ISRO Yuvika Scientist Training Program 2025: ਪੰਜਾਬ ਦੇ ਹੁਸ਼ਿਆਰਪੁਰ ਦੀ ਵਿਦਿਆਰਥਣ ਅਨਮੋਲਪ੍ਰੀਤ ਨੇ ਸੂਬੇ ਦੇ ਨਾਲ ਨਾਲ ਜ਼ਿਲ੍ਹੇ ਦਾ ਵੀ ਮਾਣ ਵਧਾਇਆ ਹੈ। ਹੁਸ਼ਿਆਰਪੁਰ ਦੇ ਨਜ਼ਦੀਕੀ ਪਿੰਡ ਗੋਬਿੰਦਪੁਰ ਖੁਣਖੁਣ ਦੇ ਸਰਕਾਰੀ ਹਾਈ ਸਕੂਲ ‘ਚ ਸਿੱਖਿਆ ਹਾਸਲ ਕਰ ਰਹੀ ਵਿਦਿਆਰਥਣ ਦੀ ਇਸਰੋ ਯੁਵਿਕਾ ਸਾਇੰਟਿਸਟ ਟ੍ਰੇਨਿੰਗ ਪ੍ਰੋਗਰਾਮ 2025 ਲਈ ਨਿਯੁਕਤੀ ਹੋਈ ਹੈ। ਜਿਸ ਨਾਲ ਸਕੂਲ ‘ਚ ਖੁਸ਼ੀ ਦਾ ਮਾਹੌਲ ਬਣਿਆ ਹੋਇਆ ਹੈ।
ਵਿਦਿਆਰਥਣ ਦੇ ਪਰਿਵਾਰ ‘ਚ ਵੀ ਇਸ ਸਮੇਂ ਖੁਸ਼ੀ ਦਾ ਮਾਹੌਲ ਬਣਿਆ ਹੋਇਆ ਹੈ।ਵਿਦਿਆਰਥਣ ਅਨਮੋਲਪ੍ਰੀਤ ਕੌਰ ਦੀ ਇਸ ਨਿਯੁਕਤੀ ‘ਤੇ ਸਕੂਲ ਮੁਖੀ ਸਮਰਿਤੂ ਰਾਣਾ, ਸਾਇੰਸ ਅਧਿਆਪਕ ਪਵਨਦੀਪ ਸਮੇਤ ਹੋਰ ਸਕੂਲ ਸਟਾਫ ਨੇ ਵਿਦਿਆਰਥਣ ਦਾ ਮੂੰਹ ਮਿੱਠਾ ਕਰਵਾਇਆ ਤੇ ਉਸਦੀ ਹੌਸਲਾ ਅਫਜਾਈ ਕੀਤੀ।
ਮੀਡੀਆ ਨਾਲ ਗੱਲਬਾਤ ਕਰਦਿਆਂ ਵਿਦਿਆਰਥਣ ਅਨਮੋਲਪ੍ਰੀਤ ਕੌਰ ਨੇ ਆਪਣੀ ਇਸ ਉਪਲਬਧੀ ‘ਤੇ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਸਕੂਲ ਦੇ ਮਿਹਨਤੀ ਸਟਾਫ ਅਤੇ ਸਾਇੰਸ ਅਧਿਆਪਕਾ ਪਵਨਦੀਪ ਵਲੋਂ ਕਰਵਾਈ ਸਖ਼ਤ ਅਤੇ ਕੜੀ ਮਿਹਨਤ ਸਦਕਾ ਹੀ ਇਹ ਸਭ ਕੁਝ ਸੰਭਵ ਹੋ ਸਕਿਆ ਹੈ। ਜਿਨ੍ਹਾਂ ਵਲੋਂ ਸਮੇਂ-ਸਮੇਂ ‘ਤੇ ਉਸਦਾ ਮਾਰਗ ਦਰਸ਼ਨ ਕਰਕੇ ਇਹ ਉਪਲਬਧੀ ਹਾਸਲ ਕਰਵਾਈ। ਵਿਦਿਆਰਥਣ ਅਨਮੋਲ ਦਾ ਕਹਿਣਾ ਹੈ ਕਿ ਉਹ ਭਵਿੱਖ ‘ਚ ਸਾਇੰਟਿਸਟ ਬਣ ਕੇ ਦੇਸ਼ ਦੀ ਸੇਵਾ ਕਰਨਾ ਚਾਹੁੰਦੀ ਹੈ।
