ਅੰਮ੍ਰਿਤਸਰ ‘ਚ ਜ਼ਹਿਰੀਲੀ ਸ਼ਰਾਬ ਦਾ ਕਹਿਰ, 15 ਦੀ ਮੌਤ, ਮੁੱਖ ਮੁਲਜ਼ਮ ਗ੍ਰਿਫ਼ਤਾਰ
Amritsar News: ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਦੇ ਮਜੀਠਾ ਪਿੰਡ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਕਰਕੇ 15 ਲੋਕਾਂ ਦੀ ਮੌਤ ਹੋ ਗਈ ਹੈ। ਚਾਰ ਲੋਕਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।
Spurious Liquor: ਅੰਮ੍ਰਿਤਸਰ ਜ਼ਿਲ੍ਹੇ ਦੇ ਮਜੀਠਾ ਇਲਾਕੇ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਨਾਲ 3 ਪਿੰਡਾਂ ਭੁੱਲਰ, ਟਾਂਗਰਾ ਅਤੇ ਸੰਧਾ ਵਿੱਚ 15 ਲੋਕਾਂ ਦੀ ਮੌਤ ਹੋ ਗਈ ਹੈ। ਜਦੋਂ ਕਿ 15 ਹੋਰਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਇਹ ਸਾਰੇ ਲੋਕ ਅੰਮ੍ਰਿਤਸਰ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਹਨ।
ਇਨ੍ਹਾਂ ਵਿੱਚੋਂ ਕੁਝ ਦੀ ਹਾਲਤ ਇੰਨੀ ਗੰਭੀਰ ਹੈ ਕਿ ਉਹ ਬੋਲਣ ਦੀ ਸਥਿਤੀ ਵਿੱਚ ਵੀ ਨਹੀਂ ਹਨ। ਪ੍ਰਸ਼ਾਸਨ ਨੂੰ ਡਰ ਹੈ ਕਿ ਮੌਤਾਂ ਦੀ ਗਿਣਤੀ ਹੋਰ ਵਧ ਸਕਦੀ ਹੈ। ਘਟਨਾ ਤੋਂ ਬਾਅਦ ਪੁਲਿਸ ਅਤੇ ਪ੍ਰਸ਼ਾਸਨ ਹਰਕਤ ‘ਚ ਆਏ। ਪੁਲਿਸ ਨੇ ਜ਼ਹਿਰੀਲੀ ਸ਼ਰਾਬ ਵੇਚਣ ਦੇ ਦੋਸ਼ ਵਿੱਚ 5 ਲੋਕਾਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ ਅਤੇ ਪੁੱਛਗਿੱਛ ਜਾਰੀ ਹੈ। ਇਸ ਦੇ ਨਾਲ ਹੀ ਪੁਲਿਸ ਨੇ ਮੁੱਖ ਦੋਸ਼ੀ ਪ੍ਰਭਜੀਤ ਸਿੰਘ ਗ੍ਰਿਫ਼ਤਾਰ ਕੀਤਾ ਹੈ। ਇਸ ਦੀ ਜਾਣਕਾਰੀ ਐਸਐਸਪੀ ਅੰਮ੍ਰਿਤਸਰ ਦਿਹਾਤੀ ਨੇ ਦਿੱਤੀ।
ਦੋਸ਼ੀਆਂ ਖਿਲਾਫ਼ ਐਫਆਈਆਰ ਨੰਬਰ 42 ਮਿਤੀ 13/5/25, ਧਾਰਾ 105 ਬੀਐਨਐਸ ਅਤੇ 61ਏ ਆਬਕਾਰੀ ਐਕਟ ਤਹਿਤ ਕੇਸ ਦਰਜ ਕੀਤੇ ਗਏ ਹਨ। ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਦੀ ਜਾਣਕਾਰੀ:
- ਕੁਲਬੀਰ ਸਿੰਘ ਉਰਫ ਜੱਗੂ (ਮੁੱਖ ਦੋਸ਼ੀ ਪ੍ਰਭਜੀਤ ਦਾ ਭਰਾ)
- ਸਾਹਿਬ ਸਿੰਘ ਉਰਫ ਸਰਾਏ, ਨਿਵਾਸੀ ਮਾਰਡੀ ਕਲਾਂ
- ਗੁਰਜੰਟ ਸਿੰਘ, ਨਿਵਾਸੀ
- ਨਿੰਦਰ ਕੌਰ ਪਤਨੀ ਜੀਤਾ, ਨਿਵਾਸੀ ਥਰੇਨਵਾਲ
ਮਜੀਠਾ ਇਲਾਕੇ ਦੇ ਵਿਧਾਇਕ ਅਤੇ ਹੋਰ ਅਧਿਕਾਰੀ ਮੌਕੇ ‘ਤੇ ਪਹੁੰਚੇ ਅਤੇ ਪੀੜਤ ਪਰਿਵਾਰਾਂ ਨਾਲ ਮੁਲਾਕਾਤ ਕੀਤੀ। ਪ੍ਰਸ਼ਾਸਨ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਕਿ ਜ਼ਹਿਰੀਲੀ ਸ਼ਰਾਬ ਕਿੱਥੋਂ ਅਤੇ ਕਿਵੇਂ ਆਈ?