ਲੜਕੀ ਨੂੰ ਭਜਾ ਕੇ ਲੈ ਜਾਣ ਸਬੰਧੀ ਪਰਿਵਾਰ ਨੇ ਚੌਂਕ ਵਿਚਾਲੇ ਕੀਤਾ ਰੋਸ ਪ੍ਰਦਰਸ਼ਨ ,ਪੁਲਿਸ ਦੀ ਕਾਰਵਾਈ ‘ਤੇ ਚੁੱਕੇ ਸਵਾਲ
Punjab News; ਅੰਮ੍ਰਿਤਸਰ, ਤਰਨ ਤਰਨ ਪਿੰਡ ਚੱਬਾ ਚੌਂਕ ‘ਤੇ ਅੱਜ ਸਮਾਜਿਕ ਜਥੇਬੰਦੀਆਂ ਤੇ ਪੀੜਿਤ ਪਰਿਵਾਰ ਵੱਲੋਂ ਧਰਨਾ ਲਗਾਇਆ ਗਿਆ। ਪਰਿਵਾਰ ਦਾ ਦੋਸ਼ ਹੈ ਕਿ ਉਹਨਾਂ ਦੀ 16 ਸਾਲਾ ਬੇਟੀ ਨੂੰ ਇੱਕ 35 ਸਾਲਾ ਨੌਜਵਾਨ ਭਜਾ ਕੇ ਲੈ ਗਿਆ ਹੈ। ਪਰਿਵਾਰ ਵੱਲੋਂ ਸਬੂਤ ਵੀ ਪ੍ਰਸ਼ਾਸਨ ਨੂੰ ਦਿੱਤੇ ਗਏ ਹਨ ਕਿ ਲੜਕੀ ਉਸ ਨੌਜਵਾਨ ਦੇ ਪਰਿਵਾਰ ਨਾਲ ਹੈ।
ਪੀੜਿਤ ਪਰਿਵਾਰ ਨੇ ਦੱਸਿਆ ਕਿ ਬੇਟੀ ਵੱਲੋਂ ਪਰਿਵਾਰ ਨੂੰ ਫੋਨ ਕਰਕੇ ਆਪਣੀ ਜਾਨ ਬਚਾਉਣ ਦੀ ਗੁਹਾਰ ਵੀ ਕੀਤੀ ਗਈ ਹੈ। ਇਸਦੇ ਬਾਵਜੂਦ ਪੁਲਿਸ ਵੱਲੋਂ ਅਜੇ ਤੱਕ ਕੋਈ ਗ੍ਰਿਫ਼ਤਾਰੀ ਨਹੀਂ ਕੀਤੀ ਗਈ। ਪਰਿਵਾਰ ਦਾ ਕਹਿਣਾ ਹੈ ਕਿ ਰਾਜਨੀਤਿਕ ਜਾਂ ਵਿੱਤੀ ਦਬਾਅ ਕਾਰਨ ਕਾਰਵਾਈ ਅਟਕੀ ਹੋਈ ਹੈ।
ਧਰਨੇ ਵਿੱਚ ਸ਼ਾਮਲ ਵਾਲਮੀਕਿ ਜਥੇਬੰਦੀਆਂ ਨੇ ਦੋਸ਼ ਲਗਾਇਆ ਕਿ ਐਸ.ਐਚ.ਓ. ਮੈਡਮ ਨੇ ਸਿਰਫ਼ ਪਰਚਾ ਦਰਜ ਕੀਤਾ ਪਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ। ਜਥੇਬੰਦੀਆਂ ਨੇ ਮੰਗ ਕੀਤੀ ਕਿ ਜਿਹੜੇ ਪੁਲਿਸ ਅਧਿਕਾਰੀ ਨੇ ਪਰਿਵਾਰ ਨਾਲ ਅਣਜਾਇਜ਼ ਬੋਲਚਾਲ ਕੀਤੀ ਹੈ, ਉਸਨੂੰ ਤੁਰੰਤ ਸਸਪੈਂਡ ਕੀਤਾ ਜਾਵੇ।
ਦੂਜੇ ਪਾਸੇ ਪੁਲਿਸ ਵੱਲੋਂ ਕਿਹਾ ਗਿਆ ਹੈ ਕਿ ਬੇਟੀ ਦੀ ਉਮਰ ਸਬੰਧੀ ਵਿਵਾਦ ਹਾਈਕੋਰਟ ਤੱਕ ਪਹੁੰਚਿਆ ਸੀ ਜਿੱਥੇ ਵਿਆਹ ਦਰਜ ਹੋਇਆ। ਪੁਲਿਸ ਅਧਿਕਾਰੀਆਂ ਮੁਤਾਬਕ ਕਈ ਵਾਰ ਰੇਡਾਂ ਕੀਤੀਆਂ ਗਈਆਂ ਪਰ ਦੋਸ਼ੀ ਹੱਥ ਨਹੀਂ ਆਇਆ। ਅਧਿਕਾਰੀਆਂ ਨੇ ਭਰੋਸਾ ਦਿੱਤਾ ਕਿ 7-10 ਦਿਨਾਂ ਵਿੱਚ ਕਾਰਵਾਈ ਕਰਕੇ ਲੜਕੀ ਨੂੰ ਬਰਾਮਦ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ।
ਪਰਿਵਾਰ ਤੇ ਸਮਾਜਿਕ ਜਥੇਬੰਦੀਆਂ ਨੇ ਸਪਸ਼ਟ ਕੀਤਾ ਹੈ ਕਿ ਜਦ ਤੱਕ ਮੁਲਜ਼ਮ ਗ੍ਰਿਫ਼ਤਾਰ ਨਹੀਂ ਹੁੰਦੇ ਤੇ ਬੇਟੀ ਨਹੀਂ ਮਿਲਦੀ, ਉਹਨਾਂ ਵੱਲੋਂ ਧਰਨਾ ਜਾਰੀ ਰਹੇਗਾ।