ਤੇਜ਼ਧਾਰ ਹਥਿਆਰਾਂ ਨਾਲ ਲੁੱਟ ਕਰਨ ਵਾਲਾ ਗਿਰੋਹ ਬੱਸੀ ਪਠਾਣਾ ਪੁਲਿਸ ਵੱਲੋਂ ਬੇਨਕਾਬ – ਪੰਜ ਨੌਜਵਾਨ ਕਾਬੂ
82 ਹਜ਼ਾਰ ਤੋਂ ਵੱਧ ਦੀ ਰਕਮ, ਟੈਬ, ਬਾਇਓਮੈਟਰਿਕ ਮਸ਼ੀਨ ਅਤੇ ਪਿੱਠੂ ਬੈਗ ਲੁੱਟਣ ਵਾਲੇ ਕਥਿਤ ਲੁਟੇਰੇ ਗ੍ਰਿਫ਼ਤਾਰ | ਲੁੱਟ ਦਾ ਸਾਮਾਨ ਬਰਾਮਦ
ਬੱਸੀ ਪਠਾਣਾ, 24 ਅਗਸਤ – ਬੱਸੀ ਮੋਰਿੰਡਾ ਰੋਡ ‘ਤੇ ਹੋਈ ਇੱਕ ਲੁੱਟ ਦੀ ਵਾਰਦਾਤ ਨੂੰ ਸਿਰਜਣ ਵਾਲੇ ਪੰਜ ਨਕਾਬਪੋਸ਼ ਲੁਟੇਰਿਆਂ ਨੂੰ ਬੱਸੀ ਪਠਾਣਾ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਇਹ ਨੌਜਵਾਨ ਤੇਜ਼ਧਾਰ ਹਥਿਆਰਾਂ ਦੀ ਨੋਕ ‘ਤੇ ਇੱਕ ਰਿਕਵਰੀ ਏਜੈਂਟ ਤੋਂ ਲਗਭਗ ₹82,300 ਨਕਦ, ਟੈਬ, ਬਾਇਓਮੈਟਰਿਕ ਮਸ਼ੀਨ, ਅਤੇ ਦਸਤਾਵੇਜ਼ਾਂ ਵਾਲਾ ਬੈਗ ਲੁੱਟ ਕੇ ਫਰਾਰ ਹੋ ਗਏ ਸਨ।
ਵਾਰਦਾਤ ਬਾਰੇ ਵਿਸਥਾਰ
ਇਹ ਘਟਨਾ ਭਾਰਤ ਫਾਈਨਾਂਸ ਇੰਕਲੂਜ਼ਨ ਕੰਪਨੀ, ਮੋਰਿੰਡਾ ਬ੍ਰਾਂਚ ਵਿੱਚ ਕੰਮ ਕਰਦੇ ਸੰਦੀਪ ਸਿੰਘ ਰਾਏਕਾ ਨਾਲ ਵਾਪਰੀ, ਜੋ ਰਾਜਸਥਾਨ ਦਾ ਨਿਵਾਸੀ ਹੈ ਤੇ ਮੋਰਿੰਡਾ ਵਿੱਚ ਰਹਿ ਰਿਹਾ ਸੀ। ਸੰਦੀਪ ਫੀਲਡ ਵਿੱਚ ਲੋਨ ਦੀਆਂ ਕਿਸ਼ਤਾਂ ਇਕੱਠੀਆਂ ਕਰ ਰਿਹਾ ਸੀ ਅਤੇ ਵਾਪਸ ਮੋਰਿੰਡਾ ਬ੍ਰਾਂਚ ਜਾ ਰਿਹਾ ਸੀ, ਜਦ ਉਹ ਡੀ.ਕੇ ਹੋਟਲ ਦੇ ਨੇੜੇ ਪਹੁੰਚਿਆ, ਤਦ ਹੀ ਬਿਨਾਂ ਨੰਬਰੀ ਮੋਟਰਸਾਈਕਲ ‘ਤੇ ਸਵਾਰ ਚਾਰ ਨੌਜਵਾਨਾਂ ਨੇ ਉਸਦਾ ਪਿੱਠੂ ਬੈਗ ਖੋਹ ਲਿਆ, ਜਦਕਿ ਪੰਜਵਾਂ ਨੌਜਵਾਨ ਰੈਕੀ ਕਰ ਰਿਹਾ ਸੀ।
ਲੁਟੇਰੇ ਗਿਰਫ਼ਤਾਰ, ਸਾਮਾਨ ਹੋਇਆ ਬਰਾਮਦ
ਬੱਸੀ ਪਠਾਣਾ ਦੇ ਡੀਐਸਪੀ ਰਾਜਕੁਮਾਰ ਸ਼ਰਮਾ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਦੋਸ਼ੀਆਂ ਵਿੱਚ ਸ਼ਾਮਲ ਹਨ:
- ਵਿਜੈ
- ਮਨਿੰਦਰ ਸਿੰਘ
- ਸ਼ਰਨਜੀਤ ਸਿੰਘ
- ਹਰਦੀਪ ਸਿੰਘ
- ਰਜਨੀਸ਼ ਕੁਮਾਰ
ਇਹ ਸਾਰੇ ਨੌਜਵਾਨ ਬੱਸੀ ਪਠਾਣਾ ਦੇ ਰਹਿਣ ਵਾਲੇ ਹਨ। ਪੁਲਿਸ ਨੇ ਇਨ੍ਹਾਂ ਕੋਲੋਂ:
- ਵਾਰਦਾਤ ‘ਚ ਵਰਤੀ ਗਈ ਕਾਲੀ ਹੀਰੋ ਸਪਲੈਂਡਰ ਬਿਨਾਂ ਨੰਬਰ ਪਲੇਟ ਮੋਟਰਸਾਈਕਲ
- ਇੱਕ ਤੇਜ਼ਧਾਰ ਲੋਹੇ ਦੀ ਦਾਤ
- ₹25,000 ਨਕਦ ਰਕਮ
- ਟੈਬ, ਬਾਇਓਮੈਟਰਿਕ ਮਸ਼ੀਨ
- ਪਿੱਠੂ ਬੈਗ
ਬਰਾਮਦ ਕਰ ਲਿਆ ਹੈ।
ਕੋਠੇ ਤੋਂ ਛਾਲਾ ਮਾਰ ਕੇ ਭੱਜਣ ਲੱਗੇ, ਜਖਮੀ ਹੋਏ
ਦੋਸ਼ੀਆਂ ਨੂੰ ਜਦ ਵਾਰਦਾਤੀ ਸਾਮਾਨ ਦੀ ਬਰਾਮਦਗੀ ਲਈ ਲਿਜਾਇਆ ਜਾ ਰਿਹਾ ਸੀ, ਤਦ ਉਨ੍ਹਾਂ ਵਿਚੋਂ ਕੁਝ ਕੋਠੇ ਤੋਂ ਛਾਲਾ ਮਾਰ ਕੇ ਭੱਜਣ ਦੀ ਕੋਸ਼ਿਸ਼ ਦੌਰਾਨ ਗੰਭੀਰ ਜਖਮੀ ਹੋ ਗਏ, ਜਿਨ੍ਹਾਂ ਦਾ ਹਸਪਤਾਲ ਵਿੱਚ ਇਲਾਜ ਚਲ ਰਿਹਾ ਹੈ। ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ 1 ਦਿਨ ਦਾ ਪੁਲਿਸ ਰਿਮਾਂਡ ਮਿਲਿਆ, ਜਿਸ ਦੌਰਾਨ ਇਹ ਸਾਰਾ ਖੁਲਾਸਾ ਹੋਇਆ।