ਹਿਮਾਚਲ ਪ੍ਰਦੇਸ਼ ‘ਚ ਕਕਾਰ ਪਾਏ ਹੋਏ ਹੋਣ ਕਾਰਨ ਇੱਕ ਹੋਰ ਸਿੱਖ ਪ੍ਰੀਖਿਆਰਥੀ ਨੂੰ ਪਟਵਾਰੀ ਦੀ ਪ੍ਰੀਖਿਆ ਦੇਣ ਤੋਂ ਰੋਕਿਆ
- ਸੋਲਨ ਦੇ ਅੰਜੀ ਸਥਿਤ ਪ੍ਰੀਖਿਆ ਕੇਂਦਰ ’ਚ ਕੜਾ ਅਤੇ ਕਿਰਪਾਨ ਉਤਾਰਨ ਲਈ ਕਹਿਣ ਦਾ ਦਾਅਵਾ
- ਜਸ਼ਨਦੀਪ ਸਿੰਘ ਪ੍ਰੀਖਿਆ ’ਚ ਨਹੀਂ ਹੋ ਸਕੇ ਸ਼ਾਮਲ
ਚੰਡੀਗੜ੍ਹ: ਹਿਮਾਚਲ ਪ੍ਰਦੇਸ਼ ਦੇ ਸੋਲਨ ਜ਼ਿਲ੍ਹੇ ਵਿੱਚ ਪਟਵਾਰੀ ਭਰਤੀ ਪ੍ਰੀਖਿਆ ਦੌਰਾਨ ਇੱਕ ਸਿੱਖ ਨੌਜਵਾਨ ਨੂੰ ਧਾਰਮਿਕ ਚਿੰਨ੍ਹ ਕੜਾ ਅਤੇ ਕਿਰਪਾਨ ਪਹਿਨਣ ਕਾਰਨ ਪ੍ਰੀਖਿਆ ਕੇਂਦਰ ਵਿੱਚ ਦਾਖ਼ਲ ਨਾ ਹੋਣ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਅੰਜੀ ਸਥਿਤ ਦੇਵ ਭੂਮੀ ਸੈਂਟਰ ਦੀ ਦੱਸੀ ਜਾ ਰਹੀ ਹੈ। ਇਸ ਤੋਂ ਬਾਅਦ ਸਿੱਖ ਭਾਈਚਾਰੇ ਵਿੱਚ ਰੋਸ ਪਾਇਆ ਜਾ ਰਿਹਾ ਹੈ। ਪ੍ਰੀਖਿਆ ਦੇਣ ਪਹੁੰਚੇ ਜਸ਼ਨਦੀਪ ਸਿੰਘ ਨੇ ਦੋਸ਼ ਲਾਇਆ ਕਿ ਕੇਂਦਰ ਵਿੱਚ ਉਨ੍ਹਾਂ ਨੂੰ ਕੜਾ ਅਤੇ ਕਿਰਪਾਨ ਉਤਾਰਨ ਲਈ ਕਿਹਾ ਗਿਆ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਉਨ੍ਹਾਂ ਦੀਆਂ ਧਾਰਮਿਕ ਮਾਨਤਾਵਾਂ ਦੇ ਵਿਰੁੱਧ ਹੈ ਅਤੇ ਇਸ ਕਾਰਨ ਉਹ ਪ੍ਰੀਖਿਆ ਵਿੱਚ ਸ਼ਾਮਲ ਨਹੀਂ ਹੋ ਸਕੇ।
