ਮੋਗਾ ‘ਚ ਅਣ-ਪਛਾਤਿਆਂ ਨੇ ਨੌਜਵਾਨ ਨੂੰ ਮਾਰੀ ਗੋਲੀ, ਹੋਈ ਮੌਤ, ਜਾਂਚ ‘ਚ ਜੁਟੀ ਪੁਲਿਸ
Firing in Moga; ਬੀਤੀ ਦੇਰ ਰਾਤ ਮੋਗਾ ਸ਼ਹਿਰ ਵਿਚ ਗੋਲੀ ਚੱਲਣ ਦੀ ਵੱਡੀ ਘਟਨਾ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਬਲਦੇਵ ਦੇ ਢਾਬੇ ਦੇ ਬਾਹਰ ਕੁਝ ਅਣ-ਪਛਾਤੇ ਲੋਕਾਂ ਵਲੋਂ ਇਕ ਨੌਜਵਾਨ ’ਤੇ ਗੋਲੀਬਾਰੀ ਕੀਤੀ ਗਈ। ਗੋਲੀ ਲੱਗਣ ਨਾਲ ਨੌਜਵਾਨ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਿਸ ਦੀ ਉਮਰ 30-35 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ।
ਹਾਈਵੇ ਪੁਲਿਸ ਨੇ ਤੁਰੰਤ ਨੌਜਵਾਨ ਨੂੰ ਸਿਵਲ ਹਸਪਤਾਲ ਮੋਗਾ ਪਹੁੰਚਾਇਆ, ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਮ੍ਰਿਤਕ ਕਰਿਆਨੇ ਦੀ ਦੁਕਾਨ ’ਤੇ ਕੰਮ ਕਰਦਾ ਸੀ ਅਤੇ ਮੋਗਾ ਦੀ ਹਰੀਜਨ ਕਲੋਨੀ ਵਿਚ ਰਹਿੰਦਾ ਸੀ।
ਗੋਲੀ ਚਲਾਉਣ ਤੋਂ ਬਾਅਦ ਅਣ-ਪਛਾਤੇ ਹਮਲਾਵਰ ਮੌਕੇ ’ਤੋਂ ਫਰਾਰ ਹੋ ਗਏ। ਪੁਲਿਸ ਨੇ ਇਸ ਸੰਬੰਧੀ ਜਾਂਚ ਸ਼ੁਰੂ ਕਰ ਦਿੱਤੀ ਹੈ, ਪਰ ਹਾਲੇ ਇਸ ਮਾਮਲੇ ਵਿਚ ਕੋਈ ਅਧਿਕਾਰਤ ਬਿਆਨ ਸਾਹਮਣੇ ਨਹੀਂ ਆਇਆ ਹੈ।
ਇਸ ਸਬੰਧੀ ਡੀਐਸਪੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਲਗਭਗ 11 ਵਜੇ ਸ਼ਸ਼ੀ ਨਾਮ ਦਾ ਇੱਕ ਨੌਜਵਾਨ ਆਪਣੇ ਦੋ ਦੋਸਤਾਂ ਨਾਲ ਢਾਬੇ ‘ਤੇ ਰੋਟੀ ਖਾਣ ਆਇਆ ਅਤੇ ਜਦੋਂ ਸ਼ਸ਼ੀ ਢਾਬੇ ਦੇ ਨਾਲ ਲੱਗਦੀ ਸ਼ਰਾਬ ਦੀ ਦੁਕਾਨ ਤੋਂ ਬੀਅਰ ਲੈਣ ਗਿਆ ਤਾਂ ਉੱਥੇ ਪਹਿਲਾਂ ਹੀ ਚਾਰ ਪੰਜ ਲੋਕ ਲੜ ਰਹੇ ਸਨ। ਉਨ੍ਹਾਂ ਨੇ ਪਹਿਲਾਂ ਸ਼ਸ਼ੀ ਨੂੰ ਥੱਪੜ ਮਾਰਿਆ ਅਤੇ ਫਿਰ ਇੱਕ ਨੌਜਵਾਨ ਨੇ ਆਪਣੀ ਪਿਸਤੌਲ ਕੱਢ ਕੇ ਸ਼ਸ਼ੀ ਨੂੰ ਗੋਲੀ ਮਾਰ ਦਿੱਤੀ ਜਿਸ ਤੋਂ ਬਾਅਦ ਸ਼ਸ਼ੀ ਨੂੰ ਸਰਕਾਰੀ ਹਸਪਤਾਲ ਲਿਜਾਇਆ ਗਿਆ ਜਿੱਥੇ ਇਲਾਜ ਦੌਰਾਨ ਉਸਦੀ ਮੌਤ ਹੋ ਗਈ। ਪੁਲਿਸ ਨੇ ਅਣਪਛਾਤੇ ਲੋਕਾਂ ਵਿਰੁੱਧ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।