ਬਰਨਾਲਾ: ਵਿਧਾਇਕ ਦੇ ਘਰ ਸਾਹਮਣੇ ਖਾਲਿਸਤਾਨੀ ਨਾਅਰੇ ਲਿਖਣ ਵਾਲੇ ਤਿੰਨ ਸਮਰਥਕ ਕਾਬੂ, ਅਮਰੀਕਾ ਬੈਠੇ ਠੀਕਰੀਵਾਲਾ ਨਾਲ ਸਾਂਝ
ਬਰਨਾਲਾ ਦੇ ਮਹਿਲ ਕਲਾਂ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਦੀ ਰਿਹਾਇਸ਼ ਦੇ ਸਾਹਮਣੇ ਕੰਧ ‘ਤੇ ਖਾਲਿਸਤਾਨੀ ਨਾਅਰੇ ਲਿਖਣ ਦੇ ਮਾਮਲੇ ‘ਚ ਪੁਲਿਸ ਨੇ ਤਿੰਨ ਖਾਲਿਸਤਾਨੀ ਸਮਰਥਕਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਇਹ ਕਾਰਵਾਈ 14 ਤੇ 15 ਅਗਸਤ ਦੀ ਦਰਮਿਆਨੀ ਰਾਤ ਹੋਈ ਘਟਨਾ ਤੋਂ ਪੰਜ ਦਿਨ ਬਾਅਦ ਕੀਤੀ ਗਈ।
ਪੁਲਿਸ ਅਧਿਕਾਰੀ ਐਸਐਸਪੀ ਮੁਹੰਮਦ ਸਰਫਰਾਜ ਆਲਮ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਇਹ ਕਾਰਵਾਈ ਪੰਜਾਬ ਦੀ ਸ਼ਾਂਤੀ ਨੂੰ ਭੰਗ ਕਰਨ ਅਤੇ ਨੌਜਵਾਨਾਂ ਨੂੰ ਉਕਸਾਉਣ ਦੀ ਕੋਸ਼ਿਸ਼ ਸੀ। ਤਿੰਨਾਂ ਦੋਸ਼ੀਆਂ ਨੇ ਸਿਰਫ 20 ਹਜ਼ਾਰ ਰੁਪਏ ਅਤੇ ਨਸ਼ੇ ਦੇ ਲਾਲਚ ਵਿਚ ਆ ਕੇ ਇਹ ਘਟਨਾ ਅੰਜਾਮ ਦਿੱਤੀ।
ਮੁੱਖ ਦੋਸ਼ੀ ਠੀਕਰੀਵਾਲਾ ਨਾਲ ਸੰਪਰਕ ‘ਚ ਸਨ ਤਿੰਨੇ
ਪੁਲਿਸ ਜਾਂਚ ਦੌਰਾਨ ਖੁਲਾਸਾ ਹੋਇਆ ਹੈ ਕਿ ਫੜੇ ਗਏ ਤਿੰਨ ਖਾਲਿਸਤਾਨੀ ਸਮਰਥਕ – ਗੁਰਮੀਤ ਸਿੰਘ ਉਰਫ ਟਾਂਡੀ, ਗੁਰਸੇਵਕ ਸਿੰਘ ਉਰਫ ਮਣੀ ਅਤੇ ਗ੍ਰੰਥੀ ਕਿਰਪਾ ਸਿੰਘ – ਅਮਰੀਕਾ ਬੈਠੇ ਭਗੋੜੇ ਸੁਰਿੰਦਰ ਸਿੰਘ ਠੀਕਰੀਵਾਲਾ ਦੇ ਸੰਪਰਕ ‘ਚ ਸਨ। ਠੀਕਰੀਵਾਲਾ ਉੱਤੇ ਪਹਿਲਾਂ ਹੀ ਕਈ ਗੰਭੀਰ ਮਾਮਲੇ ਦਰਜ ਹਨ, ਜਿਸ ਵਿੱਚ 15 ਕਤਲ ਸਮੇਤ ਕਈ ਆਰੋਪ ਸ਼ਾਮਲ ਹਨ।
