KBC ਦੇ ਸਵਾਲ ’ਤੇ ਪੰਜਾਬ ’ਚ ਇਤਰਾਜ਼, ਅਮਿਤਾਭ ਬੱਚਨ ਅਤੇ ਸੋਨੀ ਟੀਵੀ ਨੂੰ ਕਾਨੂੰਨੀ ਨੋਟਿਸ
- ਪੰਜਾਬ ਨੂੰ ਅਪਰਾਧਿਕ ਗਤੀਵਿਧੀਆਂ ਨਾਲ ਜੋੜਨ ਦਾ ਦੋਸ਼
- ਸਵਾਲ ਅਤੇ ਵੀਡੀਓ ਕਲਿੱਪ ਹਟਾਉਣ, ਜਨਤਕ ਮੁਆਫ਼ੀ ਮੰਗਣ ਦੀ ਮੰਗ
ਸੰਗਰੂਰ: ਟੀਵੀ ਦੇ ਪ੍ਰਸਿੱਧ ਕੁਇਜ਼ ਸ਼ੋਅ ‘ਕੌਣ ਬਣੇਗਾ ਕਰੋੜਪਤੀ’ (KBC) ਵਿੱਚ ਪੰਜਾਬ ਨਾਲ ਸਬੰਧਤ ਇੱਕ ਸਵਾਲ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ। ਇਸ ਸਵਾਲ ’ਤੇ ਇਤਰਾਜ਼ ਜਤਾਉਂਦਿਆਂ ਸੰਗਰੂਰ ਦੇ ਵਕੀਲ ਐਡਵੋਕੇਟ ਇੰਦਰਜੀਤ ਅਰੋੜਾ ਨੇ ਰਣਜੀਤ ਸਿੰਘ ਦੀ ਤਰਫ਼ੋਂ ਸ਼ੋਅ ਦੇ ਹੋਸਟ ਅਮਿਤਾਭ ਬੱਚਨ ਅਤੇ Sony Entertainment Television ਨੂੰ ਕਾਨੂੰਨੀ ਨੋਟਿਸ ਭੇਜਿਆ ਹੈ।
ਨੋਟਿਸ ਵਿੱਚ KBC ਦੌਰਾਨ ਪੁੱਛੇ ਗਏ ਸਵਾਲ ’ਤੇ ਇਤਰਾਜ਼ ਦਰਜ ਕੀਤਾ ਗਿਆ ਹੈ। ਸਵਾਲ ਸੀ, “ਹਾਲ ਹੀ ਵਿੱਚ ਕਿਹੜੇ ਸੂਬੇ ਵਿੱਚ ਅਪਰਾਧੀ ਥਾਣਿਆਂ ਵਿੱਚ ਬੰਬ ਧਮਾਕੇ ਕਰਨ ਤੋਂ ਡਰ ਨਹੀਂ ਰਹੇ?” ਇਹ ਸਵਾਲ 12 ਲੱਖ 50 ਹਜ਼ਾਰ ਰੁਪਏ ਦੀ ਰਕਮ ਨਾਲ ਸਬੰਧਤ ਸੀ। ਨੋਟਿਸ ਭੇਜਣ ਵਾਲੇ ਪੱਖ ਦਾ ਕਹਿਣਾ ਹੈ ਕਿ ਸਵਾਲ ਰਾਹੀਂ ਪੰਜਾਬ ਨੂੰ ਅਪਰਾਧਿਕ ਗਤੀਵਿਧੀਆਂ ਨਾਲ ਜੋੜਿਆ ਗਿਆ, ਜਿਸ ਨਾਲ ਸੂਬੇ ਅਤੇ ਪੰਜਾਬੀਆਂ ਦੀ ਛਵੀ ਨੂੰ ਠੇਸ ਪਹੁੰਚੀ ਹੈ।
15 ਦਿਨਾਂ ’ਚ ਜਵਾਬ ਦੇਣ ਦੀ ਮੰਗ
ਕਾਨੂੰਨੀ ਨੋਟਿਸ ਵਿੱਚ ਸਬੰਧਤ ਸਵਾਲ ਅਤੇ ਇਸ ਦੀ ਵੀਡੀਓ ਕਲਿੱਪ ਹਟਾਉਣ, ਪੰਜਾਬ ਦੇ ਲੋਕਾਂ ਤੋਂ ਜਨਤਕ ਮੁਆਫ਼ੀ ਮੰਗਣ ਅਤੇ ਮਾਮਲੇ ’ਤੇ ਸਪੱਸ਼ਟੀਕਰਨ ਦੇਣ ਦੀ ਮੰਗ ਕੀਤੀ ਗਈ ਹੈ। ਨੋਟਿਸ ਪ੍ਰਾਪਤ ਕਰਨ ਵਾਲਿਆਂ ਨੂੰ 15 ਦਿਨਾਂ ਦੇ ਅੰਦਰ ਲਿਖਤੀ ਜਵਾਬ ਦੇਣ ਲਈ ਕਿਹਾ ਗਿਆ ਹੈ। ਨੋਟਿਸ ਅਮਿਤਾਭ ਬੱਚਨ ਨੂੰ KBC ਦੇ ਹੋਸਟ ਵਜੋਂ, AB Corp Ltd. ਰਾਹੀਂ ਉਨ੍ਹਾਂ ਦੇ ਦੂਜੇ ਪਤੇ ’ਤੇ ਅਤੇ Sony Pictures Networks India Pvt. Ltd. ਦੇ ਮੈਨੇਜਿੰਗ ਡਾਇਰੈਕਟਰ/ਸੀਈਓ ਨੂੰ ਭੇਜਿਆ ਗਿਆ ਹੈ। ਨੋਟਿਸ ਵਿੱਚ ਚਿਤਾਵਨੀ ਦਿੱਤੀ ਗਈ ਹੈ ਕਿ ਜੇਕਰ ਨਿਰਧਾਰਤ ਸਮੇਂ ਅੰਦਰ ਮੰਗਾਂ ਪੂਰੀਆਂ ਨਾ ਕੀਤੀਆਂ ਗਈਆਂ ਤਾਂ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾ ਸਕਦੀ ਹੈ।