ਅਮਰੀਕਾ ਦਾ ਨਵਾਂ ਟੈਰਿਫ ਪਲਾਨ: ਭਾਰਤੀ ਵਸਤਾਂ ’ਤੇ 25% ਟੈਕਸ ਦੀ ਤਜਵੀਜ਼
- ਵਪਾਰਕ ਸਮਝੌਤਾ ਨਾ ਹੋਣ ’ਤੇ ਭਾਰਤ ’ਤੇ ਲੱਗੇਗਾ 25 ਫ਼ੀਸਦ ਟੈਰਿਫ
- ਸਹਿਮਤੀ ਬਣਨ ’ਤੇ ਦਰ 17% ਰਹਿਣ ਦੀ ਸੰਭਾਵਨਾ
ਨਵੀਂ ਦਿੱਲੀ: ਅਮਰੀਕਾ ਨੇ ਆਪਣੀ ਵਪਾਰਕ ਨੀਤੀ ਤਹਿਤ ਭਾਰਤ, ਚੀਨ ਅਤੇ ਯੂਰਪੀ ਸੰਘ ਸਮੇਤ ਕਈ ਦੇਸ਼ਾਂ ਤੋਂ ਆਉਣ ਵਾਲੀਆਂ ਵਸਤਾਂ ’ਤੇ ਦਰਾਮਦ ਟੈਕਸ ਵਧਾਉਣ ਦੀ ਨਵੀਂ ਯੋਜਨਾ ਤਿਆਰ ਕੀਤੀ ਹੈ। ਟਰੰਪ ਪ੍ਰਸ਼ਾਸਨ ਵੱਲੋਂ ਪੇਸ਼ ਕੀਤੀ ਤਜਵੀਜ਼ ਮੁਤਾਬਕ, ਭਾਰਤ ਨਾਲ ਵਪਾਰਕ ਸਮਝੌਤਾ ਨਾ ਹੋਣ ਦੀ ਸੂਰਤ ਵਿੱਚ ਭਾਰਤੀ ਉਤਪਾਦਾਂ ’ਤੇ 25 ਫ਼ੀਸਦ ਟੈਰਿਫ ਲਾਇਆ ਜਾ ਸਕਦਾ ਹੈ। ਜੇਕਰ ਦੋਵੇਂ ਦੇਸ਼ ਸਮਝੌਤੇ ’ਤੇ ਸਹਿਮਤ ਹੋ ਜਾਂਦੇ ਹਨ ਤਾਂ ਇਹ ਦਰ ਘਟ ਕੇ 17 ਫ਼ੀਸਦ ਰਹਿਣ ਦੀ ਤਜਵੀਜ਼ ਹੈ।
ਅਮਰੀਕੀ ਵਪਾਰ ਪ੍ਰਤੀਨਿਧ ਜੈਮੀਸਨ ਗ੍ਰੀਰ ਨੇ ਕਿਹਾ ਕਿ ਵੱਖ-ਵੱਖ ਦੇਸ਼ਾਂ ਦੀਆਂ ਵਪਾਰਕ ਨੀਤੀਆਂ ਅਤੇ ਉਦਯੋਗਿਕ ਉਤਪਾਦਨ ਦੀ ਸਮੀਖਿਆ ਤੋਂ ਬਾਅਦ ਇਹ ਕਦਮ ਚੁੱਕਿਆ ਜਾ ਰਿਹਾ ਹੈ। ਅਮਰੀਕਾ ਦਾ ਮੰਨਣਾ ਹੈ ਕਿ ਕਈ ਦੇਸ਼ਾਂ ਵਿੱਚ ਲੋੜ ਤੋਂ ਵੱਧ ਉਤਪਾਦਨ, ਸਰਕਾਰੀ ਸਹਾਇਤਾ ਅਤੇ ਬਾਜ਼ਾਰਾਂ ਤੱਕ ਪਹੁੰਚ ਵਿੱਚ ਰੁਕਾਵਟਾਂ ਕਾਰਨ ਅਮਰੀਕੀ ਉਦਯੋਗਾਂ ਨੂੰ ਮੁਕਾਬਲੇ ਵਿੱਚ ਨੁਕਸਾਨ ਝੱਲਣਾ ਪੈ ਰਿਹਾ ਹੈ। ਇਸ ਦੇ ਨਾਲ ਹੀ ਕਿਰਤੀਆਂ ਦੀ ਸੁਰੱਖਿਆ ਨਾਲ ਜੁੜੇ ਮੁੱਦਿਆਂ ਨੂੰ ਵੀ ਟੈਰਿਫ ਵਧਾਉਣ ਦੇ ਕਾਰਨਾਂ ਵਿੱਚ ਸ਼ਾਮਲ ਕੀਤਾ ਗਿਆ ਹੈ।
