ਤੂੜੀ ਦੇ ਕੁੱਪ ਹੇਠਾਂ ਆਉਣ ਨਾਲ 35 ਸਾਲਾ ਕਿਸਾਨ ਦੀ ਮੌਤ
- ਖੇਤ ਵਿੱਚ ਇਕੱਲਾ ਤੂੜੀ ਕੱਢ ਰਿਹਾ ਸੀ ਅਮਨਦੀਪ ਸਿੰਘ
- ਦਮ ਘੁੱਟਣ ਕਾਰਨ ਗਈ ਜਾਨ
ਭਵਾਨੀਗੜ੍ਹ: ਪਿੰਡ ਬਾਲਦ ਕਲਾਂ ਵਿੱਚ ਵਾਪਰੇ ਇੱਕ ਮੰਦਭਾਗੇ ਹਾਦਸੇ ਨੇ ਇੱਕ ਪਰਿਵਾਰ ਨੂੰ ਗਹਿਰੇ ਸਦਮੇ ਵਿੱਚ ਪਾ ਦਿੱਤਾ ਹੈ। ਆਪਣੇ ਖੇਤ ਵਿੱਚ ਕੁੱਪ ਵਿਚੋਂ ਤੂੜੀ ਕੱਢਣ ਦਾ ਕੰਮ ਕਰ ਰਹੇ 35 ਸਾਲਾ ਕਿਸਾਨ ਦੀ ਤੂੜੀ ਦੇ ਵੱਡੇ ਢੇਰ ਹੇਠਾਂ ਦੱਬਣ ਕਾਰਨ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਅਮਨਦੀਪ ਸਿੰਘ ਪੁੱਤਰ ਹਰੀ ਸਿੰਘ ਵਜੋਂ ਹੋਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਸ਼ੁੱਕਰਵਾਰ ਦੁਪਹਿਰ ਅਮਨਦੀਪ ਆਪਣੇ ਘਰ ਦੇ ਨੇੜੇ ਸਥਿਤ ਖੇਤ ਵਿੱਚ ਬਣੇ ਤੂੜੀ ਦੇ ਕੁੱਪ ਵਿੱਚੋਂ ਤੂੜੀ ਕੱਢ ਰਿਹਾ ਸੀ। ਇਸੇ ਦੌਰਾਨ ਅਚਾਨਕ ਤੂੜੀ ਦਾ ਭਾਰੀ ਹਿੱਸਾ ਉਸ ਉੱਪਰ ਡਿੱਗ ਪਿਆ, ਜਿਸ ਕਾਰਨ ਉਹ ਪੂਰੀ ਤਰ੍ਹਾਂ ਹੇਠਾਂ ਦੱਬ ਗਿਆ। ਘਟਨਾ ਸਮੇਂ ਖੇਤ ਵਿੱਚ ਉਸ ਦੇ ਇਕੱਲੇ ਹੋਣ ਕਾਰਨ ਤੁਰੰਤ ਮਦਦ ਨਹੀਂ ਮਿਲ ਸਕੀ। ਤੂੜੀ ਵਿੱਚ ਦੱਬੇ ਰਹਿਣ ਕਾਰਨ ਦਮ ਘੁੱਟਣ ਨਾਲ ਉਸ ਦੀ ਮੌਤ ਹੋ ਗਈ।
ਪਿੰਡ ਦੇ ਸਰਪੰਚ ਗੁਰਪ੍ਰੀਤ ਸਿੰਘ ਤੇਜੇ ਨੇ ਦੱਸਿਆ ਕਿ ਅਮਨਦੀਪ ਇੱਕ ਛੋਟਾ ਕਿਸਾਨ ਸੀ ਅਤੇ ਖੇਤੀਬਾੜੀ ਕਰਕੇ ਹੀ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕਰਦਾ ਸੀ। ਪਰਿਵਾਰ ਪਹਿਲਾਂ ਹੀ ਆਰਥਿਕ ਤੰਗੀ ਵਿੱਚੋਂ ਲੰਘ ਰਿਹਾ ਹੈ। ਇਸ ਤੋਂ ਇਲਾਵਾ ਮ੍ਰਿਤਕ ਦਾ ਬਜ਼ੁਰਗ ਪਿਤਾ ਵੀ ਬਿਮਾਰ ਰਹਿਣ ਕਾਰਨ ਮੰਜੇ ’ਤੇ ਹੈ।
ਇਸ ਹਾਦਸੇ ਨੇ ਪਰਿਵਾਰ ਨੂੰ ਵੱਡੇ ਸੰਕਟ ਵਿੱਚ ਪਾ ਦਿੱਤਾ ਹੈ। ਪਿੰਡ ਦੇ ਸਰਪੰਚ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਪਰਿਵਾਰ ਦੀ ਮਾੜੀ ਆਰਥਿਕ ਹਾਲਤ ਨੂੰ ਦੇਖਦਿਆਂ ਉਨ੍ਹਾਂ ਨੂੰ ਢੁੱਕਵੀਂ ਵਿੱਤੀ ਸਹਾਇਤਾ ਦਿੱਤੀ ਜਾਵੇ।