ED ਵੱਲੋਂ ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਨੂੰ ਸੰਮਨ, ਅੱਜ ਜਲੰਧਰ ਦਫ਼ਤਰ ’ਚ ਪੇਸ਼ ਹੋਣ ਲਈ ਕਿਹਾ
- 3,700 ਕਰੋੜ ਰੁਪਏ ਦੇ ਕਲਾਊਡ ਪਾਰਟੀਕਲ ਨਿਵੇਸ਼ ਘੁਟਾਲੇ ਦੀ ਜਾਂਚ ਨਾਲ ਜੁੜਿਆ ਮਾਮਲਾ
- V-Now ਗਰੁੱਪ ਤੋਂ ਮਿਲੇ ਫੰਡਾਂ ਅਤੇ ਲੈਣ-ਦੇਣ ਬਾਰੇ ਮੰਗੀ ਜਾਣਕਾਰੀ
ਜਲੰਧਰ: ਕਰੀਬ 3,700 ਕਰੋੜ ਰੁਪਏ ਦੇ ਕਥਿਤ ਨਿਵੇਸ਼ ਘੁਟਾਲੇ ਦੀ ਜਾਂਚ ਕਰ ਰਹੇ ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਪੰਜਾਬ ਤੋਂ ਰਾਜ ਸਭਾ ਮੈਂਬਰ ਅਤੇ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸਤਨਾਮ ਸਿੰਘ ਸੰਧੂ ਨੂੰ ਸੰਮਨ ਜਾਰੀ ਕੀਤਾ ਹੈ। ਉਨ੍ਹਾਂ ਨੂੰ ਅੱਜ 25 ਨਵੰਬਰ ਨੂੰ ਜਲੰਧਰ ਸਥਿਤ ED ਦੇ ਦਫ਼ਤਰ ਵਿੱਚ ਪੇਸ਼ ਹੋਣ ਲਈ ਕਿਹਾ ਗਿਆ ਹੈ।
ਜਾਂਚ ਏਜੰਸੀ ਇਸ ਮਾਮਲੇ ਵਿੱਚ V-Now ਗਰੁੱਪ ਦੀਆਂ ਕੰਪਨੀਆਂ ਵੱਲੋਂ ਸੰਧੂ ਨੂੰ ਦਿੱਤੇ ਗਏ ਫੰਡਾਂ, ਵਿੱਤੀ ਲੈਣ-ਦੇਣ ਅਤੇ ਇਨ੍ਹਾਂ ਰਕਮਾਂ ਦੀ ਵਰਤੋਂ ਦੇ ਮਕਸਦ ਬਾਰੇ ਜਾਣਕਾਰੀ ਹਾਸਲ ਕਰਨਾ ਚਾਹੁੰਦੀ ਹੈ।
ਦੱਸਿਆ ਜਾ ਰਿਹਾ ਹੈ ਕਿ ਕਲਾਊਡ ਪਾਰਟੀਕਲ ਦੇ ਨਾਂ ’ਤੇ ਨਿਵੇਸ਼ਕਾਂ ਤੋਂ ਲਗਭਗ 3,700 ਕਰੋੜ ਰੁਪਏ ਇਕੱਠੇ ਕਰਨ ਦੇ ਕਥਿਤ ਘੁਟਾਲੇ ਦੀ ਜਾਂਚ ਦੌਰਾਨ ਇਹ ਵਿੱਤੀ ਲੈਣ-ਦੇਣ ਏਜੰਸੀ ਦੇ ਧਿਆਨ ਵਿੱਚ ਆਇਆ ਹੈ।
ਹਾਲਾਂਕਿ, ਸਤਨਾਮ ਸਿੰਘ ਸੰਧੂ ਨੂੰ ਇਸ ਮਾਮਲੇ ਵਿੱਚ ਮੁਲਜ਼ਮ ਨਹੀਂ ਬਣਾਇਆ ਗਿਆ ਹੈ ਅਤੇ ਨਾ ਹੀ ਉਨ੍ਹਾਂ ’ਤੇ ਸਿੱਧੇ ਤੌਰ ’ਤੇ ਮਨੀ ਲਾਂਡਰਿੰਗ ਵਿੱਚ ਸ਼ਾਮਲ ਹੋਣ ਦੇ ਦੋਸ਼ ਲਗਾਏ ਗਏ ਹਨ। ED ਵੱਲੋਂ ਉਨ੍ਹਾਂ ਨੂੰ ਵਿੱਤੀ ਲੈਣ-ਦੇਣ ਸਬੰਧੀ ਜਾਣਕਾਰੀ ਲੈਣ ਲਈ ਤਲਬ ਕੀਤਾ ਗਿਆ ਹੈ।