16 ਦੇਸ਼ਾਂ ਦੀ ਜਾਂਚ ਤੋਂ ਬਾਅਦ ਤਿਆਰ ਹੋਈ ਯੋਜਨਾ
ਅਮਰੀਕੀ ਵਪਾਰ ਪ੍ਰਤੀਨਿਧ ਦਫ਼ਤਰ ਨੇ ਮਾਰਚ ਵਿੱਚ 16 ਦੇਸ਼ਾਂ ਖ਼ਿਲਾਫ਼ 1974 ਦੇ ਟਰੇਡ ਐਕਟ ਦੀ ਧਾਰਾ 301 ਅਧੀਨ ਜਾਂਚ ਸ਼ੁਰੂ ਕੀਤੀ ਸੀ। ਇਸ ਜਾਂਚ ਦੇ ਆਧਾਰ ’ਤੇ ਹੁਣ 20 ਤੋਂ 35 ਫ਼ੀਸਦ ਤੱਕ ਟੈਰਿਫ ਲਾਉਣ ਦੀਆਂ ਤਜਵੀਜ਼ਾਂ ਸਾਹਮਣੇ ਆਈਆਂ ਹਨ। ਹਾਲਾਂਕਿ, ਜਿਨ੍ਹਾਂ ਦੇਸ਼ਾਂ ਨਾਲ ਵਪਾਰਕ ਸਮਝੌਤੇ ਹੋ ਚੁੱਕੇ ਹਨ ਜਾਂ ਸਮਝੌਤੇ ਦੀ ਸੰਭਾਵਨਾ ਹੈ, ਉਨ੍ਹਾਂ ਨੂੰ ਘੱਟ ਟੈਕਸ ਦਰਾਂ ਦਾ ਲਾਭ ਮਿਲ ਸਕਦਾ ਹੈ। ਤਜਵੀਜ਼ ਮੁਤਾਬਕ ਯੂਰਪੀ ਸੰਘ, ਜਪਾਨ, ਦੱਖਣੀ ਕੋਰੀਆ, ਤਾਇਵਾਨ ਅਤੇ ਸਵਿਟਜ਼ਰਲੈਂਡ ਤੋਂ ਆਉਣ ਵਾਲੀਆਂ ਵਸਤਾਂ ’ਤੇ 15 ਫ਼ੀਸਦ ਟੈਰਿਫ ਲਾਉਣ ਦੀ ਯੋਜਨਾ ਹੈ। ਵੀਅਤਨਾਮ ਨਾਲ ਸਮਝੌਤਾ ਸਿਰੇ ਚੜ੍ਹਨ ਦੀ ਸੂਰਤ ਵਿੱਚ ਉੱਥੋਂ ਦੇ ਉਤਪਾਦਾਂ ’ਤੇ 20 ਫ਼ੀਸਦ ਟੈਕਸ ਲਾਗੂ ਹੋ ਸਕਦਾ ਹੈ।
ਚੀਨ ’ਤੇ ਸਭ ਤੋਂ ਵੱਧ ਟੈਕਸ ਦਾ ਪ੍ਰਸਤਾਵ