ਜਸ਼ਨਦੀਪ ਸਿੰਘ ਮੁਤਾਬਕ, ਉਹ ਪਹਿਲਾਂ ਵੀ ਕਈ ਪ੍ਰੀਖਿਆਵਾਂ ਦੇ ਚੁੱਕੇ ਹਨ ਅਤੇ ਉਨ੍ਹਾਂ ਦੌਰਾਨ ਕੜਾ ਤੇ ਕਿਰਪਾਨ ਪਹਿਨ ਕੇ ਪ੍ਰੀਖਿਆ ਦਿੱਤੀ ਸੀ। ਹਾਲਾਂਕਿ, ਪਟਵਾਰੀ ਭਰਤੀ ਪ੍ਰੀਖਿਆ ਸਮੇਂ ਉਨ੍ਹਾਂ ਨੂੰ ਪਹਿਲੀ ਵਾਰ ਅਜਿਹੀ ਸਥਿਤੀ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਕਿਹਾ ਕਿ ਸਿੱਖ ਧਰਮ ਵਿੱਚ ਕੜਾ ਅਤੇ ਕਿਰਪਾਨ ਸਿਰਫ਼ ਧਾਰਮਿਕ ਚਿੰਨ੍ਹ ਹੀ ਨਹੀਂ, ਸਗੋਂ ਆਸਥਾ ਅਤੇ ਪਛਾਣ ਨਾਲ ਵੀ ਜੁੜੇ ਹੋਏ ਹਨ। ਉਨ੍ਹਾਂ ਨੇ ਧਾਰਮਿਕ ਆਸਥਾ ਅਤੇ ਸਿੱਖਿਆ ਵਿਚਕਾਰ ਅਜਿਹੀ ਸਥਿਤੀ ਪੈਦਾ ਹੋਣ ’ਤੇ ਚਿੰਤਾ ਜ਼ਾਹਰ ਕੀਤੀ। ਇਸ ਘਟਨਾ ਕਾਰਨ ਨੌਜਵਾਨ ਨੂੰ ਪ੍ਰੀਖਿਆ ਵਿੱਚ ਸ਼ਾਮਲ ਹੋਣ ਦਾ ਮੌਕਾ ਨਹੀਂ ਮਿਲਿਆ, ਜਿਸ ਨਾਲ ਉਸ ਨੂੰ ਮਾਨਸਿਕ ਪਰੇਸ਼ਾਨੀ ਹੋਣ ਦੀ ਗੱਲ ਕਹੀ ਗਈ ਹੈ। ਮਾਮਲੇ ਨੂੰ ਲੈ ਕੇ ਸਿੱਖ ਭਾਈਚਾਰੇ ਵੱਲੋਂ ਉਚਿਤ ਹੱਲ ਕੱਢਣ ਦੀ ਮੰਗ ਕੀਤੀ ਜਾ ਰਹੀ ਹੈ।
ਇਸ ਤੋਂ ਬਿਨਾ ਹਿਮਾਚਲ ਪਦੇਸ਼ ਦੇ ਊਨਾ ਜ਼ਿਲ੍ਹਾ ’ਚ ਵੀ ਬੀਤੇ ਕੱਲ੍ਹ ਪਟਵਾਰੀ ਭਰਤੀ ਲਈ ਟੈਸਟ ਦੌਰਾਨ ਸਿੱਖ ਪ੍ਰੀਖਿਆਰਥੀ ਬੀਬੀ ਰਾਜਵਿੰਦਰ ਕੌਰ ਨੂੰ ਕਕਾਰ ਪਹਿਨਣ ਕਾਰਨ ਪ੍ਰੀਖਿਆ ਦੇਣ ਤੋਂ ਰੋਕਿਆ ਗਿਆ ਸੀ। ਦੋਵੇਂ ਮਾਮਲੇ ਇੱਕ ਹੀ ਦਿਨ ਸਾਹਮਣੇ ਆਏ ਹਨ।
ਉੱਥੇ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਹਿਮਾਚਲ ਪਦੇਸ਼ ‘ਚ ਕਕਾਰ ਪਹਿਨਣ ਕਾਰਨ ਪ੍ਰੀਖਿਆ ਦੇਣ ਤੋਂ ਰੋਕੇ ਜਾਣ ਦਾ ਸਖ਼ਤ ਨੋਟਿਸ ਲੈਂਦਿਆਂ ਇਸ ਨੂੰ ਸਿੱਖਾਂ ਦੇ ਧਾਰਮਿਕ ਅਧਿਕਾਰਾਂ ਦੇ ਵਿਰੁੱਧ ਕਰਾਰ ਦਿੱਤਾ ਹੈ।