ਪੰਜਾਬ ’ਚ AAP ਦੇ ਇਕ ਹੋਰ ਵਿਧਾਇਕ ਨੂੰ ED ਦਾ ਸੰਮਨ, ਵਿਧਾਇਕਾ ਦੇ ਪਤੀ ਤੇ ਹੋਰਾਂ ਨੂੰ ਵੱਖ-ਵੱਖ ਤਰੀਕਾਂ ‘ਤੇ ਪੇਸ਼ ਹੁਣ ਦੇ ਹੁਕਮ
ਚੰਡੀਗੜ੍ਹ: ਪੰਜਾਬ ਵਿੱਚ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਇਕ ਹੋਰ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਦੀਆਂ ਮੁਸ਼ਕਲਾਂ ਵਧਦੀਆਂ ਦਿਖਾਈ ਦੇ ਰਹੀਆਂ ਹਨ। ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਉਨ੍ਹਾਂ ਨੂੰ 27 ਨਵੰਬਰ ਨੂੰ ਚੰਡੀਗੜ੍ਹ ਸਥਿਤ ਆਪਣੇ ਜ਼ੋਨਲ ਦਫ਼ਤਰ ਵਿੱਚ ਪੁੱਛਗਿੱਛ ਲਈ ਤਲਬ ਕੀਤਾ ਹੈ।
ਇਹ ਜਾਂਚ ਨੈਸ਼ਨਲ ਹਾਈਵੇ ਨਾਲ ਸਬੰਧਤ ਕਰੀਬ ਇਕ ਕਰੋੜ ਰੁਪਏ ਦੇ ਕਥਿਤ ਗਲਤ ਮੁਆਵਜ਼ੇ ਦੇ ਮਾਮਲੇ ਨਾਲ ਜੁੜੀ ਹੋਈ ਹੈ। ਇਸ ਤੋਂ ਇਲਾਵਾ ਲੁਧਿਆਣਾ ਅਤੇ ਮੋਗਾ ਵਿੱਚ ਸ਼ਮਸ਼ਾਨਘਾਟ ਦੀ ਜ਼ਮੀਨ ਦੇ ਐਕਵਾਇਰ ਦੌਰਾਨ ਮੁਆਵਜ਼ੇ ਦੀ ਵੰਡ ਵਿੱਚ ਬੇਨਿਯਮੀਆਂ ਦੇ ਦੋਸ਼ਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ।
ਇਸ ਮਾਮਲੇ ਦੇ ਸਬੰਧ ਮੋਗਾ ਤੋਂ ‘ਆਪ’ ਵਿਧਾਇਕ ਅਤੇ ਪਾਰਟੀ ਦੀ ਮਹਿਲਾ ਵਿੰਗ ਦੀ ਸੂਬਾ ਪ੍ਰਧਾਨ ਡਾ. ਅਮਨਦੀਪ ਕੌਰ ਅਰੋੜਾ ਨਾਲ ਵੀ ਜੁੜਦੇ ਹਨ। ED ਵੱਲੋਂ ਵਿਧਾਇਕ ਅਰੋੜਾ, ਉਨ੍ਹਾਂ ਦੇ ਪਤੀ ਰਾਕੇਸ਼ ਅਰੋੜਾ, ਵਿਧਾਇਕ ਲਾਡੀ ਢੋਸ ਸਮੇਤ ਲਗਭਗ 10 ਵਿਅਕਤੀਆਂ ਨੂੰ ਪੁੱਛਗਿੱਛ ਲਈ ਬੁਲਾਇਆ ਗਿਆ ਹੈ। ਇਨ੍ਹਾਂ ਵਿੱਚ ਕੁਝ ਅਧਿਕਾਰੀ ਵੀ ਸ਼ਾਮਲ ਦੱਸੇ ਜਾ ਰਹੇ ਹਨ।
ED ਦੀ ਜਾਂਚ ਮੁਤਾਬਕ ਸਰਕਾਰੀ, ਨਗਰ ਨਿਗਮ, ਮਾਰਕੀਟ ਕਮੇਟੀ ਅਤੇ ਚਰਚ ਟਰੱਸਟ ਦੀਆਂ ਜਾਇਦਾਦਾਂ ਨੂੰ ਕਥਿਤ ਤੌਰ ’ਤੇ ਰਿਸ਼ਤੇਦਾਰਾਂ ਅਤੇ ਕਰੀਬੀਆਂ ਰਾਹੀਂ ਹਾਸਲ ਕਰਨ ਅਤੇ ਅੱਗੇ ਤਬਦੀਲ ਕਰਨ ਦੇ ਮਾਮਲੇ ਦੀ ਵੀ ਪੜਤਾਲ ਹੋ ਰਹੀ ਹੈ।
ਪੁੱਛਗਿੱਛ ਲਈ ਤੈਅ ਤਰੀਕਾਂ:
25 ਨਵੰਬਰ: ਰਾਕੇਸ਼ ਅਰੋੜਾ, ਜੋ ਵਿਧਾਇਕ ਅਮਨਦੀਪ ਕੌਰ ਅਰੋੜਾ ਦੇ ਪਤੀ ਹਨ। ਉਨ੍ਹਾਂ ’ਤੇ ਕਥਿਤ ਜਾਅਲੀ ਜਾਇਦਾਦੀ ਸੌਦਿਆਂ, ਬੇਹਿਸਾਬ ਪੈਸੇ ਦੇ ਲੈਣ-ਦੇਣ ਅਤੇ ਆਸ਼ੀਰਵਾਦ ਹਸਪਤਾਲ ਦੇ ਵਿੱਤੀ ਮਾਮਲਿਆਂ ਨਾਲ ਜੁੜੇ ਹੋਣ ਦੇ ਦੋਸ਼ਾਂ ਦੀ ਜਾਂਚ ਕੀਤੀ ਜਾ ਰਹੀ ਹੈ।
26 ਨਵੰਬਰ: ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨੂੰ ਤਲਬ ਕੀਤਾ ਗਿਆ ਹੈ। ED ਉਨ੍ਹਾਂ ਦੀ ਕਥਿਤ ਭੂਮਿਕਾ ਦੀ ਜਾਂਚ ਕਰ ਰਹੀ ਹੈ।
27 ਨਵੰਬਰ: ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਨੂੰ ਚੰਡੀਗੜ੍ਹ ਸਥਿਤ ED ਦਫ਼ਤਰ ਵਿੱਚ ਪੇਸ਼ ਹੋਣ ਲਈ ਕਿਹਾ ਗਿਆ ਹੈ।
ਇਸ ਮਾਮਲੇ ਵਿੱਚ ED ਦੀ ਜਾਂਚ ਜਾਰੀ ਹੈ ਅਤੇ ਤਲਬ ਕੀਤੇ ਗਏ ਵਿਅਕਤੀਆਂ ਤੋਂ ਪੁੱਛਗਿੱਛ ਤੋਂ ਬਾਅਦ ਹੋਰ ਤੱਥ ਸਾਹਮਣੇ ਆਉਣ ਦੀ ਸੰਭਾਵਨਾ ਹੈ।