗੂ ਦੇ ਕਤਲ ਦਾ ਵੀ ਹਵਾਲਾ ਦਿੱਤਾ ਹੈ। ਇਸ ਆਗੂ ਦੀ 18 ਜੂਨ 2023 ਨੂੰ ਸਰੀ ਦੇ ਇੱਕ ਗੁਰਦੁਆਰੇ ਤੋਂ ਬਾਹਰ ਨਿਕਲਦੇ ਸਮੇਂ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। FBI ਨੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦਾ ਵੀ ਜ਼ਿਕਰ ਕੀਤਾ ਹੈ। ਏਜੰਸੀ ਮੁਤਾਬਕ, ਗੋਲਡੀ ਬਰਾੜ ਅਤੇ ਬਿਸ਼ਨੋਈ ਗੈਂਗ ਦੇ ਹੋਰ ਮੈਂਬਰਾਂ ਨੇ 29 ਮਈ 2022 ਨੂੰ ਮਾਨਸਾ ਵਿੱਚ ਹੋਏ ਮੂਸੇਵਾਲਾ ਕਤਲ ਦੀ ਜ਼ਿੰਮੇਵਾਰੀ ਲੈਣ ਦਾ ਦਾਅਵਾ ਕੀਤਾ ਸੀ।
520 ਕਿਲੋ ਕੋਕੀਨ ਲੁੱਟਣ ਦਾ ਵੀ ਦੋਸ਼
ਗੋਲਡੀ ਬਰਾੜ ਖ਼ਿਲਾਫ਼ ਅਮਰੀਕਾ ਵਿੱਚ ਨਸ਼ਾ ਤਸਕਰੀ ਨਾਲ ਜੁੜੇ ਦੋਸ਼ ਵੀ ਹਨ। ਜਾਂਚ ਏਜੰਸੀ ਦਾ ਦਾਅਵਾ ਹੈ ਕਿ ਮਾਰਚ 2024 ਤੋਂ ਜੁਲਾਈ 2025 ਵਿਚਾਲੇ ਬਿਸ਼ਨੋਈ ਗੈਂਗ ਨੇ ਲਾਸ ਏਂਜਲਸ ਇਲਾਕੇ ਵਿੱਚ ਹੋਰ ਨਸ਼ਾ ਤਸਕਰਾਂ ਤੋਂ ਕਰੀਬ 520 ਕਿਲੋ ਕੋਕੀਨ ਲੁੱਟੀ ਸੀ। ‘ਆਪਰੇਸ਼ਨ ਹਾਰਡ ਬਾਲ’ ਤਹਿਤ ਗੈਂਗ ਨਾਲ ਜੁੜੇ ਕਈ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ, ਜਦਕਿ ਗੋਲਡੀ ਬਰਾੜ ਦੀ ਭਾਲ ਜਾਰੀ ਹੈ।
ਕਈ ਦੇਸ਼ਾਂ ਤੱਕ ਫੈਲਿਆ ਗੈਂਗ ਦਾ ਨੈੱਟਵਰਕ
FBI ਅਨੁਸਾਰ, ਬਿਸ਼ਨੋਈ ਗੈਂਗ ਦਾ ਨੈੱਟਵਰਕ ਭਾਰਤ ਤੋਂ ਚਲਾਇਆ ਜਾਂਦਾ ਹੈ ਅਤੇ ਇਸ ਦੇ ਮੈਂਬਰ ਤੇ ਸਹਿਯੋਗੀ ਅਮਰੀਕਾ, ਕੈਨੇਡਾ, ਬ੍ਰਿਟੇਨ, ਯੂਰਪ ਅਤੇ ਆਸਟ੍ਰੇਲੀਆ ਤੱਕ ਫੈਲੇ ਹੋਏ ਹਨ। ਏਜੰਸੀ ਨੇ ਗੋਲਡੀ ਬਰਾੜ ਨੂੰ ਖ਼ਤਰਨਾਕ ਅਤੇ ਹਥਿਆਰਬੰਦ ਦੱਸਦਿਆਂ ਲੋਕਾਂ ਨੂੰ ਚੌਕਸ ਰਹਿਣ ਦੀ ਅਪੀਲ ਕੀਤੀ ਹੈ। FBI ਨੇ ਕਿਹਾ ਹੈ ਕਿ ਜੇਕਰ ਕਿਸੇ ਕੋਲ ਗੋਲਡੀ ਬਰਾੜ ਬਾਰੇ ਜਾਣਕਾਰੀ ਹੈ ਤਾਂ ਉਹ ਖੁਦ ਉਸ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਨਾ ਕਰੇ, ਸਗੋਂ FBI ਜਾਂ ਸਥਾਨਕ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੂੰ ਸੂਚਿਤ ਕਰੇ। ਜਾਣਕਾਰੀ ਦੇਣ ਵਾਲੇ ਦੀ ਪਛਾਣ ਗੁਪਤ ਰੱਖਣ ਦਾ ਭਰੋਸਾ ਵੀ ਦਿੱਤਾ ਗਿਆ ਹੈ।