6 ਸਾਲ ਬਾਅਦ ਮੁੜ ਇਕੱਠੇ ਹੋਏ ਭਾਜਪਾ ਤੇ ਅਕਾਲੀ ਦਲ, ਪੰਜਾਬ ਵਿਧਾਨ ਸਭਾ ਚੋਣਾਂ ਮਿਲ ਕੇ ਲੜਨਗੇ
- ਦਿੱਲੀ ’ਚ ਭਾਜਪਾ ਹੈੱਡਕੁਆਰਟਰ ਤੋਂ ਅਮਿਤ ਸ਼ਾਹ ਨੇ ਕੀਤਾ ਗੱਠਜੋੜ ਦਾ ਐਲਾਨ
- ਪ੍ਰੈੱਸ ਕਾਨਫਰੰਸ ’ਚ ਸੁਖਬੀਰ ਬਾਦਲ ਵੀ ਰਹੇ ਮੌਜੂਦ
ਨਵੀਂ ਦਿੱਲੀ: ਪੰਜਾਬ ਦੀ ਸਿਆਸਤ ਵਿੱਚ ਭਾਰਤੀ ਜਨਤਾ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਨੇ ਇੱਕ ਵਾਰ ਫਿਰ ਸਿਆਸੀ ਹੱਥ ਮਿਲਾ ਲਿਆ ਹੈ। ਦੋਵਾਂ ਪਾਰਟੀਆਂ ਵਿਚਾਲੇ ਕਰੀਬ 6 ਸਾਲਾਂ ਬਾਅਦ ਗੱਠਜੋੜ ਮੁੜ ਕਾਇਮ ਹੋ ਗਿਆ ਹੈ। ਦਿੱਲੀ ਸਥਿਤ ਭਾਜਪਾ ਦੇ ਕੌਮੀ ਹੈੱਡਕੁਆਰਟਰ ਵਿਖੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸਾਂਝੀ ਪ੍ਰੈੱਸ ਕਾਨਫਰੰਸ ਦੌਰਾਨ ਇਸ ਸਿਆਸੀ ਸਾਂਝ ਦਾ ਐਲਾਨ ਕੀਤਾ।
ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੀ ਮੌਜੂਦ ਸਨ। ਦੋਵਾਂ ਪਾਰਟੀਆਂ ਨੇ ਪੰਜਾਬ ਵਿੱਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਇਕੱਠਿਆਂ ਲੜਨ ਦਾ ਫ਼ੈਸਲਾ ਕੀਤਾ ਹੈ। ਇਸ ਐਲਾਨ ਨਾਲ ਸੂਬੇ ਵਿੱਚ ਚੋਣਾਂ ਤੋਂ ਪਹਿਲਾਂ ਨਵਾਂ ਸਿਆਸੀ ਸਮੀਕਰਨ ਬਣ ਗਿਆ ਹੈ।
ਪਹਿਲਾਂ ਤਿੰਨ ਵਾਰ ਪੰਜਾਬ ’ਚ ਬਣਾਈ ਸੀ ਸਾਂਝੀ ਸਰਕਾਰ
ਭਾਜਪਾ ਅਤੇ ਅਕਾਲੀ ਦਲ ਦਾ ਗੱਠਜੋੜ 1996 ਵਿੱਚ ਹੋਇਆ ਸੀ। ਇਸ ਤੋਂ ਬਾਅਦ ਦੋਵਾਂ ਪਾਰਟੀਆਂ ਨੇ 1997, 2007 ਅਤੇ 2012 ਵਿੱਚ ਇਕੱਠਿਆਂ ਪੰਜਾਬ ਵਿੱਚ ਸਰਕਾਰ ਬਣਾਈ। ਲੰਬੇ ਸਮੇਂ ਤੱਕ ਚੱਲੀ ਇਹ ਸਿਆਸੀ ਸਾਂਝ ਸਤੰਬਰ 2020 ਵਿੱਚ ਖ਼ਤਮ ਹੋ ਗਈ ਸੀ।
ਖੇਤੀ ਕਾਨੂੰਨਾਂ ਦੇ ਮੁੱਦੇ ’ਤੇ ਟੁੱਟਿਆ ਸੀ ਗੱਠਜੋੜ
ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਤਿੰਨ ਖੇਤੀ ਕਾਨੂੰਨਾਂ ਅਤੇ ਕਿਸਾਨ ਅੰਦੋਲਨ ਕਾਰਨ ਦੋਵਾਂ ਪਾਰਟੀਆਂ ਵਿਚਾਲੇ ਦੂਰੀ ਵਧ ਗਈ ਸੀ। ਕਿਸਾਨਾਂ ਵੱਲੋਂ ਕਾਨੂੰਨਾਂ ਦਾ ਵਿਰੋਧ ਕੀਤੇ ਜਾਣ ਦੇ ਮੱਦੇਨਜ਼ਰ ਅਕਾਲੀ ਦਲ ਨੇ ਸਤੰਬਰ 2020 ਵਿੱਚ ਐਨਡੀਏ ਨਾਲੋਂ ਨਾਤਾ ਤੋੜ ਲਿਆ ਸੀ। ਇਸ ਤੋਂ ਬਾਅਦ ਦੋਵੇਂ ਪਾਰਟੀਆਂ ਨੇ ਵੱਖ-ਵੱਖ ਚੋਣਾਂ ਲੜੀਆਂ।
2022 ਦੀਆਂ ਚੋਣਾਂ ’ਚ ਦੋਵਾਂ ਨੂੰ ਮਿਲੀਆਂ ਸਨ ਘੱਟ ਸੀਟਾਂ
ਗੱਠਜੋੜ ਟੁੱਟਣ ਤੋਂ ਬਾਅਦ 2022 ਵਿੱਚ ਹੋਈਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਅਕਾਲੀ ਦਲ ਨੇ 117 ਵਿੱਚੋਂ 3 ਸੀਟਾਂ ਜਿੱਤੀਆਂ ਸਨ, ਜਦਕਿ ਭਾਜਪਾ ਦੇ ਹਿੱਸੇ ਸਿਰਫ਼ 2 ਸੀਟਾਂ ਆਈਆਂ ਸਨ। ਹੁਣ ਦੋਵਾਂ ਪਾਰਟੀਆਂ ਦੇ ਮੁੜ ਇਕੱਠੇ ਹੋਣ ਨਾਲ ਪੰਜਾਬ ਦੀ ਚੋਣ ਸਿਆਸਤ ਵਿੱਚ ਨਵੀਂ ਹਲਚਲ ਸ਼ੁਰੂ ਹੋ ਗਈ ਹੈ।