‘PM Modi Mann Ki Baat’: ਨਸ਼ਾ ਨੌਜਵਾਨਾਂ ਦੇ ਸੁਪਨਿਆਂ ਲਈ ਵੱਡੀ ਚੁਣੌਤੀ: PM ਮੋਦੀ
- ‘ਮਨ ਕੀ ਬਾਤ’ ਦੇ 140ਵੇਂ ਐਪੀਸੋਡ ਵਿੱਚ ਨਸ਼ਿਆਂ ਖ਼ਿਲਾਫ਼ ਸਮਾਜਿਕ ਸਰਗਰਮੀ ਵਧਾਉਣ ਦੀ ਕੀਤੀ ਅਪੀਲ
- ਸੰਚਾਰ ਸਾਥੀ ਐਪ ਦੇ 3 ਕਰੋੜ ਡਾਊਨਲੋਡ ਹੋਣ ਦੀ ਦਿੱਤੀ ਜਾਣਕਾਰੀ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਸ਼ਿਆਂ ਦੀ ਲਤ ਨੂੰ ਦੇਸ਼ ਦੇ ਨੌਜਵਾਨਾਂ ਦੇ ਸੁਪਨਿਆਂ ਲਈ ਵੱਡੀ ਚੁਣੌਤੀ ਕਰਾਰ ਦਿੱਤਾ ਹੈ। ਐਤਵਾਰ ਨੂੰ ਆਪਣੇ ਮਹੀਨਾਵਾਰ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ਦੇ 140ਵੇਂ ਐਪੀਸੋਡ ਵਿੱਚ ਉਨ੍ਹਾਂ ਨੇ ਨਸ਼ਿਆਂ ਵਿਰੁੱਧ ਲੜਾਈ ਵਿੱਚ ਸਮਾਜ ਦੀ ਵਧਦੀ ਭੂਮਿਕਾ ਦੀ ਸ਼ਲਾਘਾ ਕੀਤੀ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਦੇ ਨੌਜਵਾਨ ਵੱਡੇ ਸੁਪਨੇ ਦੇਖ ਰਹੇ ਹਨ, ਪਰ ਨਸ਼ਿਆਂ ਦੀ ਆਦਤ ਉਨ੍ਹਾਂ ਦੇ ਰਾਹ ਵਿੱਚ ਵੱਡੀ ਰੁਕਾਵਟ ਬਣ ਰਹੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਭਰ ਵਿੱਚ ਨਸ਼ਿਆਂ ਵਿਰੁੱਧ ਲੋਕਾਂ ਦੀ ਸਰਗਰਮੀ ਵਧ ਰਹੀ ਹੈ ਅਤੇ ‘ਨਸ਼ਾ ਮੁਕਤ ਯੁਵਾ ਅਭਿਆਨ’ ਵੀ ਪੂਰੇ ਜ਼ੋਰ-ਸ਼ੋਰ ਨਾਲ ਚਲਾਇਆ ਜਾ ਰਿਹਾ ਹੈ। ਉਨ੍ਹਾਂ ਅਜਿਹੇ ਲੋਕਾਂ ਦੀਆਂ ਉਦਾਹਰਣਾਂ ਦਾ ਵੀ ਜ਼ਿਕਰ ਕੀਤਾ, ਜਿਨ੍ਹਾਂ ਨੇ ਨਸ਼ਿਆਂ ਵਿਰੁੱਧ ਸੰਘਰਸ਼ ਕਰਕੇ ਆਪਣੀ ਜ਼ਿੰਦਗੀ ਬਦਲੀ ਹੈ।
ਸੰਚਾਰ ਸਾਥੀ ਐਪ ਦੇ 3 ਕਰੋੜ ਡਾਊਨਲੋਡ
