Amazon ਖ਼ਿਲਾਫ਼ ਕੇਂਦਰ ਸਰਕਾਰ ਦੀ ਸ਼ਿਕਾਇਤ ਹਾਈਕੋਰਟ ਵੱਲੋਂ ਰੱਦ
- ਬਿਨਾਂ ISI ਮਾਰਕ ਵਾਲੇ ਖਿਡੌਣੇ ਰੱਖਣ ਤੇ ਵੇਚਣ ਦੇ ਮਾਮਲੇ ’ਚ ਕੰਪਨੀ ਨੂੰ ਰਾਹਤ
- ਅਸਲ ਵਿਕਰੇਤਾਵਾਂ ਦੀ ਪਛਾਣ ਕਰਨ ਦੀ ਸਰਕਾਰ ਨੂੰ ਛੋਟ
ਚੰਡੀਗੜ੍ਹ: ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਐਮਾਜ਼ੋਨ (Amazon) ਖ਼ਿਲਾਫ਼ ਬਿਨਾਂ ISI ਮਾਰਕ ਵਾਲੇ ਖਿਡੌਣੇ ਰੱਖਣ ਅਤੇ ਵੇਚਣ ਦੇ ਮਾਮਲੇ ਵਿੱਚ ਕੇਂਦਰ ਸਰਕਾਰ ਵੱਲੋਂ ਦਰਜ ਸ਼ਿਕਾਇਤ ਅਤੇ ਚਾਰਜਸ਼ੀਟ ਰੱਦ ਕਰ ਦਿੱਤੀ ਹੈ। ਜਸਟਿਸ ਐੱਨ.ਐੱਸ. ਸ਼ੇਖਾਵਤ ਨੇ ਇਹ ਅਹਿਮ ਫੈਸਲਾ ਸੁਣਾਉਂਦਿਆਂ ਕਿਹਾ ਕਿ ਐਮਾਜ਼ੋਨ ਸਿਰਫ਼ ਇੱਕ ਈ-ਕਾਮਰਸ ਮਾਰਕੀਟਪਲੇਸ ਹੈ, ਜੋ ਖਰੀਦਦਾਰਾਂ ਅਤੇ ਵਿਕਰੇਤਾਵਾਂ ਵਿਚਕਾਰ ਤੀਜੀ ਧਿਰ ਵਜੋਂ ਕੰਮ ਕਰਦਾ ਹੈ।
ਮਾਮਲਾ ਸਾਲ 2023 ਦਾ ਹੈ, ਜਦੋਂ ਸਰਕਾਰੀ ਅਧਿਕਾਰੀਆਂ ਨੇ ਲੁਧਿਆਣਾ ਸਥਿਤ ਐਮਾਜ਼ੋਨ ਦੇ ਫੁਲਫਿਲਮੈਂਟ ਸੈਂਟਰ ’ਤੇ ਛਾਪੇਮਾਰੀ ਕੀਤੀ ਸੀ। ਇਸ ਦੌਰਾਨ ਬਿਨਾਂ ISI ਮਾਰਕ ਵਾਲੇ ਖਿਡੌਣੇ ਜ਼ਬਤ ਕੀਤੇ ਗਏ ਸਨ।
ਹਾਈਕੋਰਟ ਨੇ ਆਪਣੇ ਫੈਸਲੇ ਵਿੱਚ ਕਿਹਾ ਕਿ ਸੂਚਨਾ ਤਕਨਾਲੋਜੀ ਐਕਟ (IT Act) ਤਹਿਤ ਐਮਾਜ਼ੋਨ ਨੂੰ ਵਿਚੋਲੇ (Intermediary) ਵਜੋਂ ਕਾਨੂੰਨੀ ਸੁਰੱਖਿਆ ਹਾਸਲ ਹੈ। ਅਦਾਲਤ ਨੇ ਇਹ ਵੀ ਨੋਟ ਕੀਤਾ ਕਿ ਸਰਕਾਰੀ ਅਧਿਕਾਰੀਆਂ ਨੇ ਉਨ੍ਹਾਂ ਅਸਲ ਵਿਕਰੇਤਾਵਾਂ ਨੂੰ ਮੁਲਜ਼ਮ ਵਜੋਂ ਨਾਮਜ਼ਦ ਨਹੀਂ ਕੀਤਾ ਸੀ, ਜਿਨ੍ਹਾਂ ਵੱਲੋਂ ਇਹ ਖਿਡੌਣੇ ਰੱਖੇ ਅਤੇ ਵੇਚੇ ਜਾ ਰਹੇ ਸਨ।
ਇਸ ਆਧਾਰ ’ਤੇ ਹਾਈਕੋਰਟ ਨੇ ਐਮਾਜ਼ੋਨ ਖ਼ਿਲਾਫ਼ ਦਰਜ ਸ਼ਿਕਾਇਤ ਅਤੇ ਚਾਰਜਸ਼ੀਟ ਰੱਦ ਕਰ ਦਿੱਤੀ। ਹਾਲਾਂਕਿ, ਅਦਾਲਤ ਨੇ ਸਰਕਾਰ ਨੂੰ ਕਾਨੂੰਨ ਦੀ ਉਲੰਘਣਾ ਕਰਨ ਵਾਲੇ ਅਸਲ ਵਿਕਰੇਤਾਵਾਂ ਦੀ ਪਛਾਣ ਕਰਕੇ ਉਨ੍ਹਾਂ ਖ਼ਿਲਾਫ਼ ਕਾਰਵਾਈ ਕਰਨ ਦੀ ਛੋਟ ਦਿੱਤੀ ਹੈ।