Donald Trump Oath Ceremony: ਅੱਜ ਤੋਂ ਹੋ ਰਹੀ ਟਰੰਪ ਦੀ ਵਾਪਸੀ, 200 ਆਰਡਰਾਂ ‘ਤੇ ਕਰਨਗੇ ਦਸਤਖ਼ਤ, ਜਾਣੋ ਕਦੋਂ ਚੁੱਕਣਗੇ ਸਹੁੰ
Donald Trump: ਡੋਨਾਲਡ ਟਰੰਪ ਵਾਸ਼ਿੰਗਟਨ ਪਹੁੰਚ ਗਏ ਹਨ, ਉਹ ਫਲੋਰੀਡਾ ਤੋਂ ਵਿਸ਼ੇਸ਼ ਜਹਾਜ਼ ਰਾਹੀਂ ਆਪਣੇ ਪਰਿਵਾਰ ਸਮੇਤ ਵਾਸ਼ਿੰਗਟਨ ਪਹੁੰਚੇ। ਡੋਨਾਲਡ ਟਰੰਪ ਅਮਰੀਕਾ ਦੇ 47ਵੇਂ ਰਾਸ਼ਟਰਪਤੀ ਵਜੋਂ ਸਹੁੰ ਚੁੱਕਣ ਜਾ ਰਹੇ ਹਨ।
47th President of US, Donald Trump: ਡੋਨਾਲਡ ਟਰੰਪ ਅੱਜ ਅਮਰੀਕਾ ਦੇ 47ਵੇਂ ਰਾਸ਼ਟਰਪਤੀ ਵਜੋਂ ਸਹੁੰ ਚੁੱਕਣ ਜਾ ਰਹੇ ਹਨ। ਪੂਰੀ ਦੁਨੀਆ ਦੀਆਂ ਨਜ਼ਰਾਂ ਟਰੰਪ ਦੀ ਤਾਜਪੋਸ਼ੀ ‘ਤੇ ਟਿਕੀਆਂ ਹੋਈਆਂ ਹਨ। ਇਹ ਪਹਿਲੀ ਵਾਰ ਹੋਣ ਜਾ ਰਿਹਾ ਹੈ ਜਦੋਂ ਸਹੁੰ ਚੁੱਕ ਸਮਾਗਮ ਇਨਡੋਰ ਯਾਨੀ ਸੰਸਦ ਦੇ ਅੰਦਰ ਹੋ ਰਿਹਾ ਹੈ। ਇਸ ਦਾ ਕਾਰਨ ਕਿਸੇ ਦੁਸ਼ਮਣ ਦੇ ਹਮਲੇ ਦਾ ਡਰ ਨਹੀਂ, ਸਗੋਂ ਇੱਥੇ ਅੱਤ ਦੀ ਠੰਢ ਅਤੇ ਬਰਫਬਾਰੀ ਹੈ। ਇਸ ਦੇ ਬਾਵਜੂਦ ਉਨ੍ਹਾਂ ਦੇ ਸਮਰਥਕ ਵਾਸ਼ਿੰਗਟਨ ਡੀ.ਸੀ. ਉਨ੍ਹਾਂ ਦੇ ਸਹੁੰ ਚੁੱਕ ਸਮਾਗਮ ‘ਚ ਅਮਰੀਕਾ ਤੋਂ ਹੀ ਨਹੀਂ ਸਗੋਂ ਦੁਨੀਆ ਭਰ ਦੇ ਲੋਕ ਸ਼ਾਮਲ ਹੋਣ ਜਾ ਰਹੇ ਹਨ। ਟਰੰਪ ਦੇ ਸਮਰਥਕਾਂ ‘ਚ ਭਾਰੀ ਉਤਸ਼ਾਹ ਹੈ।
ਟਰੰਪ ਦੀ ਵਾਪਸੀ