ਨਹਿੰਗ ਸਿੰਘਾਂ ਦਾ ਭੇਸ ਬਦਲ ਕੇ ਦਿੱਤਾ ਵਾਰਦਾਤ ਨੂੰ ਅੰਜਾਮ
ਦੋਸ਼ੀਆਂ ਨੇ ਨਹਿੰਗ ਸਿੰਘਾਂ ਦੇ ਬਾਣੇ ਪਾ ਕੇ ਘਟਨਾ ਨੂੰ ਅੰਜਾਮ ਦਿੱਤਾ, ਜਿਸ ਨਾਲ ਨਾ ਸਿਰਫ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ, ਸਗੋਂ ਨਹਿੰਗ ਸਿੰਘ ਕਮਿਊਨਿਟੀ ਨੂੰ ਵੀ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ।
ਸੋਸ਼ਲ ਮੀਡੀਆ ‘ਤੇ ਵੀਡੀਓ ਪਾ ਕੇ ਗੁਰਪਵੰਤ ਸਿੰਘ ਪੰਨੂ ਨੇ ਲਈ ਸੀ ਜਿੰਮੇਦਾਰੀ
ਘਟਨਾ ਦੀ ਜਿੰਮੇਦਾਰੀ ਗੁਰਪਵੰਤ ਸਿੰਘ ਪੰਨੂ ਵੱਲੋਂ ਵੀ ਸੋਸ਼ਲ ਮੀਡੀਆ ਰਾਹੀਂ ਵੀਡੀਓ ਪਾ ਕੇ ਲਈ ਗਈ ਸੀ, ਜਿਸ ‘ਚ ਖਾਲਿਸਤਾਨ ਜਿੰਦਾਬਾਦ ਅਤੇ ਰੈਫਰੈਂਡਮ ਦੇ ਨਾਅਰੇ ਦਿੱਤੇ ਗਏ ਸਨ।
ਜਬਤ ਕੀਤੇ ਗਏ ਸਾਮਾਨ
ਤਿੰਨਾਂ ਦੋਸ਼ੀਆਂ ਕੋਲੋਂ ਪੁਲਿਸ ਨੇ ਪੰਜ ਮੋਬਾਇਲ ਫੋਨ, ਦੋ ਖਾਲੀ ਅਤੇ ਇੱਕ ਭਰਿਆ ਹੋਇਆ ਸਪਰੇਅ ਕੈਨ, ਇਕ ਮੋਟਰਸਾਈਕਲ, ਅਤੇ ਨਹਿੰਗ ਸਿੰਘਾਂ ਦੇ ਬਾਣੇ ਵਾਲੇ ਦੋ ਚੋਲੇ ਅਤੇ ਦੁਮਾਲੇ ਵੀ ਬਰਾਮਦ ਕੀਤੇ ਹਨ। ਵਟਸਐਪ ਚੈਟ ਅਤੇ ਫੋਨ ਡਾਟਾ ਦੀ ਫੋਰੈਂਸਿਕ ਜਾਂਚ ਜਾਰੀ ਹੈ।
ਦੋਸ਼ੀਆਂ ਦੀ ਪਛਾਣ
- ਗੁਰਮੀਤ ਸਿੰਘ ਉਰਫ ਟਾਂਡੀ, ਪੁੱਤਰ ਕਰਮਜੀਤ ਸਿੰਘ (ਮਜ਼ਦੂਰ)
- ਗੁਰਸੇਵਕ ਸਿੰਘ ਉਰਫ ਮਣੀ, ਪੁੱਤਰ ਗੁਰਪ੍ਰੀਤ ਸਿੰਘ (ਮਜ਼ਦੂਰ)
- ਕਿਰਪਾ ਸਿੰਘ, ਪੁੱਤਰ ਸੁਖਵੰਤ ਸਿੰਘ (ਗ੍ਰੰਥੀ, ਪਿੰਡ ਲੱਡਾ, ਜ਼ਿਲਾ ਸੰਗਰੂਰ)