ਇੱਕ ਫੋਨ ‘ਤੇ ਡੀਪੀਆਰ ਵਿਭਾਗ ‘ਚੋਂ 20 ਮੁਲਾਜ਼ਮਾਂ ਦੀ ਛੁੱਟੀ, ਨਵੇਂ ਹੋਣਗੇ ਭਰਤੀ
Punjab News: ਆਮ ਆਦਮੀ ਪਾਰਟੀ ਦੇ ਆਗੂਆਂ ਅਤੇ ਫੀਲਡ ਦੇ ਵਿੱਚ ਪਾਰਟੀ ਦੇ ਪ੍ਰੋਗਰਾਮ ਦੇ ਨਾਲ-ਨਾਲ ਸਰਕਾਰੀ ਕੰਮਕਾਜ ਨੂੰ ਵੇਖਣ ਵਾਲੇ 20 ਦੇ ਕਰੀਬ ਮੁਲਜ਼ਮਾਂ ਦੀ ਇੱਕ ਫੋਨ ਕਾਲ ‘ਤੇ ਹੀ ਛੁੱਟੀ ਕਰ ਦਿੱਤੀ ਗਈ ਹੈ। ਇਨ੍ਹਾਂ 20 ਦੇ ਕਰੀਬ ਮੁਲਾਜ਼ਮਾਂ ਨੂੰ ਡੀਪੀਆਰ ਵਿਭਾਗ ਅਧੀਨ ਆਉਂਦੀ ਏਜੰਸੀ ਪਨਮੀਡੀਆ ਵਿੱਚ ਠੇਕੇਦਾਰ ਰਾਹੀਂ ਰੱਖਿਆ ਹੋਇਆ ਸੀ। ਡੀਪੀਆਰ ਵਿਭਾਗ ਵੱਲੋਂ ਉਕਤ ਠੇਕੇਦਾਰ ਨੂੰ ਰੱਖੇ ਹੋਏ ਮੁਲਾਜ਼ਮਾਂ ਦੀ ਅਦਾਇਗੀ ਕੀਤੀ ਜਾਂਦੀ ਸੀ ਅਤੇ ਇਹਨਾਂ ਸਾਰੇ ਮੁਲਾਜ਼ਮਾਂ ਦਾ ਕੰਮ ਪੰਜਾਬ ਸਰਕਾਰ ਦੇ ਕੈਬਿਨੇਟ ਮੰਤਰੀਆਂ ਅਤੇ ਪੰਜਾਬ ਸਰਕਾਰ ਦੇ ਕੰਮ ਕਾਜ ਨੂੰ ਵੇਖਣਾ ਹੀ ਸੀ ਪਰ ਇਨ੍ਹਾਂ ‘ਚੋਂ ਮੁਲਾਜ਼ਮਾਂ ਵੱਲੋਂ ਜ਼ਿਆਦਾਤਰ ਸਮਾਂ ਆਮ ਆਦਮੀ ਪਾਰਟੀ ਲਈ ਹੀ ਕੰਮ ਕੀਤਾ ਜਾ ਰਿਹਾ ਸੀ।
ਬੀਤੇ ਦਿਨੀਂ ਇਨ੍ਹਾਂ ਮੁਲਾਜ਼ਮਾਂ ਨੂੰ ਠੇਕੇਦਾਰ ਵੱਲੋਂ ਇੱਕੋ ਹੀ ਫੋਨ ਆਇਆ ਕਿ ਤੁਸੀਂ ਅਗਲੇ ਦਿਨ ਤੋਂ ਡਿਊਟੀ ’ਤੇ ਨਹੀਂ ਆਉਣਾ ਹੈ। ਠੇਕੇਦਾਰ ਨੂੰ ਇਹ ਆਦੇਸ਼ ਜਾਰੀ ਕਰਨ ਦਾ ਆਦੇਸ਼ ਪਨਮੀਡੀਆ ਏਜੰਸੀ ਦੇ ਉੱਚ ਅਧਿਕਾਰੀਆਂ ਵੱਲੋਂ ਜਾਰੀ ਕੀਤਾ ਗਿਆ ਸੀ।
ਸੱਚ ਕਹੂੰ ਅਖਬਾਰ ‘ਚ ਲੱਗੀ ਖ਼ਬਰ ਅਨੁਸਾਰ ਜਾਣਕਾਰੀ ਅਨੁਸਾਰ ਸੂਚਨਾ ਅਤੇ ਲੋਕ ਸੰਪਰਕ ਵਿਭਾਗ ਪੰਜਾਬ ਦੇ ਅਧੀਨ ਸਰਕਾਰ ਵੱਲੋਂ ਪਨਮੀਡੀਆ ਨਾਮਕ ਇੱਕ ਏਜੰਸੀ ਬਣਾਈ ਹੋਈ ਹੈ। ਇਸ ਏਜੰਸੀ ਦੇ ਅਧੀਨ ਡੀਪੀਆਰ ਵਿਭਾਗ ਵੱਲੋਂ ਠੇਕੇਦਾਰੀ ਸਿਸਟਮ ਰਾਹੀਂ ਮੁਲਾਜ਼ਮਾਂ ਦੀ ਭਰਤੀ ਕੀਤੀ ਜਾਂਦੀ ਹੈ। ਕਾਂਗਰਸ ਸਰਕਾਰ ਸਮੇਂ ਵੀ ਵੱਡੀ ਗਿਣਤੀ ਵਿੱਚ ਪਨਮੀਡੀਆ ਰਾਹੀਂ ਵੱਡੇ ਪੱਧਰ ‘ਤੇ ਮੁਲਾਜ਼ਮ ਰੱਖੇ ਹੋਏ ਸਨ, ਜਿਹੜੇ ਕਿ ਕਾਂਗਰਸ ਸਰਕਾਰ ਦੇ ਮੁੱਖ ਮੰਤਰੀ ਅਤੇ ਕੁਝ ਕੈਬਿਨੇਟ ਮੰਤਰੀਆਂ ਲਈ ਕੰਮ ਕਰਦੇ ਸਨ। ਆਮ ਆਦਮੀ ਪਾਰਟੀ ਸੱਤਾ ਵਿੱਚ ਆਉਣ ਤੋਂ ਬਾਅਦ ਪਨਮੀਡੀਆ ਵਿੱਚ ਪਹਿਲਾਂ ਵਾਂਗ ਹੀ ਵੱਡੇ ਪੱਧਰ ‘ਤੇ ਭਰਤੀ ਕੀਤੀ ਗਈ ਅਤੇ ਪੁਰਾਣੇ ਮੁਲਾਜ਼ਮਾਂ ਨੂੰ ਹਟਾ ਦਿੱਤਾ ਗਿਆ। ਇਸ ਵਾਰ ਭਰਤੀ ਕੀਤੇ ਗਏ ਮੁਲਾਜ਼ਮਾਂ ਤੋਂ ਕੰਮ ਲਏ ਜਾਣ ਵਿੱਚ ਇਹ ਫ਼ਰਕ ਰਿਹਾ ਕਿ ਉਨ੍ਹਾਂ ਤੋਂ ਕੈਬਿਨਟ ਮੰਤਰੀਆਂ ਅਤੇ ਮੁੱਖ ਮੰਤਰੀ ਦੇ ਨਾਲ-ਨਾਲ ਪਾਰਟੀ ਦਾ ਕੰਮਕਾਜ ਵੀ ਲਿਆ ਜਾਣ ਲੱਗਾ ਅਤੇ ਆਮ ਆਦਮੀ ਪਾਰਟੀ ਦੀ ਮੀਡੀਆ ਟੀਮ ਵਿੱਚ ਸ਼ਾਮਲ ਕੁਝ ਮੁਲਾਜ਼ਮ ਸਰਕਾਰੀ ਤਨਖਾਹਾਂ ਪਨਮੀਡੀਆ ਏਜੰਸੀ ਰਾਹੀਂ ਹੀ ਲੈਂਦੇ ਆ ਰਹੇ ਹਨ।
ਹੁਣ ਬੀਤੇ ਦਿਨ ਇਸ ਤਰ੍ਹਾਂ ਦਾ ਕੰਮ ਕਰਨ ਵਾਲੇ ਲਗਭਗ 20 ਦੇ ਕਰੀਬ ਮੁਲਾਜ਼ਮਾਂ ਨੂੰ ਫੋਨ ਕਰਦੇ ਹੋਏ ਉਹਨਾਂ ਦੀ ਛੁੱਟੀ ਕਰਨ ਦੀ ਜਾਣਕਾਰੀ ਦਿੱਤੀ ਗਈ ਹੈ। ਛੁੱਟੀ ਕੀਤੇ ਗਏ 20 ਦੇ ਕਰੀਬ ਮੁਲਾਜ਼ਮਾਂ ਨੂੰ ਕਿਸੇ ਵੀ ਤਰ੍ਹਾਂ ਦਾ ਕਾਰਨ ਨਹੀਂ ਦੱਸਿਆ ਗਿਆ ਅਤੇ ਉਨ੍ਹਾਂ ਨੂੰ ਸਿਰਫ ਆਦੇਸ਼ ਹੀ ਦਿੱਤਾ ਗਿਆ ਹੈ ਕਿ ਤੁਸੀਂ ਅਗਲੇ ਦਿਨ ਤੋਂ ਡਿਊਟੀ ’ਤੇ ਨਹੀਂ ਆਉਣਾ। ਹੁਣ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਦੀ ਥਾਂ ‘ਤੇ ਨਵੇਂ ਭਰਤੀ ਕੀਤੇ ਜਾਣਗੇ ਅਤੇ ਉਨ੍ਹਾਂ ਦੀ ਸੂਚੀ ਵੀ ਤਿਆਰ ਕਰ ਲਈ ਗਈ ਹੈ।