ਨਿਊ ਚੰਡੀਗੜ੍ਹ ਦੇ ਸਨਟੈਕ ਸਿਟੀ ਪ੍ਰਾਜੈਕਟ ’ਤੇ ED ਦੀ ਵੱਡੀ ਕਾਰਵਾਈ, 253.66 ਕਰੋੜ ਦੀ ਜਾਇਦਾਦ ਅਟੈਚ
- ਕਥਿਤ ਧੋਖਾਧੜੀ ਅਤੇ ਮਨੀ ਲਾਂਡਰਿੰਗ ਮਾਮਲੇ ’ਚ ਕਾਰਵਾਈ
- ਤਿੰਨ ਪ੍ਰਾਜੈਕਟਾਂ ਦੀਆਂ ਜਾਇਦਾਦਾਂ, ਮੋਹਾਲੀ ਦੇ ਡਾਊਨਟਾਊਨ ਪ੍ਰਾਜੈਕਟ ’ਚ ਹਿੱਸੇਦਾਰੀ ਅਤੇ ਤਿੰਨ ਲਗਜ਼ਰੀ ਗੱਡੀਆਂ ਸ਼ਾਮਲ
ਮੋਹਾਲੀ: ਮੋਹਾਲੀ ਦੇ ਨਿਊ ਚੰਡੀਗੜ੍ਹ ਸਥਿਤ ਸਨਟੈਕ ਸਿਟੀ ਰੀਅਲ ਅਸਟੇਟ ਪ੍ਰਾਜੈਕਟ ਵਿੱਚ ਕਥਿਤ ਧੋਖਾਧੜੀ ਅਤੇ ਮਨੀ ਲਾਂਡਰਿੰਗ ਦੇ ਮਾਮਲੇ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਵੱਡੀ ਕਾਰਵਾਈ ਕੀਤੀ ਹੈ। ਈਡੀ ਦੇ ਜਲੰਧਰ ਜ਼ੋਨਲ ਦਫ਼ਤਰ ਨੇ 26 ਨਵੰਬਰ ਨੂੰ ਮਨੀ ਲਾਂਡਰਿੰਗ ਰੋਕੂ ਕਾਨੂੰਨ (PMLA) ਤਹਿਤ 253.66 ਕਰੋੜ ਰੁਪਏ ਦੀਆਂ ਚੱਲ ਅਤੇ ਅਚੱਲ ਜਾਇਦਾਦਾਂ ਅਸਥਾਈ ਤੌਰ ’ਤੇ ਅਟੈਚ ਕੀਤੀਆਂ ਹਨ। ਅਟੈਚ ਕੀਤੀਆਂ ਜਾਇਦਾਦਾਂ ਵਿੱਚ ਸਨਟੈਕ ਸਿਟੀ, ਡਿਸਟ੍ਰਿਕਟ ਸੈਵਨ ਅਤੇ ਲਾ ਕੈਨੇਲਾ ਪ੍ਰਾਜੈਕਟ ਦੀਆਂ ਜਾਇਦਾਦਾਂ ਤੋਂ ਇਲਾਵਾ ਮੋਹਾਲੀ ਦੇ ਡਾਊਨਟਾਊਨ ਪ੍ਰਾਜੈਕਟ ਵਿੱਚ ਹਿੱਸੇਦਾਰੀ ਅਤੇ ਤਿੰਨ ਲਗਜ਼ਰੀ ਗੱਡੀਆਂ ਸ਼ਾਮਲ ਹਨ। ਈਡੀ ਦੀ ਜਾਂਚ ਅਜੇ ਸਹਿਗਲ, ਇੰਡੀਅਨ ਕੋਆਪਰੇਟਿਵ ਹਾਊਸ ਬਿਲਡਿੰਗ ਸੋਸਾਇਟੀ ਲਿਮਟਿਡ, ਏਬੀਐੱਸ ਟਾਊਨਸ਼ਿਪਸ ਪ੍ਰਾਈਵੇਟ ਲਿਮਟਿਡ (ਪਹਿਲਾਂ ਵੀਆਰਐੱਸ ਟਾਊਨਸ਼ਿਪਸ ਪ੍ਰਾਈਵੇਟ ਲਿਮਟਿਡ) ਅਤੇ ਹੋਰਾਂ ਖ਼ਿਲਾਫ਼ ਚੱਲ ਰਹੀ ਹੈ।
