‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਵੱਡੀ ਮਾਤਰਾ ਵਿੱਚ ਨਸ਼ੇ ਬਰਾਮਦ, 16 ਹਜ਼ਾਰ ਤੋਂ ਵੱਧ NDPS ਕੇਸ ਦਰਜ ਅਤੇ 25,552 ਗ੍ਰਿਫ਼ਤਾਰੀਆਂ
Punjab’s WhatsApp Tip-off Portal: ਪੰਜਾਬ ਦੇ ਵਿੱਤ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਨਸ਼ਾ ਤਸਕਰਾਂ ਵਿਰੁੱਧ ਸਖ਼ਤ ਕਾਰਵਾਈ ਕਰਦਿਆਂ ਉਨ੍ਹਾਂ ਦੀਆਂ 182 ਗੈਰ-ਕਾਨੂੰਨੀ ਜਾਇਦਾਦਾਂ ਨੂੰ ਢਾਹਿਆ ਗਿਆ ਹੈ।
Yudh Nashian Virudh Campaign: ‘ਯੁੱਧ ਨਸ਼ਿਆਂ ਵਿਰੁੱਧ ਕੈਬਨਿਟ ਸਬ-ਕਮੇਟੀ’ ਦੇ ਚੇਅਰਮੈਨ ਅਤੇ ਪੰਜਾਬ ਦੇ ਵਿੱਤ ਮੰਤਰੀ ਐਡਵੋਕੇਟ ਹਰਪਾਲ ਚੀਮਾ ਨੇ ਐਲਾਨ ਕੀਤਾ ਕਿ ‘ਸੇਫ ਪੰਜਾਬ ਪੋਰਟਲ’ ਸਦਕਾ ਇੱਕ ਸਾਲ ਵਿੱਚ 5,000 ਤੋਂ ਵੱਧ ਫਸਟ ਇਨਫਾਰਮੇਸ਼ਨ ਰਿਪੋਰਟਾਂ (ਐਫ.ਆਈ.ਆਰ) ਦਰਜ ਕਰਵਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ।
ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਅਗਸਤ 2024 ਵਿੱਚ ਨਸ਼ਾ ਤਸਕਰਾਂ ਅਤੇ ਨਸ਼ਾ ਹੌਟਸਪੌਟਸ ਬਾਰੇ ਜਨਤਕ ਜਾਣਕਾਰੀ ਅਤੇ ਸੁਝਾਅ ਇਕੱਠੇ ਕਰਨ ਲਈ ਲਾਂਚ ਕੀਤੇ ਗਏ ਇਸ ਵ੍ਹੱਟਸਐਪ ਚੈਟਬੋਟ ਨੇ 32 ਫੀਸਦੀ ਦੀ ਸ਼ਲਾਘਾਯੋਗ ਪਰਿਵਰਤਨ ਦਰ ਹਾਸਲ ਕੀਤੀ ਹੈ, ਜਿਸ ਨਾਲ ਲੋਕਾਂ ਵੱਲੋਂ ਦਿੱਤੀ ਜਾਣਕਾਰੀ ਨੂੰ ਠੋਸ ਪੁਲਿਸ ਕਾਰਵਾਈ ਵਿੱਚ ਬਦਲਿਆ ਗਿਆ ਹੈ।
‘ਸੇਫ ਪੰਜਾਬ ਪੋਰਟਲ’ ਸਭ ਤੋਂ ਪ੍ਰਭਾਵਸ਼ਾਲੀ ਪੋਰਟਲਾਂ ਚੋਂ ਇੱਕ
ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਵ੍ਹੱਟਸਐਪ ਚੈਟਬੋਟ 9779100200 ‘ਤੇ ਉਪਲਬਧ ਹੈ। ਜਿਸ ਨੂੰ ਭਰਵਾਂ ਜਨਤਕ ਹੁੰਗਾਰਾ ਮਿਲਣ ਨਾਲ ‘ਸੇਫ ਪੰਜਾਬ ਪੋਰਟਲ’ ਨੂੰ ਪੁਲਿਸ ਨਾਲ ਜਨਤਕ ਸਹਿਯੋਗ ਲਈ ਦੇਸ਼ ਦੇ ਸਭ ਤੋਂ ਪ੍ਰਭਾਵਸ਼ਾਲੀ ਪੋਰਟਲਾਂ ਵਿੱਚੋਂ ਇੱਕ ਬਣਾ ਦਿੱਤਾ ਹੈ। ਉਨ੍ਹਾਂ ਅੱਗੇ ਕਿਹਾ ਕਿ ਇਹ ਪੋਰਟਲ ਖੁਫੀਆ ਜਾਣਕਾਰੀ ਦਾ ਇੱਕ ਮਹੱਤਵਪੂਰਨ ਸਰੋਤ ਅਤੇ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ, ਜੋ ਕਿ ਨਸ਼ਾ ਤਸਕਰੀ ਵਿਰੁੱਧ ਸੂਬੇ ਦੇ ਯਤਨਾਂ ਨੂੰ ਹੋਰ ਤੇਜ਼ ਕਰਨ ਲਈ 1 ਮਾਰਚ, 2025 ਨੂੰ ਅਧਿਕਾਰਤ ਤੌਰ ‘ਤੇ ਸ਼ੁਰੂ ਕੀਤੀ ਗਈ ਸੀ, ਵਿੱਚ ਇੱਕ ਸ਼ਕਤੀਸ਼ਾਲੀ ਹਥਿਆਰ ਬਣ ਗਿਆ ਹੈ।
ਐਨ.ਡੀ.ਪੀ.ਐਸ ਐਕਟ ਤਹਿਤ ਕੁੱਲ 16,322 ਕੇਸ ਦਰਜ
“ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਦੀ ਸਫ਼ਲਤਾ ਬਾਰੇ ਹੋਰ ਵੇਰਵੇ ਦਿੰਦਿਆਂ ਵਿੱਤ ਮੰਤਰੀ ਨੇ ਦੱਸਿਆ ਕਿ ਇਸ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ, ਐਨ.ਡੀ.ਪੀ.ਐਸ ਐਕਟ ਤਹਿਤ ਕੁੱਲ 16,322 ਕੇਸ ਦਰਜ ਕੀਤੇ ਗਏ ਹਨ, ਜਿਸ ਤਹਿਤ 25,552 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਨਸ਼ਾ ਤਸਕਰਾਂ ਵਿਰੁੱਧ ਸਖ਼ਤ ਕਾਰਵਾਈ ਕਰਦਿਆਂ ਉਨ੍ਹਾਂ ਦੀਆਂ 182 ਗੈਰ-ਕਾਨੂੰਨੀ ਜਾਇਦਾਦਾਂ ਨੂੰ ਢਾਹਿਆ ਗਿਆ ਹੈ। ਇਨ੍ਹਾਂ ਯਤਨਾਂ ਦੇ ਨਤੀਜੇ ਵਜੋਂ ਵੱਡੀ ਮਾਤਰਾ ਵਿੱਚ ਨਸ਼ੀਲੇ ਪਦਾਰਥ ਬਰਾਮਦ ਕੀਤੇ ਗਏ ਹਨ, ਜਿਸ ਵਿੱਚ 1,054 ਕਿਲੋ ਹੈਰੋਇਨ, 21,534 ਕਿਲੋ ਭੁੱਕੀ, 366 ਕਿਲੋ ਅਫ਼ੀਮ ਅਤੇ ਤਿੰਨ ਮਿਲੀਅਨ ਤੋਂ ਵੱਧ ਗੋਲੀਆਂ, ਕੈਪਸੂਲ ਅਤੇ ਨਸ਼ੀਲੀਆਂ ਦਵਾਈਆਂ ਸ਼ਾਮਲ ਹਨ।
ਸਾਬਕਾ ਸਰਕਾਰਾਂ ‘ਤੇ ਸਾਧਿਆ ਨਿਸ਼ਾਨਾ
ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਅਕਾਲੀ-ਭਾਜਪਾ ਗਠਜੋੜ ਦੀ ਅਗਵਾਈ ਵਾਲੀ ਸੂਬਾ ਸਰਕਾਰ ਦੀ ਸਖ਼ਤ ਆਲੋਚਨਾ ਕਰਦਿਆਂ ਉਨ੍ਹਾਂ ‘ਤੇ ਇੱਕ ਦਹਾਕੇ ਤੱਕ ਨਸ਼ਾ ਤਸਕਰੀ ਨੂੰ ਸਰਪ੍ਰਸਤੀ ਦੇਣ ਦਾ ਦੋਸ਼ ਲਗਾਇਆ, ਅਤੇ ਸਾਲ 2017 ਤੋਂ 2022 ਦੌਰਾਨ ਨਸ਼ੇ ਦੀ ਸਮੱਸਿਆ ਵਿਰੁੱਧ ਸਖ਼ਤ ਕਾਰਵਾਈ ਕਰਨ ਵਿੱਚ ਕਾਂਗਰਸ ਦੀ ਅਗਵਾਈ ਵਾਲੀ ਸੂਬਾ ਸਰਕਾਰ ‘ਤੇ ਵੀ ਨਿਸ਼ਾਨਾ ਸਾਧਿਆ। ਉਨ੍ਹਾਂ ਇਸ ਮੌਕੇ ‘ਆਮ ਆਦਮੀ ਪਾਰਟੀ’ (ਆਪ) ਦੀ ਸਰਕਾਰ ਵੱਲੋਂ ਸਤਾ ਵਿੱਚ ਆਉਣ ਦੇ ਆਪਣੇ ਪਹਿਲੇ ਦਿਨ ਤੋਂ ਹੀ ਇਸ ਕੋਹੜ ਨੂੰ ਪੂਰੀ ਤਰ੍ਹਾਂ ਖ਼ਤਮ ਕਰਨ ਦੇ ਮਿਸ਼ਨ ਦਾ ਜਿਕਰ ਕਰਦਿਆ ਕਿਹਾ ਕਿ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਰਾਹੀਂ ਇਸ ਨੂੰ ਸੂਬੇ ਵਿੱਚੋਂ ਜੜ੍ਹੋਂ ਖ਼ਤਮ ਕਰ ਦਿੱਤਾ ਜਾਵੇਗਾ।
ਉਨ੍ਹਾਂ ਨੇ ਕਿਹਾ ਕਿ ਨਸ਼ਾ ਤਸਕਰੀ ਦੇ ਜਨਤਕ ਤੌਰ ‘ਤੇ ਜਾਣੇ ਜਾਂਦੇ ਸਰਗਣਿਆਂ ਨੂੰ ਸਰਕਾਰ ਵੱਲੋਂ ਜੇਲ੍ਹ ਭੇਜਿਆ ਗਿਆ ਹੈ, ਅਤੇ ਜੋਗਾ ਸਿੰਘ ਦੀ ਹਾਲ ਹੀ ਵਿੱਚ ਹੋਈ ਗ੍ਰਿਫ਼ਤਾਰੀ ਨਾਲ ਨਸ਼ਾ ਨੈੱਟਵਰਕ ਦੇ ਹੋਰ ਪ੍ਰਮੁੱਖ ਵਿਅਕਤੀਆਂ ਨੂੰ ਫੜ੍ਹਨ ਵਿੱਚ ਮਦਦ ਮਿਲਣ ਦੀ ਉਮੀਦ ਹੈ।