ਅਮਰੀਕੀ ਰਾਜਨੀਤੀ ‘ਚ ਵ੍ਹਾਈਟ ਹਾਊਸ ਛੱਡਣ ਦੇ 4 ਸਾਲ ਬਾਅਦ ਵਾਪਿਸ ਪਰਤਣਾ ਲਗਭਗ ਅਸੰਭਵ ਮੰਨਿਆ ਜਾਂਦਾ ਹੈ ਪਰ ਡੋਨਾਲਡ ਟਰੰਪ ਇਸ ਅਸੰਭਵ ਨੂੰ ਸੰਭਵ ਬਣਾ ਕੇ ਇਤਿਹਾਸ ਰਚਣ ਜਾ ਰਹੇ ਹਨ। ਟਰੰਪ ਮੁੜ ਅਮਰੀਕੀ ਰਾਸ਼ਟਰਪਤੀ ਵਜੋਂ ਸਹੁੰ ਚੁੱਕ ਕੇ ਸਾਬਕਾ ਰਾਸ਼ਟਰਪਤੀ ਦੇ ਰਿਕਾਰਡ ਦੀ ਬਰਾਬਰੀ ਕਰਨਗੇ।
ਦੱਸ ਦਈਏ ਕਿ ਗਰੋਵਰ ਕਲੀਵਲੈਂਡ ਪਹਿਲੇ ਅਮਰੀਕੀ ਰਾਸ਼ਟਰਪਤੀ ਸੀ, ਜਿਨ੍ਹਾਂ ਨੇ 4 ਸਾਲ ਵ੍ਹਾਈਟ ਹਾਊਸ ਤੋਂ ਬਾਹਰ ਰਹਿਣ ਤੋਂ ਬਾਅਦ ਆਪਣੀ ਜ਼ਬਰਦਸਤ ਵਾਪਸੀ ਕਰਕੇ 131 ਸਾਲ ਪਹਿਲਾਂ ਰਿਕਾਰਡ ਬਣਾਇਆ ਸੀ। ਗਰੋਵਰ ਕਲੀਵਲੈਂਡ 1885 ਤੋਂ 1889 ਅਤੇ 1893-1897 ਤੱਕ ਦੋ ਵਾਰ ਅਮਰੀਕਾ ਦਾ ਰਾਸ਼ਟਰਪਤੀ ਰਹੇ। ਉਨ੍ਹਾਂ ਤੋਂ ਬਾਅਦ ਡੋਨਾਲਡ ਟਰੰਪ ਦੂਜੇ ਨੇਤਾ ਹਨ ਜੋ 4 ਸਾਲ ਦੇ ਵਕਫੇ ਤੋਂ ਬਾਅਦ ਸੱਤਾ ‘ਚ ਵਾਪਸ ਆਏ ਹਨ।
ਕਦੋਂ ਹੋਵੇਗਾ ਸਹੁੰ ਚੁੱਕ ਸਮਾਗਮ ?
ਅਮਰੀਕੀ ਚੀਫ਼ ਜਸਟਿਸ ਜੌਨ ਰੌਬਰਟਸ ਟਰੰਪ ਨੂੰ ਸਹੁੰ ਚੁਕਾਉਣਗੇ। ਸਹੁੰ ਚੁੱਕ ਸਮਾਗਮ ਸੋਮਵਾਰ ਰਾਤ ਭਾਰਤੀ ਸਮੇਂ ਅਨੁਸਾਰ ਰਾਤ 10.30 ਵਜੇ ਹੋਵੇਗਾ। ਅਮਰੀਕੀ ਸਮੇਂ ਮੁਤਾਬਕ ਇਹ ਰਸਮ ਸਵੇਰੇ 10 ਵਜੇ ਸ਼ੁਰੂ ਹੋਵੇਗੀ। ਪਹਿਲੀ ਵਾਰ ਵਿਦੇਸ਼ੀ ਮਹਿਮਾਨ ਸਹੁੰ ਚੁੱਕ ਸਮਾਗਮ ਵਿੱਚ ਸ਼ਾਮਲ ਹੋਣਗੇ। ਦੱਸ ਦੇਈਏ ਕਿ ਅਮਰੀਕੀ ਰਾਸ਼ਟਰਪਤੀ ਦੁਆਰਾ ਚੁੱਕੀ ਗਈ ਸਹੁੰ ਸਿਰਫ 35 ਸ਼ਬਦਾਂ ਦੀ ਹੁੰਦੀ ਹੈ। ਦਰਅਸਲ, ਇਹ ਸਹੁੰ ਅਮਰੀਕੀ ਸੰਵਿਧਾਨ ਦਾ ਹਿੱਸਾ ਹੈ ਅਤੇ ਇਸ ਨੂੰ ਸੰਵਿਧਾਨ ਦੀ ਮੂਲ ਭਾਵਨਾ ਕਿਹਾ ਜਾਂਦਾ ਹੈ।
ਕਿੱਥੇ ਹੋਵੇਗਾ ਸਹੁੰ ਚੁੱਕ ਸਮਾਗਮ?
