ਅਮਰੀਕਾ ‘ਚ ਪੰਜਾਬੀ ਟਰੱਕ ਡਰਾਈਵਰ ਦੀ ਦਰਦਨਾਕ ਮੌਤ, ਜਨਵਰੀ ‘ਚ ਹੋਣਾ ਸੀ ਵਿਆਹ
Punjabi Truck Driver Death USA; ਪੰਜਾਬ ਦੇ ਫਤਿਹਗੜ੍ਹ ਸਾਹਿਬ ਨਾਲ ਸਬੰਧਤ ਇੱਕ ਨੌਜਵਾਨ ਪੰਜਾਬੀ ਟਰੱਕ ਡਰਾਈਵਰ ਦੀ ਅਮਰੀਕਾ ਵਿੱਚ ਸੜਕ ਹਾਦਸੇ ਦੌਰਾਨ ਮੌਤ ਹੋ ਗਈ। ਮ੍ਰਿਤਕ ਦੀ ਪਛਾਣ 27 ਸਾਲਾ ਗੁਰਕੀਰਤ ਸਿੰਘ ਖਰੌੜ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਉਹ ਆਪਣੇ ਟਰੱਕ ਦੇ ਟਾਇਰ ਦੀ ਜਾਂਚ ਕਰ ਰਿਹਾ ਸੀ, ਇਸੇ ਦੌਰਾਨ ਦੂਜੇ ਟਰੱਕ ਨੇ ਉਸ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ।
18 ਨਵੰਬਰ ਨੂੰ ਵਾਪਰਿਆ ਸੀ ਹਾਦਸਾ
ਇਹ ਹਾਦਸਾ 18 ਨਵੰਬਰ ਨੂੰ ਅਮਰੀਕਾ ਦੇ ਮੋਂਟਾਨਾ ਸੂਬੇ ਵਿੱਚ ਮਾਈਲ ਸਿਟੀ ਨੇੜੇ ਫਾਲਨ ਇਲਾਕੇ ਵਿੱਚ ਇੰਟਰਸਟੇਟ-94 (I-94) ਹਾਈਵੇਅ ‘ਤੇ ਵਾਪਰਿਆ ਸੀ। ਪੁਲਿਸ ਵੱਲੋਂ 28 ਨਵੰਬਰ ਨੂੰ ਕੀਤੀ ਗਈ ਕਾਰਵਾਈ ਤੋਂ ਬਾਅਦ ਇਹ ਮਾਮਲਾ ਚਰਚਾ ਵਿੱਚ ਆਇਆ।
ਮਾਮਲੇ ਵਿੱਚ ਦੂਜੇ ਟਰੱਕ ਦੇ 30 ਸਾਲਾ ਡਰਾਈਵਰ ਦਾ ਨਾਂ ਸਾਹਮਣੇ ਆਇਆ ਹੈ, ਜੋ ਮੋਂਟਾਨਾ ਦੇ ਬਿਲਿੰਗਸ ਸ਼ਹਿਰ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਉਹ ਕਥਿਤ ਤੌਰ ‘ਤੇ ਪੀਟਰਬਿਲਟ ਟਰੱਕ ਚਲਾ ਰਿਹਾ ਸੀ।
ਹਾਦਸੇ ਤੋਂ ਬਾਅਦ ਦੂਜੇ ਟਰੱਕ ਦੇ ਡਰਾਈਵਰ ਨੇ ਦੱਸਿਆ ਕਿ ਤੇਜ਼ ਹਵਾਵਾਂ ਕਾਰਨ ਉਸ ਦਾ ਟਰੱਕ ਬੇਕਾਬੂ ਹੋ ਗਿਆ ਸੀ ਅਤੇ ਇਹ ਹਾਦਸਾ ਵਾਪਰ ਗਿਆ। ਹਾਲਾਂਕਿ, ਹਾਦਸੇ ਦੇ ਅਸਲ ਕਾਰਨਾਂ ਦੀ ਜਾਂਚ ਸਥਾਨਕ ਪ੍ਰਸ਼ਾਸਨ ਅਤੇ ਸਬੰਧਤ ਏਜੰਸੀਆਂ ਵੱਲੋਂ ਕੀਤੀ ਜਾ ਰਹੀ ਹੈ।
ਜਨਵਰੀ 2027 ਵਿੱਚ ਹੋਣਾ ਸੀ ਵਿਆਹ
