ਕੈਨੇਡਾ ’ਚ ਵਾਹਨ ਚੋਰੀਆਂ ਤੇ ਹਿੰਸਕ ਲੁੱਟਾਂ ਦੇ ਮਾਮਲੇ ’ਚ 10 ਗ੍ਰਿਫ਼ਤਾਰ, ਕਈ ਪੰਜਾਬੀ ਮੂਲ ਦੇ ਨੌਜਵਾਨ ਵੀ ਸ਼ਾਮਿਲ
10 arrested in Canada in connection with vehicle thefts: ਨਵੀਂ ਦਿੱਲੀ: ਕੈਨੇਡਾ ਦੇ ਪੀਲ ਰਿਜਨ ਵਿੱਚ ਵਾਹਨ ਚੋਰੀਆਂ ਅਤੇ ਹਿੰਸਕ ਲੁੱਟਾਂ-ਖੋਹਾਂ ਦੇ ਮਾਮਲਿਆਂ ਦੀ ਜਾਂਚ ਦੌਰਾਨ ਪੁਲੀਸ ਨੇ 10 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਵਿਰੁੱਧ ਕੁੱਲ 128 ਦੋਸ਼ ਲਾਏ ਗਏ ਹਨ। ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਵਿੱਚ ਪੰਜਾਬੀ ਮੂਲ ਨਾਲ ਜੁੜੇ ਕਈ ਨੌਜਵਾਨ ਵੀ ਸ਼ਾਮਲ ਦੱਸੇ ਗਏ ਹਨ।
ਪੀਲ ਰਿਜਨਲ ਪੁਲੀਸ ਨੇ ‘ਪ੍ਰੋਜੈਕਟ ਹਾਈ ਗਾਰਡ’ ਤਹਿਤ ਜੂਨ 2025 ਤੋਂ ਅਪ੍ਰੈਲ 2026 ਤੱਕ ਜਾਂਚ ਕਰਦਿਆਂ 21 ਘਟਨਾਵਾਂ ਦੀਆਂ ਕੜੀਆਂ ਜੋੜੀਆਂ। ਪੁਲੀਸ ਅਨੁਸਾਰ, ਜਾਂਚ ਦਾ ਕੇਂਦਰ ਮਹਿੰਗੀਆਂ ਗੱਡੀਆਂ ਦੀ ਚੋਰੀ, ਹਿੰਸਕ ਕਾਰਜੈਕਿੰਗ ਅਤੇ ਕਥਿਤ ਸੰਗਠਿਤ ਅਪਰਾਧਿਕ ਨੈੱਟਵਰਕ ਸੀ। ਕੁਝ ਵਾਰਦਾਤਾਂ ਦੌਰਾਨ ਚਾਕੂਆਂ ਅਤੇ ਗ਼ੈਰ-ਕਾਨੂੰਨੀ ਹਥਿਆਰਾਂ ਨਾਲ ਲੋਕਾਂ ਨੂੰ ਧਮਕਾਉਣ ਤੇ ਹਮਲੇ ਕਰਨ ਦੇ ਦੋਸ਼ ਵੀ ਸਾਹਮਣੇ ਆਏ ਹਨ।
ਗ੍ਰਿਫ਼ਤਾਰ ਵਿਅਕਤੀਆਂ ਵਿੱਚ ਇਹ ਨਾਂ ਸ਼ਾਮਲ
ਪੁਲੀਸ ਵੱਲੋਂ ਜਾਰੀ ਜਾਣਕਾਰੀ ਅਨੁਸਾਰ, ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਵਿੱਚ ਏਕਮਵੀਰ ਰੰਧਾਵਾ (20), ਸ਼ਾਨ ਢੀਂਡਸਾ (20), ਆਰੀਅਨ ਦਿਓਲ (20), ਮਾਨਵਜੋਤ ਧਾਲੀਵਾਲ (24), ਪਾਰਥ ਸ਼ਰਮਾ (21), ਮਧੂਮੀਤ ਰੰਧਾਵਾ (37), ਟੇਵੀਅਨ ਕੋਲੇ (19) ਅਤੇ ਗ੍ਰੈਗਰੀ ਸੇਨਿਵ (37) ਸ਼ਾਮਲ ਹਨ। ਇਨ੍ਹਾਂ ਦੇ ਪਤੇ ਕ੍ਰਮਵਾਰ ਹਾਲਟਨ ਹਿਲਜ਼, ਬਰੈਂਪਟਨ, ਓਕਵਿਲ ਅਤੇ ਮਿਸੀਸਾਗਾ ਨਾਲ ਸਬੰਧਤ ਦੱਸੇ ਗਏ ਹਨ। ਇਸ ਤੋਂ ਇਲਾਵਾ 17 ਸਾਲ ਦੇ ਦੋ ਨਾਬਾਲਗਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਨ੍ਹਾਂ ਵਿੱਚੋਂ ਇੱਕ ਮਿਸੀਸਾਗਾ ਅਤੇ ਦੂਜਾ ਬਰੈਂਪਟਨ ਦਾ ਰਹਿਣ ਵਾਲਾ ਹੈ।
15 ਚੋਰੀਸ਼ੁਦਾ ਗੱਡੀਆਂ ਤੇ ਚਾਰ ਹਥਿਆਰ ਬਰਾਮਦ
ਪੁਲੀਸ ਨੇ 3 ਸਤੰਬਰ ਨੂੰ ਕੀਤੀਆਂ ਤਾਲਮੇਲ ਵਾਲੀਆਂ ਛਾਪੇਮਾਰੀਆਂ ਦੌਰਾਨ ਲਗਭਗ 14 ਲੱਖ ਕੈਨੇਡੀਅਨ ਡਾਲਰ ਦੀਆਂ 15 ਚੋਰੀਸ਼ੁਦਾ ਗੱਡੀਆਂ ਬਰਾਮਦ ਕੀਤੀਆਂ। ਇਸ ਤੋਂ ਇਲਾਵਾ ਚਾਰ ਗ਼ੈਰ-ਕਾਨੂੰਨੀ ਹਥਿਆਰ, ਗੋਲਾ-ਬਾਰੂਦ ਅਤੇ ਮੈਗਜ਼ੀਨ ਵੀ ਜ਼ਬਤ ਕੀਤੇ ਗਏ। ਜਾਂਚਕਰਤਾਵਾਂ ਅਨੁਸਾਰ, ਕਥਿਤ ਨੈੱਟਵਰਕ ਵਿੱਚ ਗੱਡੀਆਂ ਨੂੰ ਨਿਸ਼ਾਨਾ ਬਣਾਉਣ, ਲੁੱਟਾਂ ਦੀ ਯੋਜਨਾ ਬਣਾਉਣ ਅਤੇ ਨੌਜਵਾਨਾਂ ਦੀ ਭਰਤੀ ਕਰਨ ਵਾਲੇ ਲੋਕ ਸ਼ਾਮਲ ਸਨ। ਪੀਲ ਰਿਜਨਲ ਪੁਲੀਸ ਮੁਖੀ ਨਿਸ਼ਾਨ ਦੁਰਾਈਅੱਪਾ ਨੇ ਕਿਹਾ ਕਿ ਜਾਂਚ ਰਾਹੀਂ ਕਥਿਤ ਵਾਰਦਾਤਾਂ ਵਿੱਚ ਸ਼ਾਮਲ ਲੋਕਾਂ ਦੇ ਨਾਲ-ਨਾਲ ਨੈੱਟਵਰਕ ਦੇ ਮੁੱਖ ਸੂਤਰਧਾਰਾਂ ਤੱਕ ਪਹੁੰਚਣ ਵਿੱਚ ਵੀ ਮਦਦ ਮਿਲੀ ਹੈ।
ਵਾਹਨ ਚੋਰੀਆਂ ਵਿੱਚ ਕਮੀ ਦਾ ਪੁਲੀਸ ਦਾ ਦਾਅਵਾ
ਪੁਲੀਸ ਦੇ ਅੰਕੜਿਆਂ ਮੁਤਾਬਕ, 2023 ਵਿੱਚ ਸਿਖਰ ’ਤੇ ਪਹੁੰਚਣ ਤੋਂ ਬਾਅਦ ਖੇਤਰ ਵਿੱਚ ਵਾਹਨ ਚੋਰੀਆਂ ਦੇ ਮਾਮਲਿਆਂ ਵਿੱਚ 50 ਫ਼ੀਸਦੀ ਤੋਂ ਵੱਧ ਕਮੀ ਆਈ ਹੈ। ਸਾਲ 2026 ਵਿੱਚ ਹੁਣ ਤੱਕ ਹੋਰ 10 ਫ਼ੀਸਦੀ ਗਿਰਾਵਟ ਦਰਜ ਕੀਤੇ ਜਾਣ ਦਾ ਦਾਅਵਾ ਕੀਤਾ ਗਿਆ ਹੈ। ਪੁਲੀਸ ਦੀ ਜਾਂਚ ਜਾਰੀ ਹੈ। ਗ੍ਰਿਫ਼ਤਾਰ ਵਿਅਕਤੀਆਂ ਵਿਰੁੱਧ ਲਾਏ ਗਏ ਦੋਸ਼ ਅਜੇ ਅਦਾਲਤ ਵਿੱਚ ਸਾਬਤ ਹੋਣੇ ਬਾਕੀ ਹਨ।