ਪੰਜਾਬ ਨਾਲ ਪੋਟਾਸ਼ ਸਰੋਤ ਕੱਢਣ ਲਈ ਵੀ ਕੀਤਾ ਜਾ ਰਿਹਾ ਹੈ ਵਿਤਕਰਾ: ਬਰਿੰਦਰ ਕੁਮਾਰ ਗੋਇਲ
ਬਰਿੰਦਰ ਕੁਮਾਰ ਗੋਇਲ ਨੇ ਕਿਹਾ ਕਿ ਪੰਜਾਬ ਨੂੰ ਆਪਣੇ ਕੀਮਤੀ ਪੋਟਾਸ਼ ਭੰਡਾਰਾਂ ਦੇ ਵਿਕਾਸ ਲਈ ਵੀ ਕੇਂਦਰ ਸਰਕਾਰ ਦੇ ਗ਼ੈਰ-ਵਾਜਿਬ ਵਿਤਕਰੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਪੋਟਾਸ਼ ਅਜਿਹਾ ਖਣਿਜ ਸਰੋਤ ਹੈ, ਜੋ ਰਾਜ ਅਤੇ ਦੇਸ਼ ਦੋਵਾਂ ਲਈ ਆਰਥਿਕ ਤੌਰ ‘ਤੇ ਅਤੇ ਖੇਤੀ ਲਈ ਬਹੁਤ ਲਾਹੇਵੰਦਾ ਹੋ ਸਕਦਾ ਹੈ। ਉਨ੍ਹਾਂ ਦੱਸਿਆ ਕਿ ਰਾਜਸਥਾਨ ਦੀ ਸਰਹੱਦ ਨਾਲ ਲੱਗਦੇ ਸ੍ਰੀ ਮੁਕਤਸਰ ਸਾਹਿਬ ਅਤੇ ਅਬੋਹਰ ਖੇਤਰਾਂ ਦੇ ਨੇੜੇ ਪੋਟਾਸ਼ ਦੇ ਭੰਡਾਰ ਮਿਲੇ ਹਨ ਪਰ ਕੇਂਦਰ ਸਰਕਾਰ ਨੇ ਹੋਰ ਖੋਜ ਕਾਰਜਾਂ ਅਤੇ ਵਿਕਾਸ ਲਈ ਜ਼ਰੂਰੀ ਮਨਜ਼ੂਰੀਆਂ ਨੂੰ ਲਗਾਤਾਰ ਰੋਕਿਆ ਹੋਇਆ ਹੈ।
ਕੈਬਨਿਟ ਮੰਤਰੀ ਨੇ ਕਿਹਾ, ‘‘ਪੋਟਾਸ਼ ਇੱਕ ਮਹੱਤਵਪੂਰਨ ਖਣਿਜ ਹੈ, ਜੋ ਦੇਸ਼ ਵਿੱਚ ਕਿਤੇ ਹੋਰ ਨਹੀਂ ਮਿਲਦਾ। ਇਸ ਵੇਲੇ ਭਾਰਤ ਆਪਣੀਆਂ ਪੋਟਾਸ਼ ਲੋੜਾਂ ਦਾ 100 ਫ਼ੀਸਦੀ ਦਰਾਮਦ ਕਰਦਾ ਹੈ, ਜਿਸ ਨਾਲ ਸਾਡਾ ਵਿਦੇਸ਼ੀ ਮੁਦਰਾ ਭੰਡਾਰ ਕਾਫ਼ੀ ਹੱਦ ਤੱਕ ਘਟ ਜਾਂਦਾ ਹੈ।’’
ਉਨ੍ਹਾਂ ਕਿਹਾ ਕਿ ਕੇਂਦਰ ਵੱਲੋਂ ਖੋਜ ਕਾਰਜਾਂ ਦੀ ਵੰਡ ਵਿੱਚ ਵੀ ਵਿਤਕਰਾ ਸਪੱਸ਼ਟ ਦਿਖਦਾ ਹੈ। ਰਾਜਸਥਾਨ ਦੇ ਖੇਤਰ ਵਿੱਚ ਪੋਟਾਸ਼ ਭੰਡਾਰਾਂ ਦੀ ਸਥਿਤੀ, ਗੁਣਵੱਤਾ ਅਤੇ ਮਾਤਰਾ ਨਿਰਧਾਰਤ ਕਰਨ ਲਈ 158 ਥਾਵਾਂ ‘ਤੇ ਡਰਿਲਿੰਗ ਕੀਤੀ ਗਈ ਪਰ ਪੰਜਾਬ ਵਿੱਚ ਸਿਰਫ਼ ਨੌ ਥਾਵਾਂ ‘ਤੇ ਹੀ ਡਰਿਲਿੰਗ ਸਾਈਟਾਂ ਦੀ ਇਜਾਜ਼ਤ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਇਸ ਵਿਤਕਰੇ ਦਾ ਮੁੱਦਾ ਓਡੀਸ਼ਾ ਵਿਖੇ ਹਾਲ ਹੀ ਵਿੱਚ ਹੋਏ ਆਲ-ਇੰਡੀਆ ਮਾਈਨਿੰਗ ਅਤੇ ਭੂ-ਵਿਗਿਆਨ ਮੰਤਰੀਆਂ ਦੇ ਸੰਮੇਲਨ ਦੌਰਾਨ ਉਠਾਇਆ ਸੀ।
