ਆਵਾਰਾ ਕੁੱਤਿਆਂ ਦੇ ਮਾਮਲੇ ’ਚ ਪੰਜਾਬ-ਹਰਿਆਣਾ ਹਾਈਕੋਰਟ ਸਖ਼ਤ, ਹਰ ਮਹੀਨੇ ਮੰਗੀ ਰਿਪੋਰਟ
- ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਨੂੰ ਨਸਬੰਦੀ ਤੇ ਟੀਕਾਕਰਨ ਦੇ ਅੰਕੜੇ ਵੈੱਬਸਾਈਟਾਂ ’ਤੇ ਅਪਲੋਡ ਕਰਨ ਦੇ ਨਿਰਦੇਸ਼
- ਡੌਗ ਅਡੌਪਸ਼ਨ ਸੈਂਟਰ ਬਣਾਉਣ ਲਈ ਵੀ ਕਿਹਾ
ਚੰਡੀਗੜ੍ਹ: ਆਵਾਰਾ ਕੁੱਤਿਆਂ ਦੀ ਨਸਬੰਦੀ ਅਤੇ ਟੀਕਾਕਰਨ ਦੇ ਮਾਮਲੇ ਵਿੱਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਸਖ਼ਤ ਰੁਖ਼ ਅਖਤਿਆਰ ਕੀਤਾ ਹੈ। ਅਦਾਲਤ ਨੇ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਪ੍ਰਸ਼ਾਸਨ ਨੂੰ ਹਰ ਜ਼ਿਲ੍ਹੇ ਵਿੱਚ ਆਵਾਰਾ ਕੁੱਤਿਆਂ ਦੀ ਨਸਬੰਦੀ ਅਤੇ ਟੀਕਾਕਰਨ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਹਨ। ਇਸ ਦੇ ਨਾਲ ਹੀ ਤਿੰਨਾਂ ਪ੍ਰਸ਼ਾਸਨਾਂ ਨੂੰ ਹਰ ਮਹੀਨੇ ਪ੍ਰਗਤੀ ਰਿਪੋਰਟ ਅਤੇ ਹਲਫ਼ਨਾਮਾ ਦਾਖ਼ਲ ਕਰਨਾ ਹੋਵੇਗਾ।
ਚੀਫ਼ ਜਸਟਿਸ ਅਸ਼ਵਨੀ ਕੁਮਾਰ ਮਿਸ਼ਰਾ ਅਤੇ ਜਸਟਿਸ ਰੋਹਿਤ ਕਪੂਰ ਦੀ ਡਿਵੀਜ਼ਨ ਬੈਂਚ ਨੇ ਕਿਹਾ ਕਿ ਹਰ ਮਹੀਨੇ ਇਹ ਜਾਣਕਾਰੀ ਦੇਣੀ ਹੋਵੇਗੀ ਕਿ ਕਿੰਨੇ ਨਸਬੰਦੀ ਅਤੇ ਟੀਕਾਕਰਨ ਕੈਂਪ ਲਗਾਏ ਗਏ, ਕਿੰਨੇ ਕੁੱਤਿਆਂ ਦੀ ਨਸਬੰਦੀ ਅਤੇ ਵੈਕਸੀਨੇਸ਼ਨ ਹੋਈ ਅਤੇ ਕਿੰਨੇ ਕੁੱਤਿਆਂ ਨੂੰ ਐਨੀਮਲ ਬਰਥ ਕੰਟਰੋਲ (ABC) ਸੈਂਟਰਾਂ ਵਿੱਚ ਰੱਖਿਆ ਗਿਆ। ਹਾਈਕੋਰਟ ਨੇ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਨੂੰ ਵੱਖ-ਵੱਖ ਵੈੱਬਸਾਈਟਾਂ ਬਣਾਉਣ ਦੇ ਵੀ ਨਿਰਦੇਸ਼ ਦਿੱਤੇ ਹਨ, ਜਿੱਥੇ ਹਰ ਮਹੀਨੇ ਇਨ੍ਹਾਂ ਨਾਲ ਸਬੰਧਤ ਅੰਕੜੇ ਅਪਲੋਡ ਕਰਨੇ ਲਾਜ਼ਮੀ ਹੋਣਗੇ।
NGO ਅਤੇ ਪਸ਼ੂ ਭਲਾਈ ਸੰਸਥਾਵਾਂ ਤੋਂ ਵੀ ਮੰਗਿਆ ਸਹਿਯੋਗ
