ਬਰਨਾਲਾ ਦੇ ਪਿੰਡ ਮੂਮ ’ਚ ਅੱਗ ਲੱਗਣ ਕਾਰਨ ਪਤੀ ਪਤਨੀ ਦੀ ਮੌਤ
Punjab News: ਬਰਨਾਲਾ ਦੇ ਪਿੰਡ ਮੂੰਮ ਵਿਖੇ ਬੀਤੀ ਰਾਤ ਇੱਕ ਪਤੀ ਪਤਨੀ ਦੀ ਅੱਗ ਨਾਲ ਸੜ ਜਾਣ ਕਰਕੇ ਦਰਦਨਾਕ ਮੌਤ ਹੋ ਜਾਣ ਦੀ ਖ਼ਬਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜਗਰੂਪ ਸਿੰਘ 49 ਸਾਲ ਪੁੱਤਰ ਲਾਭ ਸਿੰਘ ਅਤੇ ਉਸ ਦੀ ਪਤਨੀ ਅੰਗਰੇਜ਼ ਕੌਰ ਆਪਣੇ ਘਰ ਕਮਰੇ ‘ਚ ਸੌਂ ਰਹੇ ਸਨ ਤਾਂ ਅਚਾਨਕ ਕਮਰੇ ‘ਚ ਅੱਗ ਲੱਗ ਜਾਣ ਕਰਕੇ ਦੋਵਾਂ ਦੀ ਸੜਨ ਨਾਲ ਦਰਦਨਾਕ ਮੌਤ ਹੋ ਗਈ।
ਅੱਗ ਇੰਨੀ ਭਿਆਨਕ ਸੀ ਕਿ ਜਗਰੂਪ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦਕਿ ਉਸ ਦੀ ਪਤਨੀ ਅੰਗਰੇਜ਼ ਕੌਰ ਨੂੰ ਸਿਵਲ ਹਸਪਤਾਲ ਬਰਨਾਲਾ ਲਿਜਾਇਆ ਗਿਆ ਜਿੱਥੋਂ ਅੱਗੇ ਫਰੀਦਕੋਟ ਰੈਫ਼ਰ ਕਰ ਦਿੱਤਾ ਪ੍ਰੰਤੂ ਰਸਤੇ ’ਚ ਹੀ ਉਸ ਦੀ ਮੌਤ ਹੋ ਗਈ। ਅੱਗ ਲੱਗਣ ਦੇ ਕਾਰਨ ਭਾਵੇਂ ਪੁਲਿਸ ਦੀ ਪੜਤਾਲ ਤੋਂ ਬਾਅਦ ਹੀ ਸਾਹਮਣੇ ਆਉਣਗੇ ਪ੍ਰੰਤੂ ਮੰਨਿਆ ਜਾ ਰਿਹਾ ਹੈ ਕਿ ਅੱਗ ਕਮਰੇ ‘ਚ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਲੱਗੀ।
ਇਹ ਘਟਨਾ ਅੱਧੀ ਰਾਤ ਤੋਂ ਬਾਅਦ ਦੀ ਦੱਸੀ ਜਾ ਰਹੀ ਹੈ ਜਦੋਂ ਜਗਰੂਪ ਸਿੰਘ ਦੇ ਘਰ ਦੇ ਨੇੜੇ ਛੱਤ ਉੱਪਰ ਸੁੱਤਾ ਪਿਆ ਇਕ ਨੌਜਵਾਨ ਮੀਂਹ ਆਉਣ ਕਰਕੇ ਅਚਾਨਕ ਉੱਠਿਆ ਤਾਂ ਉਸਨੇ ਜਗਰੂਪ ਸਿੰਘ ਦੇ ਘਰੋਂ ਧੂੰਏ ਦੇ ਗੁਬਾਰ ਉਠਦੇ ਦੇਖੇ ਅਤੇ ਰੌਲਾ ਪਾ ਕੇ ਲੋਕਾਂ ਨੂੰ ਇਕੱਠੇ ਕੀਤਾ। ਨੌਜਵਾਨ ਦਾ ਰੌਲਾ ਸੁਣ ਕੇ ਮੌਕੇ ‘ਤੇ ਪੁੱਜੇ ਲੋਕਾਂ ਨੇ ਦੇਖਿਆ ਕਿ ਜਗਰੂਪ ਸਿੰਘ ਬੁਰੀ ਤਰ੍ਹਾਂ ਸੜ ਚੁੱਕਿਆ ਸੀ ਅਤੇ ਉਸਦੀ ਮੌਤ ਹੋ ਚੁੱਕੀ ਸੀ ਜਦਕਿ ਉਸ ਦੀ ਪਤਨੀ ਅੰਗਰੇਜ਼ ਕੌਰ ਤੜਫ ਰਹੀ ਸੀ ਜਿਸ ਨੂੰ ਲੋਕ ਹਸਪਤਾਲ ਲੈ ਕੇ ਗਏ, ਪਰੰਤੂ ਰਸਤੇ ’ਚ ਉਸ ਦੀ ਵੀ ਮੌਤ ਹੋ ਗਈ।
ਜਗਰੂਪ ਸਿੰਘ ਅਤੇ ਅੰਗਰੇਜ਼ ਕੌਰ ਦਾ ਇੱਕ 7 ਸਾਲ ਦਾ ਪੁੱਤਰ ਵੀ ਹੈ ਜੋ ਚੰਗੀ ਕਿਸਮਤ ਨਾਲ ਬੀਤੀ ਰਾਤ ਆਪਣੇ ਚਾਚੇ ਦੇ ਘਰ ਸੁੱਤਾ ਸੀ ਜਿਸ ਕਰਕੇ ਉਹ ਬਚ ਗਿਆ। ਜਗਰੂਪ ਸਿੰਘ ਇੱਕ ਬਾਂਹ ਤੋਂ ਅਪਾਹਜ ਸੀ ਅਤੇ ਗਰੀਬ ਮਜ਼ਦੂਰ ਪਰਿਵਾਰ ਨਾਲ ਸਬੰਧਿਤ ਸੀ। ਇਸ ਦਰਦ ਨਾਲ ਘਟਨਾ ਤੋਂ ਬਾਅਦ ਪੂਰੇ ਪਿੰਡ ਵਿੱਚ ਸਹਿਮ ਦਾ ਮਾਹੌਲ ਹੈ। ਇਸ ਘਟਨਾ ਸਬੰਧੀ ਥਾਣਾ ਮਹਿਲ ਕਲਾਂ ਦੇ ਐਸਐਚਓ ਕਰਮਜੀਤ ਕੌਰ ਨੇ ਕਿਹਾ ਕਿ ਵਾਰਸਾਂ ਦੇ ਬਿਆਨਾਂ ਦੇ ਆਧਾਰ ‘ਤੇ ਪੁਲਿਸ ਕਾਰਵਾਈ ਕੀਤੀ ਜਾਵੇਗੀ।