ਅਮਰੀਕੀ ਪ੍ਰਸ਼ਾਸਨ ਨੇ ਚੀਨ ਨੂੰ ਵੀ ਨਵੀਂ ਟੈਰਿਫ ਯੋਜਨਾ ਦੇ ਘੇਰੇ ਵਿੱਚ ਰੱਖਿਆ ਹੈ। ਵਾਸ਼ਿੰਗਟਨ ਦਾ ਦੋਸ਼ ਹੈ ਕਿ ਚੀਨ ਸਰਕਾਰੀ ਸਬਸਿਡੀਆਂ ਦੀ ਮਦਦ ਨਾਲ ਵੱਡੇ ਪੱਧਰ ’ਤੇ ਸਾਮਾਨ ਤਿਆਰ ਕਰ ਰਿਹਾ ਹੈ ਅਤੇ ਇਸ ਨੂੰ ਵਿਸ਼ਵ ਬਾਜ਼ਾਰ ਵਿੱਚ ਘੱਟ ਕੀਮਤਾਂ ’ਤੇ ਵੇਚ ਰਿਹਾ ਹੈ। ਅਮਰੀਕਾ ਅਨੁਸਾਰ, ਇਸ ਕਾਰਨ ਸਟੀਲ, ਇਲੈਕਟ੍ਰਿਕ ਵਾਹਨਾਂ ਅਤੇ ਸੂਰਜੀ ਊਰਜਾ ਨਾਲ ਸਬੰਧਤ ਉਤਪਾਦਾਂ ਦੇ ਖੇਤਰ ਵਿੱਚ ਅਮਰੀਕੀ ਕੰਪਨੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਨਵੀਂ ਯੋਜਨਾ ਵਿੱਚ ਬੰਗਲਾਦੇਸ਼, ਕੰਬੋਡੀਆ, ਇੰਡੋਨੇਸ਼ੀਆ, ਮਲੇਸ਼ੀਆ, ਸਿੰਗਾਪੁਰ, ਥਾਈਲੈਂਡ ਅਤੇ ਹੋਰ ਏਸ਼ਿਆਈ ਦੇਸ਼ਾਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਇਸ ਵੇਲੇ ਮੈਕਸਿਕੋ ਅਤੇ ਨਾਰਵੇ ਨੂੰ ਪ੍ਰਸਤਾਵਿਤ ਨਵੇਂ ਟੈਰਿਫਾਂ ਤੋਂ ਬਾਹਰ ਰੱਖਿਆ ਗਿਆ ਹੈ।
ਜਨਤਕ ਸੁਣਵਾਈ ਜਨਵਰੀ ਵਿੱਚ
ਅਮਰੀਕੀ ਵਪਾਰ ਪ੍ਰਤੀਨਿਧ ਦਫ਼ਤਰ ਨੇ ਪ੍ਰਸਤਾਵਿਤ ਟੈਕਸ ਦਰਾਂ ’ਤੇ ਵਿਚਾਰ-ਵਟਾਂਦਰੇ ਲਈ 25 ਜਨਵਰੀ ਨੂੰ ਜਨਤਕ ਸੁਣਵਾਈ ਕਰਨ ਦਾ ਐਲਾਨ ਕੀਤਾ ਹੈ। ਇਸ ਮਾਮਲੇ ਵਿੱਚ ਆਪਣੀ ਰਾਏ ਜਾਂ ਇਤਰਾਜ਼ ਦਰਜ ਕਰਵਾਉਣ ਦੇ ਚਾਹਵਾਨਾਂ ਨੂੰ 5 ਜਨਵਰੀ ਤੱਕ ਲਿਖਤੀ ਜਵਾਬ ਭੇਜਣ ਲਈ ਕਿਹਾ ਗਿਆ ਹੈ। ਸੂਤਰਾਂ ਅਨੁਸਾਰ, 16 ਦੇਸ਼ਾਂ ਵੱਲੋਂ ਉਦਯੋਗਾਂ ਨੂੰ ਦਿੱਤੀਆਂ ਜਾਂਦੀਆਂ ਸਬਸਿਡੀਆਂ ਬਾਰੇ ਚੱਲ ਰਹੀ ਜਾਂਚ ਦੀ ਰਿਪੋਰਟ ਵੀ ਅਮਰੀਕੀ ਅਧਿਕਾਰੀ ਜਲਦੀ ਜਾਰੀ ਕਰ ਸਕਦੇ ਹਨ।
