ਮੋਹਾਲੀ ’ਚ 5 ਸਾਲ ਪੁਰਾਣੀ FIR ਰੱਦ, ਹਾਈਕੋਰਟ ਨੇ ਸੁਣਾਇਆ ਅਹਿਮ ਫੈਸਲਾ
ਚੰਡੀਗੜ੍ਹ: ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਮੋਹਾਲੀ ਦੇ ਫੇਜ਼-1 ਥਾਣੇ ਵਿੱਚ ਦਰਜ ਕਰੀਬ 5 ਸਾਲ ਪੁਰਾਣੀ FIR ਨੂੰ ਆਪਸੀ ਸਮਝੌਤੇ ਦੇ ਆਧਾਰ ’ਤੇ ਰੱਦ ਕਰ ਦਿੱਤਾ ਹੈ। ਅਦਾਲਤ ਨੇ FIR ਦੇ ਨਾਲ ਇਸ ਮਾਮਲੇ ਨਾਲ ਜੁੜੀਆਂ ਸਾਰੀਆਂ ਕਾਨੂੰਨੀ ਕਾਰਵਾਈਆਂ ਵੀ ਖ਼ਤਮ ਕਰਨ ਦੇ ਹੁਕਮ ਦਿੱਤੇ ਹਨ। ਇਹ FIR ਨੰਬਰ 7, 16 ਜਨਵਰੀ 2021 ਨੂੰ ਦਰਜ ਕੀਤੀ ਗਈ ਸੀ। ਇਸ ਵਿੱਚ ਅਗਵਾ, ਧੋਖਾਧੜੀ, ਜਾਲਸਾਜ਼ੀ, ਅਪਰਾਧਿਕ ਸਾਜ਼ਿਸ਼ ਅਤੇ ਆਰਮਜ਼ ਐਕਟ ਤਹਿਤ ਦੋਸ਼ ਲਗਾਏ ਗਏ ਸਨ।
ਸਮਝੌਤੇ ਨੂੰ ਬਣਾਇਆ ਫੈਸਲੇ ਦਾ ਆਧਾਰ
‘ਰਾਜਬੀਰ ਸਿੰਘ ਤੇ ਹੋਰਨਾਂ ਬਨਾਮ ਪੰਜਾਬ ਸਰਕਾਰ’ ਮਾਮਲੇ ਵਿੱਚ ਹਾਈਕੋਰਟ ਨੇ 21 ਸਤੰਬਰ 2026 ਨੂੰ ਫੈਸਲਾ ਸੁਣਾਇਆ। ਅਦਾਲਤ ਨੇ 3 ਅਕਤੂਬਰ 2024 ਅਤੇ 5 ਮਾਰਚ 2025 ਨੂੰ ਧਿਰਾਂ ਵਿਚਾਲੇ ਹੋਏ ਆਪਸੀ ਸਮਝੌਤਿਆਂ ਨੂੰ ਆਧਾਰ ਬਣਾਉਂਦਿਆਂ FIR ਰੱਦ ਕਰਨ ਦਾ ਹੁਕਮ ਦਿੱਤਾ।
ਹਾਈਕੋਰਟ ਦੇ ਫੈਸਲੇ ਤੋਂ ਬਾਅਦ ਹੇਠਲੀ ਅਦਾਲਤ ਨੇ ਵੀ ਮਾਮਲੇ ਦਾ ਨਿਪਟਾਰਾ ਕਰ ਦਿੱਤਾ ਹੈ। ਇਸ ਦੇ ਨਾਲ ਹੀ ਮੁਲਜ਼ਮਾਂ ਦੇ ਜ਼ਮਾਨਤੀਆਂ ਨੂੰ ਉਨ੍ਹਾਂ ਦੀਆਂ ਜ਼ਿੰਮੇਵਾਰੀਆਂ ਤੋਂ ਮੁਕਤ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਅਦਾਲਤ ਨੇ ਕੇਸ ਨਾਲ ਸਬੰਧਤ ਜਾਇਦਾਦ ਦਾ ਨਿਯਮਾਂ ਅਨੁਸਾਰ ਨਿਪਟਾਰਾ ਕਰਨ ਅਤੇ ਇਸ ਤੋਂ ਬਾਅਦ ਕੇਸ ਦੀ ਫਾਈਲ ਰਿਕਾਰਡ ਰੂਮ ਵਿੱਚ ਭੇਜਣ ਦੇ ਹੁਕਮ ਵੀ ਜਾਰੀ ਕੀਤੇ ਹਨ।