ਗੁਰਕੀਰਤ ਸਿੰਘ ਆਪਣੇ ਪਰਿਵਾਰ ਦਾ ਇਕਲੌਤਾ ਪੁੱਤਰ ਸੀ। ਉਸ ਦੇ ਪਿਤਾ ਦਾ ਪਹਿਲਾਂ ਹੀ ਦੇਹਾਂਤ ਹੋ ਚੁੱਕਾ ਹੈ। ਪਰਿਵਾਰ ਵਿੱਚ ਹੁਣ ਉਸ ਦੀ ਮਾਂ ਅਤੇ ਦਾਦੀ ਹਨ। ਜਾਣਕਾਰਾਂ ਅਤੇ ਦੋਸਤਾਂ ਮੁਤਾਬਕ, ਗੁਰਕੀਰਤ ਦਾ ਵਿਆਹ ਜਨਵਰੀ 2027 ਵਿੱਚ ਤੈਅ ਹੋਇਆ ਸੀ ਅਤੇ ਉਹ ਇਸ ਨੂੰ ਲੈ ਕੇ ਕਾਫ਼ੀ ਖ਼ੁਸ਼ ਸੀ।
ਦੱਸਿਆ ਜਾ ਰਿਹਾ ਹੈ ਕਿ ਇਹ ਉਸ ਦਾ ਆਖ਼ਰੀ ਟਰੱਕ ਟ੍ਰਿਪ ਸੀ। ਇਸ ਤੋਂ ਬਾਅਦ ਉਸ ਨੇ ਐਡਮੰਟਨ ਵਿੱਚ ਵਿਆਹ ਤੋਂ ਪਹਿਲਾਂ ਦੀਆਂ ਤਿਆਰੀਆਂ ਅਤੇ ਪ੍ਰੀ-ਵੈਡਿੰਗ ਲਈ ਛੁੱਟੀਆਂ ਵੀ ਬੁੱਕ ਕਰਵਾਈਆਂ ਹੋਈਆਂ ਸਨ।
ਉਸ ਦੇ ਦੋਸਤਾਂ ਨੇ ਦੱਸਿਆ ਕਿ ਗੁਰਕੀਰਤ ਹੱਸਮੁੱਖ ਸੁਭਾਅ ਦਾ ਮਾਲਕ ਸੀ ਅਤੇ ਹਰ ਗਰੁੱਪ ਦੀ ਰੌਣਕ ਬਣਿਆ ਰਹਿੰਦਾ ਸੀ। ਉਸ ਦੀ ਅਚਾਨਕ ਮੌਤ ਦੀ ਖ਼ਬਰ ਨਾਲ ਪਰਿਵਾਰ ਅਤੇ ਜਾਣਕਾਰਾਂ ਵਿੱਚ ਸੋਗ ਦੀ ਲਹਿਰ ਹੈ।
ਫਰਜ਼ੀ ਫੰਡ ਇਕੱਠਾ ਕਰਨ ਵਾਲੀਆਂ ਅਪੀਲਾਂ ਤੋਂ ਸਾਵਧਾਨ ਰਹਿਣ ਦੀ ਅਪੀਲ
ਇਸ ਘਟਨਾ ਤੋਂ ਬਾਅਦ ਗੁਰਕੀਰਤ ਦੇ ਨਾਲ ਰਹਿਣ ਵਾਲੇ ਦੋਸਤਾਂ ਅਤੇ ਜਾਣਕਾਰਾਂ ਨੇ ਸੋਸ਼ਲ ਮੀਡੀਆ ਰਾਹੀਂ ਲੋਕਾਂ ਨੂੰ ਫਰਜ਼ੀ ਕ੍ਰਾਊਡਫੰਡਿੰਗ ਮੁਹਿੰਮਾਂ ਤੋਂ ਸਾਵਧਾਨ ਰਹਿਣ ਦੀ ਅਪੀਲ ਕੀਤੀ ਹੈ।
ਉਨ੍ਹਾਂ ਸਪੱਸ਼ਟ ਕੀਤਾ ਹੈ ਕਿ ਹੁਣ ਤੱਕ ਪਰਿਵਾਰ ਜਾਂ ਦੋਸਤਾਂ ਵੱਲੋਂ ਕੋਈ ਅਧਿਕਾਰਤ ‘ਗੋਫੰਡਮੀ’ ਜਾਂ ਹੋਰ ਚੰਦਾ ਇਕੱਠਾ ਕਰਨ ਦੀ ਮੁਹਿੰਮ ਸ਼ੁਰੂ ਨਹੀਂ ਕੀਤੀ ਗਈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਗੁਰਕੀਰਤ ਦੇ ਨਾਂ ‘ਤੇ ਸਾਂਝੇ ਕੀਤੇ ਜਾ ਰਹੇ ਕਿਸੇ ਵੀ ਲਿੰਕ ਜਾਂ ਚੰਦਾ ਮੰਗਣ ਵਾਲੀ ਅਪੀਲ ‘ਤੇ ਬਿਨਾਂ ਪੁਸ਼ਟੀ ਕੀਤੇ ਭਰੋਸਾ ਨਾ ਕਰਨ ਅਤੇ ਅਧਿਕਾਰਤ ਜਾਣਕਾਰੀ ਦੀ ਉਡੀਕ ਕਰਨ।