ਟੈਰਿਫ ਨੀਤੀ ’ਤੇ ਟਰੰਪ ਪ੍ਰਸ਼ਾਸਨ ਦਾ ਰੁਖ਼ ਕਾਇਮ
ਇਹ ਨਵੀਂ ਪਹਿਲ ਟਰੰਪ ਪ੍ਰਸ਼ਾਸਨ ਵੱਲੋਂ ਪਿਛਲੇ ਸਾਲ ਲਾਗੂ ਕੀਤੇ ਗਏ ਵਿਆਪਕ ਦਰਾਮਦ ਟੈਕਸਾਂ ਵਿੱਚ ਸੋਧ ਕਰਨ ਦੀ ਕੋਸ਼ਿਸ਼ ਦਾ ਹਿੱਸਾ ਹੈ। ਹਾਲਾਂਕਿ, ਅਮਰੀਕੀ ਸੁਪਰੀਮ ਕੋਰਟ ਨੇ ਪਹਿਲਾਂ ਲਾਗੂ ਕੀਤੇ ਗਏ ਟੈਰਿਫਾਂ ਨੂੰ ਰੱਦ ਕਰ ਦਿੱਤਾ ਸੀ। ਇਸ ਦੇ ਬਾਵਜੂਦ ਪ੍ਰਸ਼ਾਸਨ ਨੇ ਧਾਰਾ 301 ਤਹਿਤ ਜਾਂਚ ਦੇ ਆਧਾਰ ’ਤੇ ਨਵੇਂ ਟੈਕਸ ਲਾਉਣ ਦੀ ਪ੍ਰਕਿਰਿਆ ਅੱਗੇ ਵਧਾਈ ਹੈ। ਧਾਰਾ 301 ਅਮਰੀਕੀ ਰਾਸ਼ਟਰਪਤੀ ਨੂੰ ਉਨ੍ਹਾਂ ਦੇਸ਼ਾਂ ਖ਼ਿਲਾਫ਼ ਵਪਾਰਕ ਕਾਰਵਾਈ ਕਰਨ ਦਾ ਅਧਿਕਾਰ ਦਿੰਦੀ ਹੈ, ਜਿਨ੍ਹਾਂ ਦੀਆਂ ਨੀਤੀਆਂ ਨੂੰ ਅਮਰੀਕੀ ਵਪਾਰ ਜਾਂ ਕੰਪਨੀਆਂ ਲਈ ਨੁਕਸਾਨਦੇਹ ਮੰਨਿਆ ਜਾਂਦਾ ਹੈ।
ਇਹ ਯੋਜਨਾ ਅਜਿਹੇ ਸਮੇਂ ਸਾਹਮਣੇ ਆਈ ਹੈ ਜਦੋਂ ਅਮਰੀਕਾ ਵਿੱਚ ਮੱਧਕਾਲੀ ਚੋਣਾਂ ਤੋਂ ਬਾਅਦ ਰਾਜਨੀਤਕ ਹਾਲਾਤ ਬਦਲੇ ਹਨ। ਰਿਪੋਰਟਾਂ ਮੁਤਾਬਕ, ਹਾਊਸ ਅਤੇ ਸੈਨੇਟ ਵਿੱਚ ਡੈਮੋਕਰੈਟਾਂ ਦਾ ਬਹੁਮਤ ਹੋਣ ਦੇ ਬਾਵਜੂਦ ਰਾਸ਼ਟਰਪਤੀ ਡੋਨਲਡ ਟਰੰਪ ਕੋਲ ਟੈਰਿਫ ਨੀਤੀ ਨੂੰ ਕਮਜ਼ੋਰ ਕਰਨ ਵਾਲੇ ਕਾਨੂੰਨਾਂ ’ਤੇ ਵੀਟੋ ਕਰਨ ਦਾ ਅਧਿਕਾਰ ਮੌਜੂਦ ਹੈ।