ਕੈਨੇਡਾ ਦੇ ਹਵਾਈ ਅੱਡਿਆਂ ’ਤੇ 7 ਹਜ਼ਾਰ ਮੁਲਾਜ਼ਮਾਂ ਦਾ ਅਪਰਾਧਿਕ ਰਿਕਾਰਡ ਸ਼ੱਕ ਦੇ ਘੇਰੇ ’ਚ, ਹੋ ਸਕਦੀ ਹੈ ਛਾਂਟੀ
ਨਵੀਂ ਦਿੱਲੀ: ਕੈਨੇਡਾ ਦੇ ਕੌਮਾਂਤਰੀ ਹਵਾਈ ਅੱਡਿਆਂ ’ਤੇ ਨਸ਼ਿਆਂ ਅਤੇ ਹੋਰ ਗ਼ੈਰ-ਕਾਨੂੰਨੀ ਵਸਤਾਂ ਦੀ ਤਸਕਰੀ ਲਈ ਯਾਤਰੀਆਂ ਦੇ ਸਾਮਾਨ ਦੇ ਟੈਗ ਬਦਲਣ ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਸਰਕਾਰ ਨੇ ਸੁਰੱਖਿਆ ਪ੍ਰਬੰਧਾਂ ਨੂੰ ਹੋਰ ਸਖ਼ਤ ਕਰਨ ਦੀ ਤਿਆਰੀ ਕਰ ਲਈ ਹੈ। ਟਰਾਂਸਪੋਰਟ ਵਿਭਾਗ ਵੱਲੋਂ ਹਵਾਈ ਅੱਡਿਆਂ ’ਤੇ ਕੰਮ ਕਰਨ ਵਾਲੇ ਮੁਲਾਜ਼ਮਾਂ ਦੀ ਪਿਛੋਕੜ ਜਾਂਚ ਦੌਰਾਨ ਕਰੀਬ 7 ਹਜ਼ਾਰ ਕਾਮਿਆਂ ਦੇ ਅਪਰਾਧਿਕ ਰਿਕਾਰਡ ਨਾਲ ਸਬੰਧਤ ਜਾਣਕਾਰੀ ਸਾਹਮਣੇ ਆਈ ਹੈ।
ਟਰਾਂਸਪੋਰਟ ਮੰਤਰੀ ਨੇ ਸਪੱਸ਼ਟ ਕੀਤਾ ਕਿ ਅਪਰਾਧਿਕ ਰਿਕਾਰਡ ਵਿੱਚ ਸਿਰਫ਼ ਗੰਭੀਰ ਅਪਰਾਧ ਹੀ ਨਹੀਂ, ਸਗੋਂ ਵੱਡੀਆਂ ਟ੍ਰੈਫਿਕ ਉਲੰਘਣਾਵਾਂ ਵਰਗੇ ਮਾਮਲੇ ਵੀ ਸ਼ਾਮਲ ਹਨ। ਹੁਣ ਇਨ੍ਹਾਂ ਮੁਲਾਜ਼ਮਾਂ ਦੇ ਪਿਛੋਕੜ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ, ਤਾਂ ਜੋ ਇਹ ਪਤਾ ਲੱਗ ਸਕੇ ਕਿ ਕਿਹੜੇ ਮਾਮਲੇ ਗ਼ਲਤੀ ਜਾਂ ਲਾਪਰਵਾਹੀ ਨਾਲ ਜੁੜੇ ਹਨ ਅਤੇ ਕਿੱਥੇ ਜਾਣਬੁੱਝ ਕੇ ਨਿਯਮਾਂ ਦੀ ਉਲੰਘਣਾ ਕੀਤੀ ਗਈ ਹੈ। ਮੰਤਰੀ ਨੇ ਕਿਹਾ ਕਿ ਯਾਤਰੀਆਂ ਦੀ ਸੁਰੱਖਿਆ ਸਰਕਾਰ ਦੀ ਸਭ ਤੋਂ ਵੱਡੀ ਤਰਜੀਹ ਹੈ। ਇਸ ਦੇ ਨਾਲ ਹੀ ਸਰਕਾਰ ਨੇ ਸੰਕੇਤ ਦਿੱਤੇ ਹਨ ਕਿ ਅਪਰਾਧਿਕ ਰਿਕਾਰਡ ਵਾਲੇ ਮੁਲਾਜ਼ਮਾਂ ਦੀ ਛਾਂਟੀ ਹੋ ਸਕਦੀ ਹੈ।
ਸੋਨੇ ਦੀ ਵੱਡੀ ਖੇਪ ਦੀ ਚੋਰੀ ਨੇ ਵੀ ਖੜ੍ਹੇ ਕੀਤੇ ਸਨ ਸਵਾਲ
