ਵਿਆਹ ਤੋਂ ਇਨਕਾਰ ਕਰਨ ’ਤੇ ਨੌਜਵਾਨ ਨੇ ਘਰ ’ਚ ਵੜ ਕੇ ਕੁੜੀ ’ਤੇ ਸੁੱਟਿਆ ਤੇਜ਼ਾਬ
- ਬਚਾਉਣ ਆਈ ਮਾਂ ’ਤੇ ਚਾਕੂ ਨਾਲ ਕੀਤੇ ਵਾਰ
- ਪਿਤਾ ’ਤੇ ਵੀ ਸੁੱਟਿਆ ਤੇਜ਼ਾਬ; ਤਿੰਨਾਂ ਦੀ ਹਾਲਤ ਗੰਭੀਰ
- ਮੁਲਜ਼ਮ ਨੂੰ ਲੋਕਾਂ ਨੇ ਫੜ ਕੇ ਕੁੱਟਿਆ
ਲਖਨਊ: ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਵਿੱਚ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਵਿਆਹ ਤੋਂ ਇਨਕਾਰ ਕਰਨ ’ਤੇ ਇੱਕ ਨੌਜਵਾਨ ਨੇ ਘਰ ਵਿੱਚ ਦਾਖ਼ਲ ਹੋ ਕੇ 18 ਸਾਲਾ ਲੜਕੀ ’ਤੇ ਤੇਜ਼ਾਬ ਸੁੱਟ ਦਿੱਤਾ। ਧੀ ਨੂੰ ਬਚਾਉਣ ਲਈ ਅੱਗੇ ਆਈ ਮਾਂ ’ਤੇ ਮੁਲਜ਼ਮ ਨੇ ਚਾਕੂ ਨਾਲ ਕਈ ਵਾਰ ਕੀਤੇ। ਇਸੇ ਦੌਰਾਨ ਉੱਥੇ ਪਹੁੰਚੇ ਪਿਤਾ ’ਤੇ ਵੀ ਉਸ ਨੇ ਤੇਜ਼ਾਬ ਸੁੱਟ ਦਿੱਤਾ। ਹਮਲੇ ਵਿੱਚ ਪਰਿਵਾਰ ਦੇ ਤਿੰਨੇ ਮੈਂਬਰ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ। ਘਟਨਾ ਤੋਂ ਬਾਅਦ ਰੌਲਾ ਸੁਣ ਕੇ ਇਕੱਠੇ ਹੋਏ ਗੁਆਂਢੀਆਂ ਨੇ ਮੁਲਜ਼ਮ ਨੂੰ ਕਾਬੂ ਕਰ ਲਿਆ ਅਤੇ ਉਸ ਦੀ ਕੁੱਟਮਾਰ ਕੀਤੀ। ਜ਼ਖ਼ਮੀਆਂ ਨੂੰ ਕਿੰਗ ਜਾਰਜ ਮੈਡੀਕਲ ਯੂਨੀਵਰਸਿਟੀ (KGMU) ਦੇ ਟਰਾਮਾ ਸੈਂਟਰ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਲੜਕੀ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ, ਜਦਕਿ ਉਸ ਦੇ ਮਾਤਾ-ਪਿਤਾ ਵੀ ਗੰਭੀਰ ਜ਼ਖ਼ਮੀ ਹਨ।
ਤੜਕੇ 4 ਵਜੇ ਘਰ ਵਿੱਚ ਦਾਖ਼ਲ ਹੋਇਆ ਮੁਲਜ਼ਮ
ਇਹ ਘਟਨਾ ਉਦੈਗੰਜ ਇਲਾਕੇ ਦੀ ਹੈ। ਜਾਣਕਾਰੀ ਅਨੁਸਾਰ ਮੁਲਜ਼ਮ ਐਤਵਾਰ ਤੜਕੇ ਕਰੀਬ 4 ਵਜੇ ਲੜਕੀ ਦੇ ਘਰ ਵਿੱਚ ਦਾਖ਼ਲ ਹੋਇਆ। ਲੜਕੀ ਦੇ ਪਿਤਾ ਕਾਰਪੇਂਟਰ ਦਾ ਕੰਮ ਕਰਦੇ ਹਨ। ਸਥਾਨਕ ਲੋਕਾਂ ਮੁਤਾਬਕ, ਨੌਜਵਾਨ ਲੜਕੀ ’ਤੇ ਵਿਆਹ ਕਰਨ ਲਈ ਦਬਾਅ ਪਾ ਰਿਹਾ ਸੀ, ਪਰ ਪਰਿਵਾਰ ਨੇ ਇਸ ਰਿਸ਼ਤੇ ਤੋਂ ਇਨਕਾਰ ਕਰ ਦਿੱਤਾ ਸੀ। ਇਸੇ ਗੱਲ ਤੋਂ ਨਾਰਾਜ਼ ਹੋ ਕੇ ਉਸ ਨੇ ਹਮਲਾ ਕਰ ਦਿੱਤਾ।
ਚਾਚੇ ਨੇ ਦੱਸੀ ਘਟਨਾ ਦੀ ਜਾਣਕਾਰੀ
ਲੜਕੀ ਦੇ ਚਾਚੇ ਨੇ ਦੱਸਿਆ ਕਿ ਮੁਹੱਲੇ ਦੇ ਲੋਕਾਂ ਨੇ ਉਨ੍ਹਾਂ ਨੂੰ ਪਰਿਵਾਰ ’ਤੇ ਹਮਲੇ ਦੀ ਸੂਚਨਾ ਦਿੱਤੀ ਸੀ। ਜਦੋਂ ਉਹ ਘਰ ਪਹੁੰਚੇ ਤਾਂ ਪਤਾ ਲੱਗਾ ਕਿ ਮੰਨਾ ਨਾਂ ਦੇ ਨੌਜਵਾਨ ਨੇ ਉਨ੍ਹਾਂ ਦੀ ਭਤੀਜੀ ’ਤੇ ਤੇਜ਼ਾਬ ਸੁੱਟਿਆ ਹੈ। ਉਨ੍ਹਾਂ ਮੁਤਾਬਕ, ਭਤੀਜੀ ਦੀ ਹਾਲਤ ਬੇਹੱਦ ਗੰਭੀਰ ਹੈ। ਉਸ ਦੇ ਭਰਾ ਦੇ ਸਿਰ ’ਤੇ ਚਾਕੂ ਨਾਲ ਸੱਟਾਂ ਲੱਗੀਆਂ ਹਨ, ਜਦਕਿ ਭਰਜਾਈ ਦੇ ਚਿਹਰੇ ’ਤੇ ਵੀ ਚਾਕੂ ਨਾਲ ਵਾਰ ਕੀਤੇ ਗਏ ਹਨ। ਤਿੰਨਾਂ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।