ਫਰਜ਼ੀ ਦਸਤਖ਼ਤਾਂ ਅਤੇ ਅੰਗੂਠਿਆਂ ਦੇ ਨਿਸ਼ਾਨ ਨਾਲ ਸਹਿਮਤੀ ਪੱਤਰ ਤਿਆਰ ਕਰਨ ਦਾ ਦੋਸ਼
ਜਾਂਚ ਏਜੰਸੀ ਅਨੁਸਾਰ, ਸਨਟੈਕ ਸਿਟੀ ਪ੍ਰਾਜੈਕਟ ਲਈ ਕਰੀਬ 30.49 ਏਕੜ ਜ਼ਮੀਨ ਦੇ ਮਾਲਕਾਂ ਦੇ ਕਥਿਤ ਜਾਅਲੀ ਦਸਤਖ਼ਤਾਂ ਅਤੇ ਅੰਗੂਠਿਆਂ ਦੇ ਨਿਸ਼ਾਨਾਂ ਵਾਲੇ ਸਹਿਮਤੀ ਪੱਤਰ ਤਿਆਰ ਕਰਵਾਏ ਗਏ ਸਨ। ਇਨ੍ਹਾਂ ਦਸਤਾਵੇਜ਼ਾਂ ਦੇ ਆਧਾਰ ’ਤੇ 108.58 ਏਕੜ ਜ਼ਮੀਨ ਲਈ ਚੇਂਜ ਆਫ਼ ਲੈਂਡ ਯੂਜ਼ (CLU) ਦੀ ਮਨਜ਼ੂਰੀ ਹਾਸਲ ਕੀਤੀ ਗਈ। ਈਡੀ ਦਾ ਦੋਸ਼ ਹੈ ਕਿ ਇਹ ਸਹਿਮਤੀ ਪੱਤਰ ਉਸ ਸਮੇਂ ਸੋਸਾਇਟੀ ਦੇ ਸਕੱਤਰ ਰਹੇ ਅਜੇ ਸਹਿਗਲ ਦੇ ਕਹਿਣ ’ਤੇ ਤਿਆਰ ਕੀਤੇ ਗਏ ਸਨ। ਇਨ੍ਹਾਂ ਨੂੰ ਪੰਜਾਬ ਦੇ ਟਾਊਨ ਐਂਡ ਕੰਟਰੀ ਪਲਾਨਿੰਗ ਵਿਭਾਗ ਵਿੱਚ ਜਮ੍ਹਾਂ ਕਰਵਾਇਆ ਗਿਆ, ਜਿਸ ਦੇ ਆਧਾਰ ’ਤੇ 3 ਜੂਨ 2016 ਨੂੰ ਸੀਐੱਲਯੂ ਦੀ ਮਨਜ਼ੂਰੀ ਮਿਲੀ। ਇਸ ਤੋਂ ਬਾਅਦ ਪ੍ਰਾਜੈਕਟ ਦਾ ਲੇਆਉਟ ਪਲਾਨ ਪਾਸ ਹੋਇਆ ਅਤੇ ਗਮਾਡਾ ਨੇ 20 ਮਾਰਚ 2018 ਨੂੰ ਲਾਇਸੈਂਸ ਜਾਰੀ ਕੀਤਾ। ਪ੍ਰਾਜੈਕਟ ਦੀ ਪੰਜਾਬ ਰੇਰਾ ਵਿੱਚ ਵੀ ਰਜਿਸਟ੍ਰੇਸ਼ਨ ਕਰਵਾਈ ਗਈ।
ਸ਼ਿਕਾਇਤਕਰਤਾਵਾਂ ਦੀ ਜ਼ਮੀਨ ’ਤੇ ਸਹੂਲਤਾਂ ਦਿਖਾਉਣ ਦਾ ਦੋਸ਼
