ਬ੍ਰੇਜ਼ਾ ਕਾਰ ਦੀ ਮੰਗ ਕਾਰਨ ਟੁੱਟਿਆ ਵਿਆਹ, ਦਿੱਲੀ ਪੁਲਿਸ ਦੇ ਮੁਅੱਤਲ ਮੁਲਾਜ਼ਮ ਸਮੇਤ 6 ਖ਼ਿਲਾਫ਼ ਕੇਸ ਦਰਜ
ਨਵੀਂ ਦਿੱਲੀ: ਹਰਿਆਣਾ ਦੇ ਸੋਨੀਪਤ ਵਿੱਚ ਦਾਜ਼ ਵਿੱਚ ਮਨਪਸੰਦ ਕਾਰ ਨਾ ਮਿਲਣ ਕਾਰਨ ਵਿਆਹ ਟੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਲੜਕੀ ਦੇ ਪਰਿਵਾਰ ਨੇ ਦੋਸ਼ ਲਾਇਆ ਹੈ ਕਿ ਲਾੜੇ ਪੱਖ ਵੱਲੋਂ ਬ੍ਰੇਜ਼ਾ ਕਾਰ ਦੀ ਮੰਗ ਕੀਤੀ ਗਈ ਸੀ। ਮੰਗ ਪੂਰੀ ਨਾ ਹੋਣ ’ਤੇ 20 ਨਵੰਬਰ ਨੂੰ ਵਿਆਹ ਵਾਲੇ ਦਿਨ ਬਰਾਤ ਬਿਨਾਂ ਵਿਆਹ ਕੀਤੇ ਹੀ ਵਾਪਸ ਚਲੀ ਗਈ। ਇਸ ਮਾਮਲੇ ਵਿੱਚ ਸੋਨੀਪਤ ਦੇ ਸੈਕਟਰ-27 ਥਾਣੇ ਦੀ ਪੁਲਿਸ ਨੇ ਦਿੱਲੀ ਪੁਲਿਸ ਦੇ ਮੁਅੱਤਲ ਸਿਪਾਹੀ ਕੁਲਦੀਪ, ਉਸ ਦੀ ਮਾਂ ਰੇਸ਼ਮਰਤੀ, ਭਰਾ-ਭਰਜਾਈ ਅਤੇ ਦੋ ਵਿਚੋਲਿਆਂ ਸਮੇਤ ਛੇ ਵਿਅਕਤੀਆਂ ਖ਼ਿਲਾਫ਼ ਐੱਫਆਈਆਰ ਦਰਜ ਕੀਤੀ ਹੈ। ਹਾਲੇ ਤੱਕ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋਈ।
ਵਿਆਹ ਤੋਂ ਪਹਿਲਾਂ ਦਾਜ਼ ਨਾ ਲੈਣ ਦਾ ਦਿੱਤਾ ਸੀ ਭਰੋਸਾ
ਸ਼ਿਕਾਇਤ ਮੁਤਾਬਕ ਸੋਨੀਪਤ ਦੇ ਵੈਸਟ ਰਾਮਨਗਰ ਵਾਸੀ ਸੁਭਾਸ਼ ਕੁਮਾਰ ਨੇ ਆਪਣੀ ਧੀ ਹੀਨਾ ਦਾ ਰਿਸ਼ਤਾ ਗੋਹਾਨਾ ਦੇ ਗਾਂਧੀ ਨਗਰ ਵਾਸੀ ਕੁਲਦੀਪ ਨਾਲ ਤੈਅ ਕੀਤਾ ਸੀ। ਲੜਕੀ ਦੇ ਪਿਤਾ ਦਾ ਦੋਸ਼ ਹੈ ਕਿ ਰਿਸ਼ਤਾ ਤੈਅ ਕਰਨ ਸਮੇਂ ਲੜਕੇ ਵਾਲਿਆਂ ਨੇ ਦਾਜ਼ ਨਾ ਲੈਣ ਦੀ ਗੱਲ ਕਹੀ ਸੀ, ਪਰ ਵਿਆਹ ਤੈਅ ਹੋਣ ਤੋਂ ਬਾਅਦ ਉਨ੍ਹਾਂ ਦੀਆਂ ਮੰਗਾਂ ਵਧਣ ਲੱਗੀਆਂ। ਸ਼ਿਕਾਇਤ ਵਿੱਚ ਸੋਨੇ-ਚਾਂਦੀ ਦੇ ਗਹਿਣੇ, ਮਹਿੰਗੇ ਕੱਪੜੇ ਅਤੇ ਓਰਾ ਕਾਰ ਦੀ ਥਾਂ ਬ੍ਰੇਜ਼ਾ ਕਾਰ ਦੇਣ ਦੀ ਮੰਗ ਕੀਤੇ ਜਾਣ ਦਾ ਦੋਸ਼ ਲਾਇਆ ਗਿਆ ਹੈ। ਲੜਕੀ ਦੇ ਪਰਿਵਾਰ ਨੇ ਆਪਣੀ ਆਰਥਿਕ ਸਮਰੱਥਾ ਅਨੁਸਾਰ ਵਿਆਹ ਦੀਆਂ ਤਿਆਰੀਆਂ ਕੀਤੀਆਂ ਸਨ ਅਤੇ 19 ਨਵੰਬਰ ਨੂੰ ਮੰਗਣੀ ਦੀ ਰਸਮ ਵੀ ਹੋ ਗਈ ਸੀ। ਪਰ ਅਗਲੇ ਦਿਨ ਕਾਰ ਦੀ ਕਥਿਤ ਮੰਗ ਨੂੰ ਲੈ ਕੇ ਵਿਵਾਦ ਹੋ ਗਿਆ ਅਤੇ ਬਰਾਤ ਵਾਪਸ ਪਰਤ ਗਈ।
ਮੁਲਜ਼ਮ ਨੇ ਦੋਸ਼ਾਂ ਨੂੰ ਦੱਸਿਆ ਬੇਬੁਨਿਆਦ
ਦੂਜੇ ਪਾਸੇ ਕੁਲਦੀਪ ਨੇ ਆਪਣੇ ’ਤੇ ਲੱਗੇ ਦੋਸ਼ਾਂ ਨੂੰ ਝੂਠਾ ਅਤੇ ਬੇਬੁਨਿਆਦ ਕਰਾਰ ਦਿੱਤਾ ਹੈ। ਉਸ ਦਾ ਕਹਿਣਾ ਹੈ ਕਿ ਸੀਸੀਟੀਵੀ ਫੁਟੇਜ ਵਿੱਚ ਉਹ ਕਿਤੇ ਵੀ ਦਾਜ਼ ਦੀ ਮੰਗ ਕਰਦਾ ਦਿਖਾਈ ਨਹੀਂ ਦੇ ਰਿਹਾ। ਉਸ ਨੇ ਮੀਡੀਆ ਵੱਲੋਂ ਮਾਮਲੇ ਨੂੰ ਉਛਾਲਣ ’ਤੇ ਵੀ ਇਤਰਾਜ਼ ਜਤਾਇਆ ਹੈ। ਲੜਕੀ ਦੇ ਪਿਤਾ ਨੇ ਇਹ ਵੀ ਦੋਸ਼ ਲਾਇਆ ਹੈ ਕਿ ਵਿਆਹ ਲਈ ਦਿੱਤੇ ਗਏ ਸੋਨੇ-ਚਾਂਦੀ ਦੇ ਗਹਿਣੇ ਅਤੇ ਹੋਰ ਸਾਮਾਨ ਵਾਪਸ ਨਹੀਂ ਕੀਤਾ ਗਿਆ। ਪੁਲਿਸ ਨੇ ਸ਼ਿਕਾਇਤ ਦੇ ਆਧਾਰ ’ਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਦੌਰਾਨ ਉਸ ਬੈਂਕੁਇਟ ਹਾਲ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ, ਜਿੱਥੋਂ ਬਰਾਤ ਵਾਪਸ ਗਈ ਸੀ।