ਕੈਨੇਡਾ ਦੇ ਹਵਾਈ ਅੱਡਿਆਂ ਦੀ ਸੁਰੱਖਿਆ ਪ੍ਰਣਾਲੀ ਪਹਿਲਾਂ ਵੀ ਕਈ ਵੱਡੀਆਂ ਘਟਨਾਵਾਂ ਕਾਰਨ ਸਵਾਲਾਂ ਦੇ ਘੇਰੇ ਵਿੱਚ ਰਹੀ ਹੈ। ਲਗਭਗ ਤਿੰਨ ਸਾਲ ਪਹਿਲਾਂ ਟੋਰਾਂਟੋ ਦੇ ਪੀਅਰਸਨ ਕੌਮਾਂਤਰੀ ਹਵਾਈ ਅੱਡੇ ’ਤੇ ਵਿਦੇਸ਼ ਤੋਂ ਕਾਰਗੋ ਰਾਹੀਂ ਪਹੁੰਚੇ ਸੈਂਕੜੇ ਕਰੋੜ ਰੁਪਏ ਦੇ ਸੋਨੇ ਦੀ ਖੇਪ ਫ਼ਰਜ਼ੀ ਬਿਲਟੀ ਦੀ ਮਦਦ ਨਾਲ ਚੋਰੀ ਕਰ ਲਈ ਗਈ ਸੀ। ਇਸ ਮਾਮਲੇ ਵਿੱਚ ਏਅਰ ਕੈਨੇਡਾ ਵਿੱਚ ਮੈਨੇਜਰ ਵਜੋਂ ਕੰਮ ਕਰ ਚੁੱਕੇ ਭਾਰਤੀ ਮੂਲ ਦੇ ਵਿਅਕਤੀ ’ਤੇ ਦੋਸ਼ ਲੱਗੇ ਸਨ। ਹਾਲਾਂਕਿ, ਪੁਲਿਸ ਹੁਣ ਤੱਕ ਚੋਰੀ ਹੋਏ ਸੋਨੇ ਜਾਂ ਇਸ ਦੇ ਬਦਲੇ ਮਿਲੀ ਨਕਦੀ ਵਿੱਚੋਂ ਦੋ ਫ਼ੀਸਦੀ ਹਿੱਸਾ ਵੀ ਬਰਾਮਦ ਨਹੀਂ ਕਰ ਸਕੀ।
ਯਾਤਰੀਆਂ ਦੇ ਸੂਟਕੇਸਾਂ ਦੇ ਟੈਗ ਬਦਲ ਕੇ ਕੀਤੀ ਜਾ ਰਹੀ ਸੀ ਤਸਕਰੀ
ਪਿਛਲੇ ਮਹੀਨੇ ਵੀ ਹਵਾਈ ਅੱਡੇ ਦੇ ਕੁਝ ਮੁਲਾਜ਼ਮਾਂ ਵੱਲੋਂ ਕਥਿਤ ਤੌਰ ’ਤੇ ਆਮ ਯਾਤਰੀਆਂ ਦੇ ਸੂਟਕੇਸਾਂ ਦੇ ਟੈਗ ਤਸਕਰਾਂ ਦੇ ਸਾਮਾਨ ਨਾਲ ਬਦਲਣ ਦਾ ਮਾਮਲਾ ਸਾਹਮਣੇ ਆਇਆ ਸੀ। ਇਸ ਤਰੀਕੇ ਨਾਲ ਨਸ਼ਿਆਂ ਵਾਲੇ ਸੂਟਕੇਸ ਹਵਾਈ ਅੱਡੇ ਤੋਂ ਬਾਹਰ ਕਢਵਾਏ ਗਏ। ਇਸ ਕਾਰਵਾਈ ਕਾਰਨ ਉਨ੍ਹਾਂ ਆਮ ਯਾਤਰੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਨ੍ਹਾਂ ਦੇ ਸਾਮਾਨ ’ਤੇ ਤਸਕਰੀ ਵਾਲੇ ਸੂਟਕੇਸਾਂ ਦੇ ਟੈਗ ਲਗਾ ਦਿੱਤੇ ਗਏ ਸਨ। ਮਾਮਲੇ ਨੇ ਕੈਨੇਡਾ ਦੀ ਰਾਜਧਾਨੀ ਔਟਵਾ ਵਿੱਚ ਵੀ ਸਿਆਸੀ ਹਲਕਿਆਂ ਦਾ ਧਿਆਨ ਖਿੱਚਿਆ ਅਤੇ ਸੰਸਦ ਵਿੱਚ ਇਸ ਬਾਰੇ ਚਰਚਾ ਹੋਈ।
ਲਗਾਤਾਰ ਸਾਹਮਣੇ ਆ ਰਹੀਆਂ ਇਨ੍ਹਾਂ ਘਟਨਾਵਾਂ ਤੋਂ ਬਾਅਦ ਸਰਕਾਰ ਹੁਣ ਹਵਾਈ ਅੱਡਿਆਂ ਦੇ ਸੁਰੱਖਿਆ ਪ੍ਰਬੰਧਾਂ ਦੇ ਨਾਲ-ਨਾਲ ਉੱਥੇ ਕੰਮ ਕਰਦੇ ਮੁਲਾਜ਼ਮਾਂ ਦੀ ਭਰੋਸੇਯੋਗਤਾ ਦੀ ਵੀ ਜਾਂਚ ਕਰਨ ਜਾ ਰਹੀ ਹੈ।