ਈਡੀ ਦੀ ਜਾਂਚ ਮੁਤਾਬਕ, ਮਨਜ਼ੂਰ ਕੀਤੇ ਲੇਆਉਟ ਪਲਾਨ ਵਿੱਚ ਸਕੂਲ, ਸੀਵਰੇਜ ਟ੍ਰੀਟਮੈਂਟ ਪਲਾਂਟ, ਬਿਜਲੀ ਸਬ-ਸਟੇਸ਼ਨ, ਆਰਥਿਕ ਤੌਰ ’ਤੇ ਕਮਜ਼ੋਰ ਵਰਗ (EWS) ਲਈ ਰਾਖਵੀਂ ਜਗ੍ਹਾ, ਪਾਰਕ ਅਤੇ ਵਪਾਰਕ ਥਾਵਾਂ ਸ਼ਿਕਾਇਤਕਰਤਾਵਾਂ ਦੀ ਜ਼ਮੀਨ ’ਤੇ ਦਰਸਾਈਆਂ ਗਈਆਂ ਸਨ, ਜਦਕਿ ਸੋਸਾਇਟੀ ਕੋਲ ਇਨ੍ਹਾਂ ਜ਼ਮੀਨਾਂ ਦਾ ਕਬਜ਼ਾ ਨਹੀਂ ਸੀ। 9 ਸਤੰਬਰ 2018 ਨੂੰ ਹੋਏ ਜੁਆਇੰਟ ਡਿਵੈਲਪਮੈਂਟ ਐਗਰੀਮੈਂਟ (JDA) ਰਾਹੀਂ ਪ੍ਰਾਜੈਕਟ ਦੇ ਵਿਕਾਸ ਅਤੇ ਵਿਕਰੀ ਦੇ ਅਧਿਕਾਰ ਵੀਆਰਐੱਸ ਟਾਊਨਸ਼ਿਪਸ ਪ੍ਰਾਈਵੇਟ ਲਿਮਟਿਡ ਨੂੰ ਦੇ ਦਿੱਤੇ ਗਏ ਸਨ, ਜਿਸ ਦਾ ਨਾਂ ਬਾਅਦ ਵਿੱਚ ਬਦਲ ਕੇ ਏਬੀਐੱਸ ਟਾਊਨਸ਼ਿਪਸ ਪ੍ਰਾਈਵੇਟ ਲਿਮਟਿਡ ਕਰ ਦਿੱਤਾ ਗਿਆ।
ਫਰਜ਼ੀ ਦਸਤਾਵੇਜ਼ਾਂ ਦੇ ਆਧਾਰ ’ਤੇ ਪਲਾਟ ਵੇਚ ਕੇ ਰਕਮ ਇਕੱਠੀ ਕਰਨ ਦਾ ਦੋਸ਼
ਈਡੀ ਅਨੁਸਾਰ, ਇਸ ਤੋਂ ਬਾਅਦ ਪ੍ਰਾਜੈਕਟ ਵਿੱਚ ਪਲਾਟ, ਸੁਤੰਤਰ ਮੰਜ਼ਿਲਾਂ ਅਤੇ ਵਪਾਰਕ ਇਕਾਈਆਂ ਵੇਚੀਆਂ ਗਈਆਂ। ਏਜੰਸੀ ਦਾ ਦੋਸ਼ ਹੈ ਕਿ ਕਥਿਤ ਜਾਅਲੀ ਸੀਐੱਲਯੂ ਦੇ ਆਧਾਰ ’ਤੇ ਵਿਕਰੀ ਕਰਕੇ ਰਕਮ ਇਕੱਠੀ ਕੀਤੀ ਗਈ, ਜਿਸ ਨੂੰ ਅਪਰਾਧ ਰਾਹੀਂ ਹਾਸਲ ਕੀਤੀ ਆਮਦਨ ਮੰਨਿਆ ਜਾ ਰਿਹਾ ਹੈ। ਜਾਂਚ ਏਜੰਸੀ ਨੇ ਇਹ ਵੀ ਦੋਸ਼ ਲਾਇਆ ਹੈ ਕਿ ਪ੍ਰਮੋਟਰ ਨੇ ਪ੍ਰਾਜੈਕਟ ਦੀ ਪੂਰੀ ਜ਼ਮੀਨ ਹਾਸਲ ਨਹੀਂ ਕੀਤੀ ਅਤੇ ਆਰਥਿਕ ਤੌਰ ’ਤੇ ਕਮਜ਼ੋਰ ਵਰਗ ਲਈ ਰਾਖਵੀਂ ਜ਼ਮੀਨ ਗਮਾਡਾ ਨੂੰ ਤਬਦੀਲ ਨਹੀਂ ਕੀਤੀ। ਇਸ ਤੋਂ ਇਲਾਵਾ ਕੰਪਲੀਸ਼ਨ ਜਾਂ ਆਕਿਊਪੈਂਸੀ ਸਰਟੀਫਿਕੇਟ ਜਾਰੀ ਹੋਣ ਤੋਂ ਪਹਿਲਾਂ ਹੀ ਪਲਾਟਾਂ ਦਾ ਕਬਜ਼ਾ ਦੇਣ ਦੇ ਦੋਸ਼ ਵੀ ਲਗਾਏ ਗਏ ਹਨ।