ਪ੍ਰਧਾਨ ਮੰਤਰੀ ਨੇ ਪ੍ਰੋਗਰਾਮ ਦੌਰਾਨ ‘ਸੰਚਾਰ ਸਾਥੀ’ ਡਿਜੀਟਲ ਪਲੇਟਫਾਰਮ ਦੀਆਂ ਪ੍ਰਾਪਤੀਆਂ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਦੱਸਿਆ ਕਿ ਇਸ ਪੋਰਟਲ ‘ਤੇ ਹੁਣ ਤੱਕ 30 ਕਰੋੜ ਤੋਂ ਵੱਧ ਵਾਰ ਲੋਕ ਆ ਚੁੱਕੇ ਹਨ, ਜਦਕਿ ਇਸ ਦੀ ਐਪ ਲਗਭਗ 3 ਕਰੋੜ ਵਾਰ ਡਾਊਨਲੋਡ ਕੀਤੀ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਮੋਬਾਈਲ ਫੋਨ ਗੁੰਮ ਹੋਣ ਦੀ ਸਥਿਤੀ ਵਿੱਚ ਇਹ ਪਲੇਟਫਾਰਮ ਉਸ ਨੂੰ ਲੱਭਣ ਅਤੇ ਵਾਪਸ ਹਾਸਲ ਕਰਨ ਵਿੱਚ ਮਦਦਗਾਰ ਸਾਬਤ ਹੋ ਰਿਹਾ ਹੈ। ਬੈਂਕਾਂ, ਪੇਮੈਂਟ ਐਪਸ, ਟੈਲੀਕਾਮ ਕੰਪਨੀਆਂ ਅਤੇ ਪੁਲਿਸ ਤੋਂ ਇਲਾਵਾ 1,600 ਤੋਂ ਵੱਧ ਸੰਸਥਾਵਾਂ ਇਸ ਪੋਰਟਲ ਨਾਲ ਜੁੜੀਆਂ ਹੋਈਆਂ ਹਨ। ਮੋਦੀ ਅਨੁਸਾਰ, ਇਸ ਪ੍ਰਣਾਲੀ ਦੀ ਮਦਦ ਨਾਲ ਸਾਈਬਰ ਧੋਖਾਧੜੀ ਦੀਆਂ ਕੋਸ਼ਿਸ਼ਾਂ ਨੂੰ ਸਮੇਂ ਸਿਰ ਰੋਕਣ ਵਿੱਚ ਸਹਾਇਤਾ ਮਿਲੀ ਹੈ ਅਤੇ ਹੁਣ ਤੱਕ 5,000 ਕਰੋੜ ਰੁਪਏ ਤੋਂ ਵੱਧ ਦੇ ਸੰਭਾਵੀ ਵਿੱਤੀ ਨੁਕਸਾਨ ਨੂੰ ਟਾਲਿਆ ਜਾ ਚੁੱਕਾ ਹੈ। ਇਹ ਐਪ 23 ਭਾਸ਼ਾਵਾਂ ਵਿੱਚ ਉਪਲਬਧ ਹੈ।
ਸਰਕਾਰੀ ਮੁਲਾਜ਼ਮਾਂ ਲਈ 7 ਹਜ਼ਾਰ ਤੋਂ ਵੱਧ ਕੋਰਸ
ਪ੍ਰਧਾਨ ਮੰਤਰੀ ਨੇ ‘iGOT ਕਰਮਯੋਗੀ’ ਪੋਰਟਲ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਇਸ ‘ਤੇ ਸਰਕਾਰੀ ਮੁਲਾਜ਼ਮਾਂ ਲਈ 17 ਭਾਸ਼ਾਵਾਂ ਵਿੱਚ 7,000 ਤੋਂ ਵੱਧ ਕੋਰਸ ਉਪਲਬਧ ਹਨ। ਲੱਖਾਂ ਮੁਲਾਜ਼ਮ ਇਨ੍ਹਾਂ ਕੋਰਸਾਂ ਨੂੰ ਪੂਰਾ ਵੀ ਕਰ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕੋਰਸਾਂ ਰਾਹੀਂ ਕੋਈ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਸਿੱਖ ਰਿਹਾ ਹੈ, ਜਦਕਿ ਕਈ ਮੁਲਾਜ਼ਮ ਭਾਰਤੀ ਸੰਕੇਤਕ ਭਾਸ਼ਾ (ਇੰਡੀਅਨ ਸਾਈਨ ਲੈਂਗੂਏਜ) ਦੀ ਸਿਖਲਾਈ ਲੈ ਰਹੇ ਹਨ।