ਪਹਿਲਾਂ ਵੀ ਸਕੂਲ ਦੇ 2 ਵਿਦਿਆਰਥੀਆਂ ਦੀ ਇਸ ਟ੍ਰੇਨਿੰਗ ਪ੍ਰੋਗਰਾਮ ਤਹਿਤ ਹੋ ਚੁੱਕੀ ਨਿਯੁਕਤੀ
ਇਸ ਮੌਕੇ ਸਾਇੰਸ ਅਧਿਆਪਕਾ ਪਵਨਦੀਪ ਦਾ ਕਹਿਣਾ ਹੈ ਕਿ ਅਨਮੋਲਪ੍ਰੀਤ ਕੌਰ ਸਿੱਖਿਆ ਦੇ ਨਾਲ-ਨਾਲ ਹੋਰਨਾਂ ਗਤੀਵਿਧੀਆਂ ‘ਚ ਵੀ ਵੱਧ ਚੜ੍ਹ ਕੇ ਹਿੱਸਾ ਲੈਂਦੀ ਹੈ ਤੇ ਹਰ ਖੇਤਰ ‘ਚ ਪੂਰੀ ਤਰ੍ਹਾਂ ਦੇ ਨਿਪੁੰਣ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਉਨ੍ਹਾਂ ਦੇ ਸਕੂਲ ਦੇ 2 ਵਿਦਿਆਰਥੀਆਂ ਦੀ ਇਸ ਟ੍ਰੇਨਿੰਗ ਪ੍ਰੋਗਰਾਮ ਤਹਿਤ ਨਿਯੁਕਤੀ ਹੋ ਚੁੱਕੀ ਹੈ ਤੇ ਪਿਛਲੇ 3 ਸਾਲਾਂ ਤੋਂ ਹੁਸ਼ਿਆਰਪੁਰ ਜ਼ਿਲ੍ਹੇ ਚੋਂ ਉਨ੍ਹਾਂ ਦੇ ਸਕੂਲੀ ਵਿਦਿਆਰਥੀ ਹੀ ਇਸ ਪ੍ਰੋਗਰਾਮ ਲਈ ਨਿਯੁਕਤ ਹੋ ਰਹੇ ਹਨ ਜੋ ਕਿ ਉਨ੍ਹਾਂ ਲਈ ਬਹੁਤ ਮਾਣ ਮਹਿਸੂਸ ਕਰਨ ਵਾਲੀ ਗੱਲ ਹੈ।
ਇਸ ਮੌਕੇ ਸਕੂਲ ਮੁਖੀ ਸਮਰਿਤੂ ਰਾਣਾ ਨੇ ਕਿਹਾ ਕਿ ਉਨ੍ਹਾਂ ਦੇ ਸਕੂਲ ਸਟਾਫ ਵਲੋਂ ਸਾਰੇ ਵਿਦਿਆਰਥੀਆਂ ਨੂੰ ਸਖਤ ਮਿਹਨਤ ਕਰਵਾਈ ਜਾਂਦੀ ਹੈ ਤਾਂ ਜੋ ਕਿ ਵਿਦਿਆਰਥੀ ਸਿੱਖਿਆ ਚ ਅੱਵਲ ਰਹਿਣ ਤੇ ਉਨ੍ਹਾਂ ਦਾ ਭਵਿੱਖ ਸੁਖਾਲਾ ਅਤੇ ਵਧੀਆ ਬਣ ਸਕੇ।