ਅਦਾਲਤ ਨੇ NGO, ਐਨੀਮਲ ਵੈਲਫੇਅਰ ਐਸੋਸੀਏਸ਼ਨਾਂ ਅਤੇ ਵਲੰਟੀਅਰਾਂ ਨੂੰ ਆਵਾਰਾ ਕੁੱਤਿਆਂ ਲਈ ਵਿਸ਼ੇਸ਼ ਸੈਂਟਰ ਬਣਾਉਣ ਵਾਸਤੇ ਜ਼ਮੀਨ ਅਤੇ ਹੋਰ ਸਹੂਲਤਾਂ ਦੇਣ ਦੀ ਇਜਾਜ਼ਤ ਦਿੱਤੀ ਹੈ। ਇੱਛੁਕ ਸੰਸਥਾਵਾਂ ਸਬੰਧਤ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਜ਼ਮੀਨ ਜਾਂ ਹੋਰ ਸਹੂਲਤਾਂ ਦੀ ਪੇਸ਼ਕਸ਼ ਕਰ ਸਕਣਗੀਆਂ। ਇਸ ਬਾਰੇ ਅਦਾਲਤ ਵਿੱਚ ਹਲਫ਼ਨਾਮੇ ਰਾਹੀਂ ਜਾਣਕਾਰੀ ਦੇਣੀ ਹੋਵੇਗੀ। ਹਾਈਕੋਰਟ ਨੇ ਆਵਾਰਾ ਕੁੱਤਿਆਂ ਦੇ ਮੁੜ ਵਸੇਬੇ ਲਈ ਡੌਗ ਅਡੌਪਸ਼ਨ ਸੈਂਟਰ ਬਣਾਉਣ ਦੇ ਨਿਰਦੇਸ਼ ਵੀ ਦਿੱਤੇ ਹਨ। ਅਦਾਲਤ ਨੇ ਸਪੱਸ਼ਟ ਕੀਤਾ ਕਿ ਗੋਦ ਲਏ ਗਏ ਕੁੱਤਿਆਂ ਨੂੰ ਦੁਬਾਰਾ ਸੜਕਾਂ ’ਤੇ ਖੁੱਲ੍ਹਾ ਛੱਡਣ ਦੀ ਬਜਾਏ ਉਨ੍ਹਾਂ ਦੀ ਸਹੀ ਦੇਖਭਾਲ ਯਕੀਨੀ ਬਣਾਈ ਜਾਵੇ।
ਅੰਮ੍ਰਿਤਸਰ ਵਿੱਚ 8 ਸਾਲਾ ਬੱਚੇ ਦੀ ਮੌਤ ’ਤੇ ਅਦਾਲਤ ਨੇ ਜਤਾਈ ਚਿੰਤਾ
ਹਾਈਕੋਰਟ ਨੇ ਆਵਾਰਾ ਕੁੱਤਿਆਂ ਦੇ ਹਮਲਿਆਂ ਕਾਰਨ ਆਮ ਲੋਕਾਂ ਅਤੇ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਗੰਭੀਰ ਚਿੰਤਾ ਪ੍ਰਗਟਾਈ। ਅਦਾਲਤ ਨੇ ਅੰਮ੍ਰਿਤਸਰ ਵਿੱਚ ਆਵਾਰਾ ਕੁੱਤਿਆਂ ਦੇ ਹਮਲੇ ਕਾਰਨ 8 ਸਾਲਾ ਬੱਚੇ ਦੀ ਮੌਤ ਦੀ ਘਟਨਾ ਦਾ ਵੀ ਜ਼ਿਕਰ ਕੀਤਾ। ਬੈਂਚ ਨੇ ਕਿਹਾ ਕਿ ਲੋਕਾਂ ਨੂੰ ਸੜਕਾਂ ਅਤੇ ਜਨਤਕ ਥਾਵਾਂ ’ਤੇ ਕੁੱਤਿਆਂ ਦੇ ਹਮਲੇ ਦੇ ਡਰ ਤੋਂ ਬਿਨਾਂ ਆਉਣ-ਜਾਣ ਦਾ ਅਧਿਕਾਰ ਹੈ। ਅਦਾਲਤ ਨੇ ਇਹ ਵੀ ਮੰਨਿਆ ਕਿ ਸਰਕਾਰਾਂ ਵੱਲੋਂ ਪਹਿਲਾਂ ਚੁੱਕੇ ਗਏ ਕਦਮ ਇਸ ਸਮੱਸਿਆ ਦਾ ਪੂਰੀ ਤਰ੍ਹਾਂ ਹੱਲ ਕਰਨ ਵਿੱਚ ਸਫ਼ਲ ਨਹੀਂ ਹੋਏ।
ਹਾਈਕੋਰਟ ਨੇ ਆਵਾਰਾ ਕੁੱਤਿਆਂ ਦੇ ਪ੍ਰਬੰਧਨ ਲਈ ਐਨੀਮਲ ਬਰਥ ਕੰਟਰੋਲ ਰੂਲਜ਼-2023 ਦੀ ਸਖ਼ਤੀ ਨਾਲ ਪਾਲਣਾ ਕਰਨ ਦੇ ਨਿਰਦੇਸ਼ ਦਿੱਤੇ ਹਨ। ਅਦਾਲਤ ਨੇ ਕਿਹਾ ਕਿ ਕੁੱਤਿਆਂ ਦੀ ਸੁਰੱਖਿਆ ਦੇ ਨਾਲ-ਨਾਲ ਆਮ ਲੋਕਾਂ ਦੀ ਜਾਨ-ਮਾਲ ਦੀ ਰਾਖੀ ਕਰਨਾ ਵੀ ਜ਼ਰੂਰੀ ਹੈ। ਮਾਮਲੇ ਦੀ ਅਗਲੀ ਸੁਣਵਾਈ 11 ਜਨਵਰੀ 2027 ਨੂੰ ਹੋਵੇਗੀ।