ਮੰਤਰੀ ਨੇ ਦੱਸਿਆ ਕਿ ਆਪਣੇ ਖੇਤਰੀ ਦੌਰੇ ਦੌਰਾਨ ਉਨ੍ਹਾਂ ਨੇ ਲੋਕਾਂ ਦੇੇ ਭੁਲੇਖਿਆਂ ਨੂੰ ਦੂਰ ਕੀਤਾ, ਜਿਨ੍ਹਾਂ ਨੂੰ ਡਰ ਸੀ ਕਿ ਉਨ੍ਹਾਂ ਦੀਆਂ ਜ਼ਮੀਨਾਂ ਨੂੰ ਪੱਕੇ ਤੌਰ ‘ਤੇ ਲੈ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਪੋਟਾਸ਼ ਕੱਢਣ ਲਈ ਜ਼ਮੀਨ ਦੇ 450 ਮੀਟਰ ਹੇਠਾਂ ਤੱਕ ਸਿਰਫ਼ ਡਰਿਲਿੰਗ ਹੁੰਦੀ ਹੈ ਜਿਸ ਨਾਲ ਖੇਤੀਬਾੜੀ ਗਤੀਵਿਧੀਆਂ ਵਿੱਚ ਕੋਈ ਵਿਘਨ ਨਹੀਂ ਪੈਂਦਾ। ਉਨ੍ਹਾਂ ਕਿਹਾ ਕਿ ਟੈਸਟ ਡਰਿਲਿੰਗ ਲਈ ਜ਼ਮੀਨ ਦੇ ਸਿਰਫ਼ ਇੱਕ ਮਾਮੂਲੀ ਜਿਹੇ ਹਿੱਸੇ ਦੀ ਲੋੜ ਪੈਂਦੀ ਹੈ। ਉਨ੍ਹਾਂ ਦੱਸਿਆ ਕਿ ਇੱਕ ਮੁਲਾਂਕਣ ਅਨੁਸਾਰ ਇੱਕ ਥਾਂ ਡਰਿਲਿੰਗ ਕਰਨ ਨਾਲ ਧਰਤੀ ਹੇਠੋਂ 25 ਏਕੜ ਦੇ ਰਕਬੇ ਵਿੱਚੋਂ ਪੋਟਾਸ਼ ਕੱਢੀ ਜਾ ਸਕਦੀ ਹੈ।
ਉਨ੍ਹਾਂ ਕਿਹਾ ਕਿ ਘਰੇਲੂ ਪੋਟਾਸ਼ ਸਰੋਤਾਂ ਦਾ ਵਿਕਾਸ ਰਾਸ਼ਟਰੀ ਸਵੈ-ਨਿਰਭਰਤਾ ਨੂੰ ਹੋਰ ਵਧਾਏਗਾ, ਅੰਤਰਰਾਸ਼ਟਰੀ ਬਾਜ਼ਾਰ ਉਤੇ ਭਾਰਤ ਦੀ ਨਿਰਭਰਤਾ ਨੂੰ ਕਾਫ਼ੀ ਹੱਦ ਤੱਕ ਘਟਾਏਗਾ ਅਤੇ ਕੀਮਤੀ ਵਿਦੇਸ਼ੀ ਮੁਦਰਾ ਦੀ ਬੱਚਤ ਕਰੇਗਾ। ਉਨ੍ਹਾਂ ਕਿਹਾ ਕਿ ਇਹ ਸਿਰਫ਼ ਪੰਜਾਬ ਦੀ ਹੀ ਚਿੰਤਾ ਨਹੀਂ, ਸਗੋਂ ਇਹ ਰਾਸ਼ਟਰੀ ਹਿੱਤ ਲਈ ਵੀ ਰਣਨੀਤਕ ਤੌਰ ‘ਤੇ ਲੋੜੀਂਦਾ ਹੈ। ਪੋਟਾਸ਼ ਉਤਪਾਦਨ ਵਿੱਚ ਸਵੈ-ਨਿਰਭਰਤਾ ਪ੍ਰਾਪਤ ਕਰਨਾ ਭਾਰਤ ਦੇ ਸਰੋਤ ਸੁਰੱਖਿਆ ਢਾਂਚੇ ਵਿੱਚ ਇੱਕ ਯਾਦਗਾਰੀ ਮੀਲ ਪੱਥਰ ਹੋਵੇਗਾ।