ਸਹੁੰ ਚੁੱਕ ਸਮਾਗਮ ਇਨਡੋਰ ਹੋਣ ਜਾ ਰਿਹਾ ਹੈ। ਇਹ ਸਮਾਰੋਹ ਕੈਪੀਟਲ ਹਿਲਸ ਦੇ ਕੈਪੀਟਲ ਰੋਟੁੰਡਾ ਵਿੱਚ ਹੋਣ ਜਾ ਰਿਹਾ ਹੈ। ਡੋਨਾਲਡ ਟਰੰਪ ਵਾਸ਼ਿੰਗਟਨ ਪਹੁੰਚ ਗਏ ਹਨ, ਉਹ ਫਲੋਰੀਡਾ ਤੋਂ ਵਿਸ਼ੇਸ਼ ਜਹਾਜ਼ ਰਾਹੀਂ ਆਪਣੇ ਪਰਿਵਾਰ ਸਮੇਤ ਵਾਸ਼ਿੰਗਟਨ ਪਹੁੰਚੇ ਹਨ। ਇਸ ਉਡਾਣ ਨੂੰ ਸਪੈਸ਼ਲ ਏਅਰ ਮਿਸ਼ਨ-47 ਦਾ ਨਾਂ ਦਿੱਤਾ ਗਿਆ ਸੀ। ਮਿਸ਼ਨ-47 ਦਾ ਨਾਂ ਦੇਣ ਪਿੱਛੇ ਕਾਰਨ ਇਹ ਹੈ ਕਿ ਡੋਨਾਲਡ ਟਰੰਪ ਅਮਰੀਕਾ ਦੇ 47ਵੇਂ ਰਾਸ਼ਟਰਪਤੀ ਬਣਨ ਜਾ ਰਹੇ ਹਨ।
ਇਹ ਮਹਿਮਾਨ ਕਰਨਗੇ ਸ਼ਿਰਕਤ
ਰਾਸ਼ਟਰਪਤੀ ਜੋਅ ਬਾਈਡਨ ਤੇ ਜਿਲ ਬਾਈਡਨ, ਸਾਬਕਾ ਰਾਸ਼ਟਰਪਤੀ ਬਿਲ ਕਲਿੰਟਨ ਅਤੇ ਹਿਲੇਰੀ ਕਲਿੰਟਨ, ਸਾਬਕਾ ਰਾਸ਼ਟਰਪਤੀ ਜਾਰਜ ਬੁਸ਼ ਅਤੇ ਲੌਰਾ ਬੁਸ਼ ਵੀ ਡੋਨਾਲਡ ਟਰੰਪ ਦੇ ਸਹੁੰ ਚੁੱਕ ਸਮਾਗਮ ਵਿੱਚ ਸ਼ਾਮਲ ਹੋਣਗੇ। ਇਸ ਤੋਂ ਇਲਾਵਾ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਵੀ ਸਮਾਰੋਹ ‘ਚ ਸ਼ਿਰਕਤ ਕਰਨਗੇ।